ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਚੱਲ ਰਿਹਾ ਕਲੇਸ਼ ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ’ਤੇ ਖੁਸ਼ ਨਹੀਂ ਹਨ। ਇਸ ਗੱਲ ਨੂੰ ਲੈ ਕੇ ਜਿਥੇ ਅੱਜ ਸੋਨੀਆ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਤਲਬ ਕੀਤਾ ਹੈ, ਉਥੇ ਹੀ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਸ਼ੁੱਕਰਵਾਰ ਨੂੰ ਇਕ ਟਵੀਟ ਕੀਤਾ, ਜਿਸ ਰਾਹੀਂ ਉਸ ਇਸ ਲੜਾਈ ਵਿਚ ਕੁੱਦ ਪਏ। ਸ਼ੁੱਕਰਵਾਰ ਸਵੇਰੇ ਉਨ੍ਹਾਂ ਟਵੀਟ ਕਰਕੇ ਪੰਜਾਬ ਵਿਚ ਸਿੱਖ ਹਿੰਦੂ ਅਬਾਦੀ ਦੇ ਅੰਕੜੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਬਰਾਬਰੀ ਹੀ ਸਮਾਜਕ ਨਿਆਂ ਦੀ ਬੁਨਿਆਦ ਹੈ। ਸਿੱਧੇ ਤੌਰ ’ਤੇ ਨਵਜੋਤ ਸਿੱਧੂ ’ਤੇ ਨਿਸ਼ਾਨਾ ਸਾਧਦੇ ਹੋਏ ਤਿਵਾੜੀ ਨੇ ਕਿਹਾ ਕਿ ਸਿੱਖ ਚਿਹਰੇ ਦੇ ਤੌਰ ’ਤੇ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਹਨ ਅਤੇ ਜੇ ਸਿੱਧੂ ਪ੍ਰਧਾਨ ਬਣੇ ਤਾਂ ਸੰਗਠਨ ਮੁਖੀ ਵੀ ਸਿੱਖ ਚਿਹਰਾ ਹੋਵੇਗਾ। ਅਜਿਹੇ ਵਿਚ ਸਪਸ਼ਟ ਹੈ ਕਿ ਤਿਵਾੜੀ ਵੀ ਸੀਐਮ ਵਾਂਗ ਸਿਆਸੀ ਸਮੀਕਰਣ ਤੋਂ ਖੁਸ਼ ਨਹੀਂ ਹਨ।
ਤਿਵਾੜੀ ਨੇ ਟਵੀਟ ਕਰ ਕੇ ਕਿਹਾ ਕਿ ਪੰਜਾਬ ਵਿਚ 57.75 ਫੀਸਦ ਸਿੱਖ ਅਬਾਦੀ ਹੈ ਤੇ ਹਿੰਦੂ 38.49 ਫੀਸਦ ਹਨ। ਪੰਜਾਬ ਵਿਚ ਦਲਿਤ ਭਾਈਚਾਰਾ 31.94 ਫੀਸਦ (ਸਿੱਖ ਅਤੇ ਹਿੰਦੂ) ਅਬਾਦੀ ਹੈ। ਉਨ੍ਹਾਂ ਟਵੀਟ ਵਿਚ ਲਿਖਿਆ ਕਿ ਹਿੰਦੂ ਅਤੇ ਸਿੱਖਾਂ ਵਿਚ ਨਹੁੰ ਮਾਸ ਦਾ ਰਿਸ਼ਤਾ ਹੈ ਪਰ ਪੰਜਾਬ ਵਿਚ ਬਰਾਬਰੀ ਸਮਾਜਿਕ ਨਿਆਂ ਦੀ ਬੁਨਿਆਦ ਹੈ। ਜ਼ਾਹਰ ਹੈ ਕਿ ਤਿਵਾੜੀ ਸਿੱਖ ਚਿਹਰੇ ਨੂੰ ਬਤੌਰ ਕਾਂਗਰਸ ਪਾਰਟੀ ਦੇ ਪ੍ਰਧਾਨ ਵਜੋਂ ਨਕਾਰ ਰਹੇ ਹਨ। ਉਨ੍ਹਾਂ ਦਾ ਸਿੱਧਾ ਇਸ਼ਾਰਾ ਹਿੰਦੂ ਜਾਂ ਦਲਿਤ ਚਿਹਰੇ ਵੱਲ ਹੈ, ਜਿਸ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਥਾਪਿਆ ਜਾਵੇ।