ਲੋਕ ਸਭਾ ਚੋਣਾਂ ਲਈ ਮੰਗਲਵਾਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਰਿਕਾਰਡ ਤੀਜੀ ਵਾਰ ਵੱਡੇ ਫਤਵੇ ਨਾਲ ਸੱਤਾ ਵਿਚ ਵਾਪਸੀ ’ਤੇ ਨਜ਼ਰਾਂ ਟਿਕਾਈ ਬੈਠੇ ਹਨ, ਉਥੇ ਕਾਂਗਰਸ ਸਣੇ ਵਿਰੋਧੀ ਧਿਰਾਂ ਦੀ ਸ਼ਮੂਲੀਅਤ ਵਾਲਾ ਇੰਡੀਆ ਗੱਠਜੋੜ ਭਲਕੇ ਕਿਸੇ ਵੱਡੇ ਉਲਟ ਫੇਰ ਦੀ ਆਸ ਵਿਚ ਹੈ। ਚੋਣ ਨਤੀਜਿਆਂ ਦੇ ਐਲਾਨ ਨਾਲ ਪਿਛਲੇ 80 ਦਿਨਾਂ ਤੋਂ ਜਾਰੀ ਮੈਰਾਥਨ ਚੋਣ ਅਮਲ ਵੀ ਮੁੱਕ ਜਾਵੇਗਾ। ਬਹੁਤੇ ਚੋਣ ਮਾਹਿਰ ਭਾਵੇਂ ਇਨ੍ਹਾਂ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਦਾ ਹੱਥ ਉੱਤੇ ਮੰਨਦੇ ਹਨ, ਪਰ ਇਥੇ ਸੱਤਾਧਾਰੀ ਧਿਰ ਦਾ ਵੱਕਾਰ ਵੀ ਦਾਅ ’ਤੇ ਹੈ ਕਿ ਉਸ ਨੂੰ 2019 ਦੇ ਮੁਕਾਬਲੇ ਵੱਧ ਸੀਟਾਂ ਮਿਲਦੀਆਂ ਹਨ ਜਾਂ ਫਿਰ ਗਿਣਤੀ ਘਟਦੀ ਹੈ। ਕੌਮੀ ਪੱਧਰ ’ਤੇ ਅਸਰ ਰਸੂਖ਼ ਘਟਣ ਕਰਕੇ ਕਾਂਗਰਸ ਸਣੇ ਹੋਰ ਵਿਰੋਧੀ ਧਿਰਾਂ ਦਾ ਵੱਕਾਰ ਵੀ ਦਾਅ ’ਤੇ ਹੈ। ਲੋਕ ਸਭਾ ਚੋਣਾਂ ਲਈ ਮੰਗਲਵਾਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਰਿਕਾਰਡ ਤੀਜੀ ਵਾਰ ਵੱਡੇ ਫਤਵੇ ਨਾਲ ਸੱਤਾ ਵਿਚ ਵਾਪਸੀ ’ਤੇ ਨਜ਼ਰਾਂ ਟਿਕਾਈ ਬੈਠੇ ਹਨ, ਉਥੇ ਕਾਂਗਰਸ ਸਣੇ ਵਿਰੋਧੀ ਧਿਰਾਂ ਦੀ ਸ਼ਮੂਲੀਅਤ ਵਾਲਾ ਇੰਡੀਆ ਗੱਠਜੋੜ ਭਲਕੇ ਕਿਸੇ ਵੱਡੇ ਉਲਟ ਫੇਰ ਦੀ ਆਸ ਵਿਚ ਹੈ। ਚੋਣ ਨਤੀਜਿਆਂ ਦੇ ਐਲਾਨ ਨਾਲ ਪਿਛਲੇ 80 ਦਿਨਾਂ ਤੋਂ ਜਾਰੀ ਮੈਰਾਥਨ ਚੋਣ ਅਮਲ ਵੀ ਮੁੱਕ ਜਾਵੇਗਾ। ਬਹੁਤੇ ਚੋਣ ਮਾਹਿਰ ਭਾਵੇਂ ਇਨ੍ਹਾਂ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਦਾ ਹੱਥ ਉੱਤੇ ਮੰਨਦੇ ਹਨ, ਪਰ ਇਥੇ ਸੱਤਾਧਾਰੀ ਧਿਰ ਦਾ ਵੱਕਾਰ ਵੀ ਦਾਅ ’ਤੇ ਹੈ ਕਿ ਉਸ ਨੂੰ 2019 ਦੇ ਮੁਕਾਬਲੇ ਵੱਧ ਸੀਟਾਂ ਮਿਲਦੀਆਂ ਹਨ ਜਾਂ ਫਿਰ ਗਿਣਤੀ ਘਟਦੀ ਹੈ। ਕੌਮੀ ਪੱਧਰ ’ਤੇ ਅਸਰ ਰਸੂਖ਼ ਘਟਣ ਕਰਕੇ ਕਾਂਗਰਸ ਸਣੇ ਹੋਰ ਵਿਰੋਧੀ ਧਿਰਾਂ ਦਾ ਵੱਕਾਰ ਵੀ ਦਾਅ ’ਤੇ ਹੈ।
ਲੋਕ ਸਭਾ ਚੋਣਾਂ ਲਈ ਪੰਜਾਬ ਵਿਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਮੰਗਲਵਾਰ 4 ਜੂਨ ਨੂੰ ਹੋਵੇਗੀ ਜਿਸ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਸਵੇਰ ਅੱਠ ਵਜੇ ਵੋਟਾਂ ਦੀ ਗਿਣਤੀ ਦਾ ਅਮਲ ਸ਼ੁਰੂ ਹੋਵੇਗਾ। ਪੰਜਾਬ ਦੀਆਂ 13 ਸੀਟਾਂ ’ਤੇ 328 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਤਿੰਨ ਪਰਤੀ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ 64 ਕਾਊਂਟਿੰਗ ਅਬਜ਼ਰਵਰਾਂ ਦੀ ਨਿਗਰਾਨੀ ਹੇਠ ਹੋਵੇਗੀ। ਵੋਟਾਂ ਦੀ ਗਿਣਤੀ ਤੋਂ ਐਨ ਪਹਿਲਾਂ ਉਮੀਦਵਾਰਾਂ ਦੀ ਧੜਕਣ ਮੁੜ ਤੇਜ਼ ਹੋ ਗਈ ਹੈ। ਦੋ ਦਿਨਾਂ ਦੀ ਗਿਣਤੀ-ਮਿਣਤੀ ਮਗਰੋਂ ਉਮੀਦਵਾਰਾਂ ਦੀਆਂ ਨਜ਼ਰਾਂ ਹੁਣ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ’ਤੇ ਲੱਗ ਗਈਆਂ ਹਨ। ਐਤਕੀਂ ਚੋਣ ਕਮਿਸ਼ਨ ਨੇ ਪੰਜਾਬ ਵਿਚ ਵੋਟਿੰਗ 70 ਫ਼ੀਸਦੀ ਤੋਂ ਪਾਰ ਦਾ ਟੀਚਾ ਮਿੱਥਿਆ ਸੀ ਪ੍ਰੰਤੂ ਪੋਲਿੰਗ ਦਰ 62.80 ਫ਼ੀਸਦੀ ਰਹੀ ਜਦੋਂ ਕਿ 2019 ਦੀਆਂ ਚੋਣਾਂ ਵਿਚ ਇਹ ਦਰ 67.6 ਫ਼ੀਸਦੀ ਰਹੀ ਸੀ। ਪੰਜਾਬ ਦੇ ਕੁੱਲ 2.14 ਕਰੋੜ ਵੋਟਰਾਂ ’ਚੋਂ 1.34 ਕਰੋੜ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ ਹੈ। ਪੋਲਿੰਗ ਦੇ ਰੁਝਾਨ ਅਤੇ ਬਹੁਕੋਣੇ ਮੁਕਾਬਲੇ ਹੋਣ ਕਰਕੇ ਹਾਰ-ਜਿੱਤ ਦਾ ਫ਼ਰਕ ਬਹੁਤਾ ਵੱਡਾ ਨਹੀਂ ਰਹੇਗਾ।
ਕਈ ਉਮੀਦਵਾਰਾਂ ਨੇ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਲੱਡੂਆਂ ਦਾ ਪ੍ਰਬੰਧ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਨ੍ਹਾਂ ਸੀਟਾਂ ਤੋਂ ਮੌਜੂਦਾ ਵਿਧਾਇਕ ਜਾਂ ਮੰਤਰੀ ਚੋਣ ਲੜ ਰਹੇ ਹਨ, ਉਨ੍ਹਾਂ ਦੇ ਜਿੱਤਣ ਦੀ ਸੂਰਤ ਵਿਚ ਜ਼ਿਮਨੀ ਚੋਣਾਂ ਦਾ ਮੁੱਢ ਵੀ ਬੱਝ ਜਾਵੇਗਾ। ਚੋਣ ਨਤੀਜਿਆਂ ਦੌਰਾਨ ਪੰਜਾਬ ਦੀ ਵੱਕਾਰੀ ਸੀਟ ਬਠਿੰਡਾ, ਸੰਗਰੂਰ, ਖਡੂਰ ਸਾਹਿਬ ਅਤੇ ਲੁਧਿਆਣਾ ’ਤੇ ਸਮੁੱਚੇ ਲੋਕਾਂ ਦੀ ਨਜ਼ਰ ਰਹੇਗੀ। ਪਟਿਆਲਾ ਹਲਕੇ ਤੋਂ ਚਾਰ ਵਾਰ ਸੰਸਦ ਮੈਂਬਰ ਰਹੀ ਪ੍ਰਨੀਤ ਕੌਰ ਚੋਣ ਮੈਦਾਨ ਵਿਚ ਹਨ ਜਦਕਿ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਅਤੇ ਲੁਧਿਆਣਾ ਤੋਂ ਰਵਨੀਤ ਬਿੱਟੂ ਤਿੰਨ-ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਚੋਣ ਨਤੀਜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਹਰਸਿਮਰਤ ਕੌਰ ਬਾਦਲ, ਪ੍ਰਨੀਤ ਕੌਰ, ਗੁਰਮੀਤ ਸਿੰਘ ਖੁੱਡੀਆਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਰਵਨੀਤ ਬਿੱਟੂ, ਸੁਖਜਿੰਦਰ ਸਿੰਘ ਰੰਧਾਵਾ, ਸਿਮਰਨਜੀਤ ਸਿੰਘ ਮਾਨ, ਸੁਖਪਾਲ ਸਿੰਘ ਖਹਿਰਾ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਤੋਂ ਇਲਾਵਾ ਦੋ ਸਾਬਕਾ ਆਈਏਐੱਸ ਅਧਿਕਾਰੀਆਂ ਤਰਨਜੀਤ ਸਿੰਘ ਸੰਧੂ ਤੇ ਪਰਮਪਾਲ ਕੌਰ ਸਿੱਧੂ ਆਦਿ ਦਾ ਭਵਿੱਖ ਵੀ ਤੈਅ ਕਰਨਗੇ।
ਇਸ ਦੇ ਨਾਲ ਪੰਜ ਕੈਬਨਿਟ ਮੰਤਰੀਆਂ, ਸੱਤ ਵਿਧਾਇਕਾਂ, ਅੱਠ ਮੌਜੂਦਾ ਸੰਸਦ ਮੈਂਬਰਾਂ ਅਤੇ 21 ਸਾਬਕਾ ਵਿਧਾਇਕਾਂ/ਸਾਬਕਾ ਵਜ਼ੀਰਾਂ ਤੇ ਸਾਬਕਾ ਸੰਸਦ ਮੈਂਬਰਾਂ ਦੀ ਕਿਸਮਤ ਵੀ ਤੈਅ ਹੋਵੇਗੀ। ਪਹਿਲੀ ਦਫ਼ਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਵੱਖ ਹੋ ਕੇ ਚੋਣ ਲੜੀ ਹੈ। ਉਧਰ ਕੌਮੀ ਪੱਧਰ ’ਤੇ ‘ਇੰਡੀਆ’ ਗੱਠਜੋੜ ਬਣਨ ਦੇ ਬਾਵਜੂਦ ਕਾਂਗਰਸ ਅਤੇ ‘ਆਪ’ ਨੇ ਸੂਬੇ ਵਿੱਚ ਵੱਖੋ-ਵੱਖਰੇ ਹੋ ਕੇ ਚੋਣ ਲੜੀ ਹੈ। ਕਿਸਾਨ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਭਾਜਪਾ ਇਨ੍ਹਾਂ ਚੋਣਾਂ ਵਿਚ ਆਪਣੇ ਵੋਟ ਬੈਂਕ ਵਿਚ ਕਿੰਨਾ ਕੁ ਇਜ਼ਾਫਾ ਕਰਦੀ ਹੈ, ਇਸ ਦੇ ਪੱਤੇ ਗਿਣਤੀ ਮਗਰੋਂ ਹੀ ਖੁੱਲ੍ਹਣਗੇ। ਚੋਣ ਨਤੀਜੇ ਹੁਕਮਰਾਨ ਧਿਰ ‘ਆਪ’ ਦੀ ਦੋ ਵਰ੍ਹਿਆਂ ਦੀ ਕਾਰਗੁਜ਼ਾਰੀ ਵੀ ਤੈਅ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਉੱਭਰਵਾਂ ਚੋਣ ਪ੍ਰਚਾਰ ਕੀਤਾ ਸੀ ਅਤੇ ਚੋਣ ਨਤੀਜੇ ਉਨ੍ਹਾਂ ਦੀ ਅਗਵਾਈ ਦੀ ਵੀ ਪੜਚੋਲ ਕਰਨਗੇ।
ਸ਼੍ਰੋਮਣੀ ਅਕਾਲੀ ਦਲ ਪਿਛਲੀਆਂ ਅਸੈਂਬਲੀ ਚੋਣਾਂ ਵਿਚ ਤਿੰਨ ਸੀਟਾਂ ’ਤੇ ਸਿਮਟ ਗਿਆ ਸੀ, ਉਸ ਦੇ ਭਵਿੱਖ ’ਤੇ ਵੀ ਚੋਣ ਨਤੀਜੇ ਮੋਹਰ ਲਾਉਣਗੇ। ਭਲਕੇ ਪ੍ਰਮੁੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਨੇ ਸੁਵਖ਼ਤੇ ਧਾਰਮਿਕ ਅਸਥਾਨਾਂ ’ਤੇ ਜਾਣ ਦਾ ਪ੍ਰੋਗਰਾਮ ਬਣਾਇਆ ਹੈ ਅਤੇ ਗੁਰੂ ਦੀ ਓਟ ਲੈਣ ਮਗਰੋਂ ਉਮੀਦਵਾਰ ਗਿਣਤੀ ਕੇਂਦਰਾਂ ਵਿਚ ਪੁੱਜਣਗੇ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਅੱਜ ਵੇਰਵੇ ਸਾਂਝੇ ਕੀਤੇ ਕਿ ਗਿਣਤੀ ਕੇਂਦਰਾਂ ਵਿਖੇ ਸਟਰੌਂਗ ਰੂਮ ਵਿੱਚ ਰੱਖੀਆਂ ਗਈਆਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਦੀ ਸੁਰੱਖਿਆ ਨੂੰ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ। ਸਟਰੌਂਗ ਰੂਮਾਂ ’ਚ ਦੋਹਰੇ ਲਾਕ ਸਿਸਟਮ ਅਤੇ ਸੀਸੀਟੀਵੀ ਨਿਗਰਾਨੀ ਜ਼ਰੀਏ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸਿਆਸੀ ਪਾਰਟੀਆਂ ਦੇ ਨੁਮਾਇੰਦੇ ਅਤੇ ਅਧਿਕਾਰਤ ਕਰਮਚਾਰੀ ਹਰੇਕ ਸਟਰੌਂਗ ਰੂਮ ਦੇ ਬਾਹਰ ਲਗਾਈਆਂ ਗਈਆਂ ਐੱਲਈਡੀ ਸਕਰੀਨਾਂ ਰਾਹੀਂ ਸੁਰੱਖਿਆ ਦੀ ਨਿਗਰਾਨੀ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਸਟਰੌਂਗ ਰੂਮ ਵਾਲੀਆਂ ਇਮਾਰਤਾਂ ਵਿਚ ਆਉਣ ਵਾਲੇ ਹਰੇਕ ਵਿਅਕਤੀ ਦਾ ਰਿਕਾਰਡ ਰੱਖਣ ਲਈ ਆਨ-ਡਿਊਟੀ ਕਰਮਚਾਰੀਆਂ ਵੱਲੋਂ ਇੱਕ ਵਿਜ਼ਿਟਰ ਰਜਿਸਟਰ ਲਗਾਇਆ ਗਿਆ ਹੈ। ਸਿਬਿਨ ਸੀ ਨੇ ਦੱਸਿਆ ਕਿ ਇਨ੍ਹਾਂ ਕੇਂਦਰਾਂ ਦੇ ਆਲੇ-ਦੁਆਲੇ ਤਿੰਨ-ਪਰਤੀ ਸੁਰੱਖਿਆ ਪ੍ਰਣਾਲੀ ਕਾਇਮ ਕੀਤੀ ਗਈ ਹੈ। ਗਿਣਤੀ ਕੇਂਦਰਾਂ ਤੱਕ ਸਿਰਫ਼ ਮਾਨਤਾ ਪ੍ਰਾਪਤ ਜਾਂ ਅਧਿਕਾਰਤ ਵਿਅਕਤੀਆਂ ਨੂੰ ਹੀ ਅੰਦਰ ਦਾਖ਼ਲ ਹੋਣ ਦੀ ਆਗਿਆ ਹੈ। ਚੋਣ ਪ੍ਰਕਿਰਿਆ ਦੀ ਮਰਿਆਦਾ ਬਣਾਏ ਰੱਖਣ ਲਈ ਕਿਸੇ ਵੀ ਐਮਰਜੈਂਸੀ ਜਾਂ ਘਟਨਾ ਨਾਲ ਤੁਰੰਤ ਨਜਿੱਠਣ ਲਈ ਕੁਇਕ ਰਿਸਪਾਂਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਪੰਜਾਬ ਵਿੱਚ 27 ਵੱਖ-ਵੱਖ ਥਾਵਾਂ ’ਤੇ 48 ਇਮਾਰਤਾਂ ਵਿੱਚ ਕੁੱਲ 117 ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਥਾਵਾਂ ਜ਼ਿਲ੍ਹਾ ਹੈੱਡਕੁਆਰਟਰ ਉੱਤੇ ਸਥਿਤ ਹਨ ਜਦੋਂ ਕਿ 7 ਥਾਵਾਂ ਜ਼ਿਲ੍ਹਾ ਹੈੱਡਕੁਆਰਟਰ ਤੋਂ ਬਾਹਰ ਅਰਥਾਤ ਅਜਨਾਲਾ, ਬਾਬਾ ਬਕਾਲਾ, ਅਬੋਹਰ, ਮਲੋਟ, ਧੂਰੀ, ਛੋਕਰਾਂ (ਰਾਹੋਂ-ਨਵਾਂ ਸ਼ਹਿਰ) ਅਤੇ ਖੂਨੀ ਮਾਜਰਾ (ਖਰੜ) ਵਿੱਚ ਸਥਿਤ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਸੰਗਰੂਰ ਅਤੇ ਨਵਾਂ ਸ਼ਹਿਰ ਵਿਖੇ ਗਿਣਤੀ ਨਹੀਂ ਕਰਵਾਈ ਜਾਵੇਗੀ।