ਚੇਨਈ ਰਾਜਸਥਾਨ ਨੂੰ ਹਰਾ ਕੇ ਪਲੇਆਫ ਦੀਆਂ ਉਮੀਦਾਂ ਨੂੰ ਮਜ਼ਬੂਤ ਕਰਨ ਦੀ ਕਰੇਗੀ ਕੋਸ਼ਿਸ਼

ਚੇਨਈ ਸੁਪਰ ਕਿੰਗਜ਼ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਪਲੇਆਫ ’ਚ ਪਹੁੰਚਣ ਦੀਆਂ ਉਮੀਦਾਂ ਨੂੰ ਮਜ਼ਬੂਤ ਕਰਨ ਲਈ ਐਤਵਾਰ ਨੂੰ ਰਾਜਸਥਾਨ ਰਾਇਲਜ਼ ਵਿਰੁਧ ਹੋਣ ਵਾਲੇ ਮੈਚ ’ਚ ਹਰ ਕੀਮਤ ’ਤੇ ਜਿੱਤ ਦਰਜ ਕਰਨੀ ਹੋਵੇਗੀ। ਸੁਪਰ ਕਿੰਗਜ਼ ਇਸ ਸਮੇਂ 12 ਮੈਚਾਂ ’ਚ 12 ਅੰਕਾਂ ਨਾਲ ਅੰਕ ਸੂਚੀ ’ਚ ਚੌਥੇ ਸਥਾਨ ’ਤੇ ਹੈ ਪਰ ਸ਼ੁਕਰਵਾਰ ਨੂੰ ਗੁਜਰਾਤ ਟਾਈਟਨਸ ਵਿਰੁਧ ਮਿਲੀ ਹਾਰ ਨੇ ਉਸ ’ਤੇ ਵਾਧੂ ਦਬਾਅ ਪਾ ਦਿਤਾ ਹੈ ਅਤੇ ਉਸ ਨੂੰ ਹੁਣ ਬਾਕੀ ਦੋ ਮੈਚ ਹਰ ਹਾਲ ’ਚ ਜਿੱਤਣ ਦੀ ਜ਼ਰੂਰਤ ਹੈ। ਦੂਜੇ ਪਾਸੇ ਰਾਇਲਜ਼ 16 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ ਪਰ ਸਨਰਾਈਜ਼ਰਜ਼ ਹੈਦਰਾਬਾਦ ਅਤੇ ਦਿੱਲੀ ਕੈਪੀਟਲਜ਼ ਵਿਰੁਧ ਅਪਣੇ ਪਿਛਲੇ ਦੋ ਮੈਚ ਹਾਰਨ ਨਾਲ ਉਸ ਦਾ ਹੌਸਲਾ ਟੁੱਟ ਗਿਆ ਹੈ। ਰਾਇਲਜ਼ ’ਤੇ ਪਲੇਆਫ ਤੋਂ ਬਾਹਰ ਹੋਣ ਦਾ ਖਤਰਾ ਨਹੀਂ ਹੈ ਪਰ ਸੰਜੂ ਸੈਮਸਨ ਦੀ ਅਗਵਾਈ ਵਾਲੀ ਟੀਮ ਨਾਕਆਊਟ ਪੜਾਅ ਤੋਂ ਪਹਿਲਾਂ ਜਿੱਤ ਦੀ ਰਾਹ ’ਤੇ ਵਾਪਸੀ ਕਰਨ ਲਈ ਬੇਤਾਬ ਹੋਵੇਗੀ।

ਗੁਜਰਾਤ ਟਾਈਟਨਜ਼ ਵਿਰੁਧ ਸੁਪਰ ਕਿੰਗਜ਼ ਨੂੰ ਸੱਭ ਤੋਂ ਵੱਡੀ ਨਿਰਾਸ਼ਾ ਚੋਟੀ ਦੇ ਕ੍ਰਮ ਦੇ ਬੱਲੇਬਾਜ਼ ਅਜਿੰਕਿਆ ਰਹਾਣੇ, ਰਚਿਨ ਰਵਿੰਦਰਾ ਅਤੇ ਕਪਤਾਨ ਰੁਤੁਰਾਜ ਗਾਇਕਵਾੜ ਤੋਂ ਮਿਲੀ। ਤਿੰਨੋਂ ਬੱਲੇਬਾਜ਼ ਰਾਇਲਜ਼ ਵਿਰੁਧ ਇਸ ਦੀ ਭਰਪਾਈ ਕਰਨਾ ਚਾਹੁਣਗੇ। ਡੈਰਿਲ ਮਿਸ਼ੇਲ ਅਤੇ ਮੋਇਨ ਅਲੀ ਦਾ ਚੰਗਾ ਪ੍ਰਦਰਸ਼ਨ ਇਸ ਮੈਚ ਵਿਚ ਸੁਪਰ ਕਿੰਗਜ਼ ਲਈ ਸਕਾਰਾਤਮਕ ਪਹਿਲੂ ਸੀ। ਟੀਮ ਨੂੰ ਸ਼ਿਵਮ ਦੂਬੇ ਤੋਂ ਵੀ ਵੱਡੇ ਸਕੋਰ ਦੀ ਉਮੀਦ ਹੋਵੇਗੀ। ਭਾਰਤ ਦੀ ਵਿਸ਼ਵ ਕੱਪ ਟੀਮ ’ਚ ਚੁਣਿਆ ਗਿਆ ਇਹ ਆਲਰਾਊਂਡਰ ਗੁਜਰਾਤ ਵਿਰੁਧ 13 ਗੇਂਦਾਂ ’ਤੇ ਸਿਰਫ 21 ਦੌੜਾਂ ਹੀ ਬਣਾ ਸਕਿਆ। ਚੇਨਈ ਸੁਪਰ ਕਿੰਗਜ਼ ਦੀ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਤੁਸ਼ਾਰ ਦੇਸ਼ਪਾਂਡੇ ਨੇ ਪਿਛਲੇ ਮੈਚ ’ਚ ਚੰਗਾ ਪ੍ਰਦਰਸ਼ਨ ਕੀਤਾ ਸੀ ਜਦਕਿ ਸ਼ਾਰਦੁਲ ਠਾਕੁਰ ਨੇ ਆਰਥਕ ਗੇਂਦਬਾਜ਼ੀ ਕੀਤੀ ਸੀ ਪਰ ਉਸ ਦੇ ਹੋਰ ਗੇਂਦਬਾਜ਼ਾਂ ਨੂੰ ਅਪਣੇ ਪ੍ਰਦਰਸ਼ਨ ’ਚ ਸੁਧਾਰ ਕਰਨਾ ਹੋਵੇਗਾ। ਇਹ ਮੈਚ ਦਿਨ ਦੇ ਸਮੇਂ ਹੋਵੇਗਾ ਅਤੇ ਸੁਪਰ ਕਿੰਗਜ਼ ਨੂੰ ਅਪਣੇ ਘਰੇਲੂ ਮੈਦਾਨ ’ਤੇ ਫਾਇਦਾ ਹੋਵੇਗਾ।

ਜਿੱਥੋਂ ਤਕ ਰਾਇਲਜ਼ ਦਾ ਸਵਾਲ ਹੈ, ਟੀਮ ਜਿੱਤ ਦੇ ਰਾਹ ’ਤੇ ਵਾਪਸੀ ਕਰਨ ਲਈ ਕੋਈ ਕਸਰ ਨਹੀਂ ਛੱਡੇਗੀ। ਉਸ ਦੀ ਚਿੰਤਾ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਦੀ ਘਾਟ ਹੈ। ਸਲਾਮੀ ਬੱਲੇਬਾਜ਼ ਵਿਸ਼ਵ ਕੱਪ ਤੋਂ ਪਹਿਲਾਂ ਅਪਣੀ ਬਿਹਤਰੀਨ ਫਾਰਮ ਵਿਚ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗਾ। ਕਪਤਾਨ ਸੰਜੂ ਸੈਮਸਨ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਉਨ੍ਹਾਂ ਨੂੰ ਰਿਆਨ ਪਰਾਗ, ਸ਼ੁਭਮ ਦੂਬੇ ਅਤੇ ਰੋਵਮੈਨ ਪਾਵੇਲ ਵਰਗੇ ਖਿਡਾਰੀਆਂ ਦੇ ਚੰਗੇ ਸਮਰਥਨ ਦੀ ਜ਼ਰੂਰਤ ਹੈ। ਤਜਰਬੇਕਾਰ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਦਿੱਲੀ ਕੈਪੀਟਲਜ਼ ਵਿਰੁਧ ਪਿਛਲੇ ਮੈਚ ’ਚ ਤਿੰਨ ਵਿਕਟਾਂ ਲਈਆਂ ਸਨ ਅਤੇ ਉਹ ਅਪਣਾ ਪ੍ਰਦਰਸ਼ਨ ਜਾਰੀ ਰੱਖਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦੇ ਨਾਲ ਯੁਜਵੇਂਦਰ ਚਾਹਲ ਦੀ ਮੌਜੂਦਗੀ ਨਾਲ ਰਾਜਸਥਾਨ ਦਾ ਹਮਲਾ ਮਜ਼ਬੂਤ ਹੋ ਜਾਂਦਾ ਹੈ। ਤੇਜ਼ ਗੇਂਦਬਾਜ਼ੀ ਵਿਭਾਗ ’ਚ ਆਵੇਸ਼ ਖਾਨ ਹਾਲਾਂਕਿ ਪਿਛਲੇ ਮੈਚ ’ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਹੀਂ ਕਰ ਸਕੇ ਸਨ, ਜਿਸ ਦੀ ਭਰਪਾਈ ਉਹ ਇਸ ਮੈਚ ’ਚ ਕਰਨਾ ਚਾਹੁੰਦੇ ਹਨ।

ਚੇਨਈ ਸੁਪਰ ਕਿੰਗਜ਼ : ਰੁਤੁਰਾਜ ਗਾਇਕਵਾੜ (ਕਪਤਾਨ), ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਅਰਵੇਲੀ, ਅਵਨੀਸ਼, ਅਜਿੰਕਿਆ ਰਹਾਣੇ, ਸ਼ੇਖ ਰਸ਼ੀਦ, ਮੋਇਨ ਅਲੀ, ਸ਼ਿਵਮ ਦੂਬੇ, ਆਰਐਸ ਹੈਂਗਰਗੇਕਰ, ਰਵਿੰਦਰ ਜਡੇਜਾ, ਅਜੇ ਜਾਧਵ ਮੰਡਲ, ਡੈਰਿਲ ਮਿਸ਼ੇਲ, ਰਚਿਨ, ਰਵਿੰਦਰ ਮਿਸ਼ੇਲ ਸੈਂਟਨਰ, ਨਿਸ਼ਾਂਤ ਸਿੰਧੂ, ਦੀਪਕ ਚਾਹਰ, ਤੁਸ਼ਾਰ ਦੇਸ਼ਪਾਂਡੇ, ਮੁਕੇਸ਼ ਚੌਧਰੀ, ਸਿਮਰਜੀਤ ਸਿੰਘ, ਪ੍ਰਸ਼ਾਂਤ ਸੋਲੰਕੀ, ਸ਼ਾਰਦੁਲ ਠਾਕੁਰ, ਮਹੇਸ਼ ਥੀਕਸ਼ਾਨਾ, ਸਮੀਰ ਰਿਜ਼ਵੀ। ਰਾਜਸਥਾਨ ਰਾਇਲਜ਼: ਸੰਜੂ ਸੈਮਸਨ (ਕਪਤਾਨ ਅਤੇ ਵਿਕਟਕੀਪਰ), ਜੋਸ ਬਟਲਰ (ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਯਸ਼ਸਵੀ ਜੈਸਵਾਲ, ਧਰੁਵ ਜੁਰੇਲ, ਰਿਆਨ ਪਰਾਗ, ਡੋਨੋਵਾਨ ਫਰੇਰਾ, ਕੁਨਾਲ ਰਾਠੌਰ, ਰਵੀਚੰਦਰਨ ਅਸ਼ਵਿਨ, ਕੁਲਦੀਪ ਸੇਨ, ਨਵਦੀਪ ਸੈਣੀ, ਸੰਦੀਪ ਸ਼ਰਮਾ, ਟ੍ਰੈਂਟ ਬੋਲਟ, ਯੁਜਵੇਂਦਰ ਚਾਹਲ, ਆਵੇਸ਼ ਖਾਨ, ਰੋਵਮੈਨ ਪਾਵੇਲ, ਸ਼ੁਭਮ ਦੂਬੇ, ਟੌਮ ਕੋਹਲਰ-ਕੈਡਮੋਰ, ਆਬਿਦ ਮੁਸ਼ਤਾਕ, ਨੰਦਰੇ ਬਰਜਰ, ਤਨੁਸ਼ ਕੋਟੀਆਂ, ਕੇਸ਼ਵ ਮਹਾਰਾਜ।

ਸਾਂਝਾ ਕਰੋ

ਪੜ੍ਹੋ

ਹੁਣ ਪੀ.ਐਫ ਅਕਾਂਉਟ ‘ਚੋਂ ਕਢਵਾ ਸਕਦੇ ਹੋ

ਨਵੀਂ ਦਿੱਲੀ, 22 ਸਤੰਬਰ – ਕਰਮਚਾਰੀ ਭਵਿੱਖ ਨਿਧੀ ਸੰਗਠਨ ਆਪਣੇ...