ਕਵਿਤਾ/ਜਦ ਉਹ ਪਿਆਰ ਕਰਦਾ ਹੈ/ਯਸ਼ ਪਾਲ

ਇੱਕ ਆਮ ਆਦਮੀ
ਜਦ ਹੁੰਦਾ ਹੈ
ਕਿਸੇ ਦੇ ਪ੍ਰੇਮ ‘ਚ ਲੀਨ

ਉਹ ਪ੍ਰੇਮ ਕਰਦਾ ਹੈ
ਉਸਦੀ ਹਰ ਅਦਾ ਨਾਲ
ਉਸਦੇ ਬੋਲ, ਉਸਦੇ ਹਾਸੇ
ਉਸਦੀ ਚੁੱਪ, ਗਮੀ-ਖੁਸ਼ੀ
ਪ੍ਰੇਮ ਕਰਨ ਲੱਗ ਜਾਂਦਾ ਹੈ
ਹਰ ਉਸ ਕਾਸੇ ਨਾਲ
ਜਿਸ ਨਾਲ ਜ਼ਰਾ ਵੀ ਹੋਵੇ
ਲਗਾਉ ਉਸਨੂੰ

ਪਰ ਇੰਨ੍ਹੀਂ ਦਿਨੀਂ
ਅਜਿਹਾ ਕੀ ਹੋ ਗਿਆ ਹੈ
ਜਦ ਕੋਈ ਕਰ ਰਿਹਾ ਹੁੰਦੈ
ਇਹ ਦਾਅਵਾ ਕਿ ਉਹ
ਕਿਸੇ ਨੂੰ ਪ੍ਰੇਮ ਕਰਦਾ ਹੈ
ਤਾਂ ਉਹੀ ਆਮ ਆਦਮੀ
ਇਸ ਗੱਲੋਂ ਡਰਦਾ ਹੈ
ਕਿ ਜਦ ਵੀ ਕੋਈ
ਪ੍ਰੇਮ ਦਾ ਦਾਅਵਾ ਕਰਦਾ ਹੈ
ਤਾਂ ਹੱਤਿਆ ਹੋ ਜਾਂਦੀ ਹੈ
ਕਿਸੇ ਨਾ ਕਿਸੇ ਦੀ

ਉਹ ਦੇਖਦਾ ਹੈ ਕਿ
ਜਿਸਨੇ ਕਿਹਾ
ਨਾਰੀ ਨਾਲ ਪ੍ਰੇਮ ਹੈ
ਉਹ ਮਾਰ ਦਿੱਤੀ ਗਈ

ਕਿਹਾ
ਬੇਟੀਆਂ ਬਚਾਓ
ਉਹ ਵੱਧ ਸ਼ਿਕਾਰ ਹੋਈਆਂ
ਬਲਾਤਕਾਰ ਦੀਆਂ

ਕਿਹਾ
ਨਦੀਆਂ ਸਾਫ਼ ਹੋਣ
ਉਹ ਪਲੀਤ ਹੋ ਗਈਆਂ
ਪਹਿਲਾਂ ਨਾਲੋਂ ਵੀ ਵਧੇਰੇ

ਕਿਹਾ
ਰੁੱਖ ਬਚਾਓ
ਜੰਗਲ ਸੌਂਪ ਦਿੱਤੇ ਗਏ
ਲੱਕੜਹਾਰਿਆਂ ਨੂੰ

ਕਿਹਾ
ਕੁਦਰਤ ਨਾਲ ਪ੍ਰੇਮ ਹੈ
ਉਸ ਨਾਲ ਕੀਤਾ ਖਿਲਵਾੜ
ਹੋਰ ਵੀ ਵਧੇਰੇ

ਤੇ ਉਹ ਖੁਦ
ਕੀ ਕਰਦਾ ਰਿਹਾ
ਮਿਲਕੇ ਕਾਤਲਾਂ ਨਾਲ
ਹਸਦਾ ਰਿਹਾ

ਹੁਣ ਜਦ ਕੁੱਝ ਲੋਕ
ਕਹਿ ਰਹੇ ਨੇ
ਚੀਕ ਚੀਕ ਕੇ
ਕਿ ਉਹ ਪ੍ਰੇਮ ਕਰਦੇ ਨੇ
ਇਸ ਦੇਸ਼ ਨੂੰ
ਤਾਂ ਉਹ ਆਮ ਆਦਮੀ
ਫਿਰ ਡਰਦਾ ਹੈ
ਇਹ ਸੋਚ ਕੇ ਕਿ
ਇਸ ਪ੍ਰੇਮ ਦੀ ਆੜ ‘ਚ
ਹੁਣ ਉਹ ਕੀ ਕੀ ਕਰਨਗੇ
ਇਸ ਦੇਸ਼ ਨਾਲ

ਕਿਸਨੂੰ ਵੇਚਣਗੇ ਇਹ ਦੇਸ਼
ਕਿਸਦੇ ਖ਼ਿਲਾਫ਼
ਨਫ਼ਰਤ ਫੈਲਾਉਣਗੇ
ਕਿਸਦੀ
ਹੱਤਿਆ ਕਰਵਾਉਣਗੇ?

ਇੱਕ ਆਮ ਆਦਮੀ
ਜਦ ਵੀ ਚਾਹੁੰਦਾ ਹੈ
ਕਿਸੇ ਨੂੰ
ਬਹੁਤ ਯਤਨ ਕਰਕੇ ਵੀ
ਨਹੀਂ ਦੱਸ ਪਾਉਂਦਾ ਉਸਨੂੰ
ਕਿ ਉਹ ਉਸ ਨੂੰ
ਪਿਆਰ ਕਰਦਾ ਹੈ

ਅੱਜ ਉਹ ਡਰਦਾ ਹੈ
ਹਰ ਉਸ ਆਦਮੀ ਤੋਂ
ਜੋ ਕਹਿੰਦਾ ਫਿਰਦਾ ਹੈ
ਚੀਕ ਚੀਕ ਕੇ ਸੜਕ ‘ਤੇ
ਕਿ ਉਹ
ਦੇਸ਼ ਨੂੰ ਪਿਆਰ ਕਰਦਾ ਹੈ

ਮੂਲ ਲੇਖਿਕਾ:
ਆਦਿਵਾਸੀ ਕਵਿਤਰੀ:
ਜਸਿੰਤਾ ਕੇਰਕੇਟਾ

ਹਿੰਦੀ ਤੇ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(11-02-2024)

(ਪੁਸਤਕ ‘ਈਸ਼ਵਰ ਅਤੇ ਬਾਜ਼ਾਰ’ ਵਿੱਚੋਂ)

ਸਾਂਝਾ ਕਰੋ

ਪੜ੍ਹੋ

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ/ਡਾ. ਨਿਵੇਦਿਤਾ ਸਿੰਘ

ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੀ ਸਥਾਪਨਾ ਦੀ 63ਵੀਂ ਵਰ੍ਹੇਗੰਢ ਮਨਾ ਰਹੀ...