
ਆਓ ਇੱਕ ਵਾਰ ਫਿਰ
ਲੋਹੜੀ ਬਾਲ਼ੀਏ
ਤੇ ਵਿਰਸੇ ‘ਚ ਜਗਦੀਆਂ
ਨਾਬਰੀ ਦੀਆਂ ਰਵਾਇਤਾਂ ਪਾਲ਼ੀਏ
ਸਦੀਆਂ ਗੁਜ਼ਰੀਆਂ
ਸੱਤਾ ਤੋਂ ਨਾਬਰੀ ਦੀ ਇਹ ਰੀਤ
ਇਉਂ ਹੀ ਹੈ ਚਲਦੀ ਆਈ
ਤੇ ਦੁੱਲਿਆਂ ਦੀ ਅਗਲੀ ਪੀੜ੍ਹੀ
ਹਰ ਵਾਰ ਇਤਿਹਾਸ ਵਿੱਚ
ਆਪਣੀ ਥਾਂ ਮੱਲਦੀ ਆਈ
ਅਕਬਰਾਂ ਦੇ ਵਾਰਿਸ
ਤੇ ਦੁੱਲਿਆਂ ਦੇ ਜਾਏ
ਹਰ ਵਾਰ ਇਤਿਹਾਸ ਅੰਦਰ
ਮੁੜ ਮੁੜ ਟਕਰਾਏ
ਕੀ ਨੇ ਅਰਥ ਕਿ ਕੌਣ ਇਥੇ ਜੰਮੇ
ਤੇ ਕੌਣ ਪਰਦੇਸੋਂ ਆਏ
ਅਰਥ ਇਹੋ ਸੱਚੇ
ਕਿ ਕੌਣ ਕੀਹਦੇ ਨਾਲ
ਵਫ਼ਾ ਨਿਭਾਏ
ਕਿ ਕੀਹਨੇ ਕੀਹਦੇ ਲਈ
ਰਾਹ ਬਣਾਏ
ਹੁਣ ਤੱਕ
ਲੋਹੜੀ ਦੀ ਅਗਨ ਦਾ ਬਲਣਾ
ਹੈ ਲੋਕਾਂ ਸੰਗ ਪੁੱਗਣ ਦੀ
ਰੀਤ ਦਾ ਅੱਗੇ ਚਲਣਾ
ਇਹਨਾਂ ਜਿਉਂਦੀਆਂ ਰਵਾਇਤਾਂ ‘ਚ ਹੀ
ਸਾਡੀਆਂ ਵਿਰਾਸਤਾਂ ਦੀ ਸ਼ਾਨ ਹੈ
ਲੋਕਤਾ ਦੀ ਸਾਂਝੀ ਜ਼ਿੰਦਗੀ ਦੀ ਜਾਨ ਹੈ
ਇਹ ਜੋ ਲੋਹੜੀ ਦੀ ਅਗਨ ਦਾ ਸੇਕ ਹੈ
ਇਹੀ ਕਿਰਤਾਂ ਦੀ ਨਾਬਰੀ ਦੀ ਹੇਕ ਹੈ
ਇਹੀ ਹੇਕ
ਦੁੱਲਿਆਂ ਦੀਆਂ ਰਵਾਇਤਾਂ ‘ਚ ਜਿਉਂਦੀ ਹੈ
ਸਦੀਆਂ ਤੋਂ ਸਾਨੂੰ
ਤਖਤਾਂ ਮੂਹਰੇ ਅੜਨ ਦੀ
ਪਹੁਲ ਪਿਆਉਂਦੀ ਹੈ
ਇਹ ਵੀ ਹੈ ਲੋਹੜੀ ਦੀ ਰੀਤ
ਕਿ ਸਦਾ ਤੋਂ ਹੀ ਨਾਬਰੀ
ਕਿਰਤਾਂ ਦੀ ਅਗਨ ਤੋਂ
ਈਸਰਾਂ ਦਾ ਵਰ ਮੰਗਦੀ
ਤੇ ਇਉਂ ਹੀ ਸਦਾ ਜ਼ਿੰਦਗੀ
ਬੇ-ਉਮੀਦੀ ਦੀਆਂ ਡੂੰਗੀਆਂ ਖੱਡਾਂ ਤੋਂ
ਪਾਰ ਲੰਘਦੀ
ਆਓ ਇਹਨਾਂ ਰਵਾਇਤਾਂ ਸੰਗ ਰਹੀਏ
ਨਾਬਰੀ ਦੀ ਸੁੱਚੀ ਧਾਰਾ ਸੰਗ ਵਹੀਏ
ਲੋਹੜੀ ਮੁਬਾਰਕ ਕਹੀਏ