ਪੰਜਾਬੀ ਸਾਹਿਤ ਜਗਤ ਦੀ ਮਹਿਕ ਸ਼ਾਇਰਾ ਦਿਓਲ ਪਰਮਜੀਤ

ਫਾਈਲ ਫੋਟੋ : ਸ਼ਮਿੰਦਰ ਭਗਤ,ਅਮਰੀਕਾ

ਮਹਿਕ ਪੰਜਾਬ ਦੀ ( مہک پنجاب دی۔ )

ਚਰਚਿਤ ਪੰਜਾਬੀ ਪੁਸਤਕ ‘ ਕੁੰਜਾਂ ਦੇ ਰੂਬਰੂ ‘ ਦੀ ਰਚੇਤਾ ਪੰਜਾਬ ਤੋਂ ਕਨੇਡਾ ਦੀ ਵਸਨੀਕ ਹੈ। ਆਪਜੀ ਅਸੀਸ ਮੰਚ, ਟਰਾਂਟੋ ਕਨੇਡਾ ਦੇ ਸਰਗਰਮ ਮੈਂਬਰ ਹਨ। ਉਹਨਾ ਦੀਆਂ ਰਚਨਾਵਾਂ ਪੰਜਾਬੀ ਅਖ਼ਬਾਰਾਂ ਅਤੇ ਮੈਗਜ਼ੀਨਾਂ ਤੇ ਛਪਦੀਆਂ ਰਹਿੰਦੀਆਂ ਹਨ। ਉਹ ਪੰਜਾਬੀ ਭਾਸ਼ਾ ਦੇ ਮਕਬੂਲ ਐਂਕਰ ਹਨ ਜੋ ਦਰਸ਼ਕ ਬਹੁਤ ਪਸੰਦ ਕਰਦੇ ਹਨ। ਉਹਨਾਂ ਦੀ ਕਾਵਿ ਪੁਸਤਕ ‘ ਕੂੰਜਾਂ ਦੇ ਰੂਬਰੂ ‘ ਪਾਠਕ ਵਰਗ ਪਸੰਦ ਕਰ ਰਿਹਾ ਹੈ। ਉਹ ਹਮੇਸ਼ਾ ਨਾਰੀਵਾਦ, ਮਨੁੱਖੀ ਰਿਸ਼ਤੇ ਅਤੇ ਸਮਾਜਿਕ ਰਚਨਾਵਾਂ ‘ਤੇ ਹੀ ਲਿਖਦੇ ਹਨ ਜੋ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਸਮਰਪਿਤ ਹੁੰਦੀਆਂ ਹਨ। ਉਹ ਮਿਹਨਤੀ ਅਤੇ ਮਿਲਣਸਾਰ ਇਨਸਾਨ ਹਨ। ਪੰਜਾਬੀ ਸਾਹਿਤ ਜਗਤ ਨੂੰ ਆਪਜੀ ਤੇ ਬਹੁਤ ਮਾਣ ਹੈ। ਪਰਮਜੀਤ ਨੂੰ ਕਈ ਸਾਹਿਤਕ ਸਭਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਅਤੇ ਪੰਜਾਬੀ ਮਾਂ ਬੋਲੀ ਦੀ ਅੰਤਰ ਰਾਸ਼ਟਰੀ ਪੱਧਰ ‘ਤੇ ਨਿਰੰਤਰ ਸੇਵਾ ਕਰ ਰਹੇ ਹਨ।)

1.
ਰਸਤਾ ਬੜਾ ਹੀ ਕਠਨ ਹੈ ਕੂੰਜਾਂ ਦੇ ਰੂਬਰੂ
ਹੋਣਾ ਪਵੇਗਾ ਕਿੰਨਿਆਂ ਦੇਸਾਂ ਦੇ ਰੂਬਰੂ
ਪਰਤੇ ਚਿਰਾਂ ਦੇ ਬਾਦ ਉਹ ਪਰਦੇਸ ‘ਚੋਂ ਜਦੋਂ
ਰੋਏ ਸੀ ਜ਼ਾਰ ਜ਼ਾਰ ਹੋ ਕੰਧਾਂ ਦੇ ਰੂਬਰੂ
ਜ਼ਖਮੀਂ ਪਰਾਂ ਦੇ ਨਾਲ ਜੋ ਪਹਿਲਾਂ ਹੀ ਉਡ ਰਹੀ
ਹੁਣ ਫਿਰ ਕਟਾਰ ਹੈ ਉਦ੍ਹੇ ਖੰਭਾਂ ਦੇ ਰੂਬਰੂ
ਸੂਲ਼ਾਂ ਦੇ ਨਾਲ਼ ਖਹਿ ਕੇ ਉਹ ਸਪਣੀ ਸੀ ਮਰ ਗਈ
ਹੋਈ ਨਾ ਫੇਰ ਬੇਵਫਾ ਸੱਪਾਂ ਦੇ ਰੂਬਰੂ
ਰੁੱਖਾਂ ਬਨੇਰਿਆਂ ਦੇ ਜ਼ਮਾਨੇ ਚਲੇ ਗਏ
ਤਾਰਾਂ ਤੇ ਖੰਭੇ ਰਹਿ ਗਏ ਕਾਂਵਾ ਦੇ ਰੂਬਰੂ
ਵੱਸਦੇ ਘਰਾਂ ਨੂੰ ਦੇਖ ਕੇ ,ਖ਼ਾਨਾਬਦੋਸ਼ ਉਹ
ਆਹ ਭਰ ਕੇ ਫੇਰ ਹੋ ਗਈ ਰਾਹਾਂ ਦੇ ਰੂਬਰੂ
ਧੁੱਪਾਂ ਹੀ ਭੇਸ ਬਦਲ ਕੇ ਵਿਛੀਆਂ ਨੇ ਰਾਹ ‘ਚ ਹੁਣ
ਹੋਣਾ ਕੀ ਇਸ ਤਰ੍ਹਾਂ ਦੀਆ ਛਾਂਵਾ ਦੇ ਰੂਬਰੂ
2.
ਸਮਾਧੀ
ਸਮਾਧੀ ਦੀ ਮੁਦਰਾ ‘ਚ ਬੈਠਾ
ਉਹ ਕੋਈ
ਯੁੱਗ ਰਿਸ਼ੀ ਜਾਪਿਆ
ਜਿਵੇਂ ਉਹ
ਚੁੱਪ ਸ਼ਬਦ ਨੂੰ ਕੀਲ ਰਿਹਾ ਹੋਵੇ
ਹੁਣੇ ਹੁਣੇ ਉਹ
ਚੁੱਪ ਸ਼ਬਦਾਂ ਨੂੰ ਧੂਣੀ ‘ਤੇ ਰੱਖੇਗਾ
ਅਤੇ ਉਨ੍ਹਾਂ ਦੀ ਰਾਖ਼
ਮੱਥੇ ‘ਚ ਟਿਕਾ ਲਵੇਗਾ
ਹੁਣੇ ਹੁਣੇ ਉਹ
ਕੀਲੇ ਹੋਏ ਸ਼ਬਦਾਂ ਨੂੰ
ਮੇਰੀ ਚੁੰਨੀ ਲੜ੍ਹ ਬੰਨ ਦੇਵੇਗਾ
ਸਮਾਧੀ
ਕੋਰੇ ਵਰਕਿਆਂ ‘ਤੇ
ਚੁੱਪ ਸ਼ਬਦ ਉੱਕਰ ਦੇਂਦੀ ਏ
ਸਹਿਯੋਗੀ : ਅਮਰੀਕ ਤਲਵੰਡੀ, ਬਾਬਾ ਨਜਮੀ, ਡਾ.ਦਰਸ਼ਨ ਆਸ਼ਟ, ਡਾ.ਗੁਰਚਰਨ ਕੋਚਰ, ਅਸ਼ੋਕ ਭੌਰਾ ਅਮਰੀਕਾ
ਫਾਈਲ ਫੋਟੋ : ਸ਼ਮਿੰਦਰ ਭਗਤ,ਅਮਰੀਕਾ

ਸਾਂਝਾ ਕਰੋ

ਪੜ੍ਹੋ

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ/ਡਾ. ਨਿਵੇਦਿਤਾ ਸਿੰਘ

ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੀ ਸਥਾਪਨਾ ਦੀ 63ਵੀਂ ਵਰ੍ਹੇਗੰਢ ਮਨਾ ਰਹੀ...