ਬਦਲੇ ਬੱਸ ਕੈਲੰਡਰ
ਨਾ ਕੁੱਝ ਹੋਰ ਬਦਲਿਆ ।
ਨਾ ਬਦਲੇ ਨੇ ਸਾਧ ਤੇ
ਨਾ ਹੀ ਚੋਰ ਬਦਲਿਆ l
ਅੱਜ ਪੜੑੀ ਅਖ਼ਬਾਰ
ਤੇ ਉਹ ਹੀ ਮਸਲੇ ਨੇ ।
ਚੀਜ਼ਾਂ ਵਿੱਚ ਮਿਲਾਵਟ ,
ਵੱਡੇ ਘਪਲੇ ਨੇ ।
ਗੀਤਾਂ ਦੇ ਵਿੱਚ
ਸਾਜ਼ਾਂ ਦੀ ਥਾਂ ਅਸਲੇ ਨੇ !
ਦੁੱਖੀ ਸ਼ਾਇਰਾ ਦੇ
ਉਹ ਹੀ ਮਕਤੇ – ਮਤਲੇ ਨੇ !
ਸਮੈਕਾਂ, ਚਿੱਟੇ ਵਾਲਾ
ਨਾ ਅਜੇ , ਦੌਰ ਬਦਲਿਆ….
ਬਦਲੇ ਬੱਸ ਕੈਲੰਡਰ
ਨਾ ਕੁੱਝ ਹੋਰ ਬਦਲਿਆ ।
ਕੁਰਸੀ ਖਾਤਿਰ ਲੀਡਰ
ਕੁੱਝ ਵੀ ਕਰਦੇ ਨੇ ।
ਮਜ਼੍ਹਬਾਂ ਕੌਮਾਂ ਵਿੱਚ
ਨਫ਼ਰਤ ਵੀ ਭਰਦੇ ਨੇ ।
ਬੈਠ ਤਮਾਸ਼ਾ ਦੇਖਣ
ਜਦ ਲੋਕੀ ਲੜਦੇ ਨੇ ।
ਦੰਗਿਆਂ ਦੇ ਵਿੱਚ
ਸਾਡੇ ਆਪਣੇ ਸੜਦੇ ਨੇ ।
ਫਿਰਕੂ ਸੋਚ ਸਿਆਸਤ ਦਾ
ਨਾ ਦੌਰ ਬਦਲਿਆ
ਬਦਲੇ ਬਸ ਕੈਲੰਡਰ
ਨਾ ਕੁੱਝ ਹੋਰ ਬਦਲਿਆ
ਸੈਰ ਲਈ ਨਿਕਲਿਆ ਸੀ
ਜਦੋਂ ਅੱਜ ਉੱਠ ਸਵੇਰੇ ।
ਫੁੱਟ ਪਾਥ ਤੇ ਠਰੀਆਂ ਜ਼ਿੰਦਾਂ
ਬਿਨਾ ਰੈਨ ਬਸੇਰੇ ।
ਪਸ਼ੂ ਆਵਾਰਾ ਘੁੰਮਦੇ
ਕਈ , ਕੁੱਤਿਆਂ ਨੇ ਘੇਰੇ ।
ਸਾਇਕਲ ਤੇ ਜਾਂਦੀਆਂ
ਕੁੜੀਆਂ ਦੇ ਸਹਿਮੇ ਹੋਏ ਚੇਹਰੇ !
ਗੁੰਡਾਗਰਦੀ ਵਾਲਾ ਨਾ
ਅਜੇ ਦੌਰ ਬਦਲਿਆ ।
ਬਦਲੇ ਬੱਸ ਕਲੈਡਰ
ਨਾ ਕੁੱਝ ਹੋਰ ਬਦਲਿਆ ..
ਬੜਾ ਸ਼ੋਰ ਸੀ ਰਾਤੀਂ
ਕਈਆਂ ਭੰਗੜਾ ਪਾਇਆ ।
ਪੈਗ ਪਟਿਆਲਾ ਲਾ
ਕਈਆਂ ਨਵਾਂ ਸਾਲ ਚੜੑਾਇਆ ।
ਕਿੱਧਰੇ ਹੋਈ ਦੁਰਘਟਨਾ
ਕੋਈ ਘਰ ਵਾਪਿਸ ਨਾ ਆਇਆ ।
ਕਈਆਂ ਕੱਟੇ ਕੇਕ
ਤੇ ਕਈਆਂ ਸੋਗ ਮਨਾਇਆ ।
ਖੁਸ਼ੀਆਂ ਗਮੀਆਂ ਵਾਲਾ ਨਾ ਇਹ ਦੌਰ ਬਦਲਿਆ………
ਬਦਲੇ ਬੱਸ ਕੈਲੰਡਰ ਨਾ ਕੁੱਝ ਹੋਰ ਬਦਲਿਆ …..
ਚੋਰ ਦਾਤਰ ਚਾਕੂ ਲੈ
ਵਾਲੀਆਂ ਲੁੱਟਦੇ ਨੇ
ਰਾਤੀਂ ਘਰਾਂ ਦੇ ਬਾਹਰੋਂ
ਕਾਰਾਂ ਚੁੱਕਦੇ ਨੇ ।
ਬੈਠੇ ਦਫ਼ਤਰ ਅਫ਼ਸਰ ਤੋਂ
ਸਾਰੇ ਡਰਦੇ ਨੇ
ਪਾ ਨਾ ਦੇਵੇ ਕੋਈ ਪੰਗਾ
ਯੈਸ ਸਰ ਕਰਦੇ ਨੇ
ਰਿਸ਼ਵਤਖੋਰੀ ਵਾਲਾ ਨਾ
ਅਜੇ ਦੌਰ ਬਦਲਿਆ ..
ਬਦਲੇ ਬਸ ..
ਜ਼ਹਿਰਾਂ ਘੁਲਿਆ ਪਾਣੀ,
ਦਮ ਸ਼ਹਿਰਾਂ ਚ ਘੁੱਟਦੇ ।
ਵੱਟਸਅਪ ਦੇ ਰਿਸ਼ਤੇ
ਫੇਸਬੁਕਾ ਤੇ ਟੁੱਟਦੇ !!
ਇੱਜ਼ਤਾਂ ਦੇ ਰਾਖ਼ੇ ,
ਆਪੇ ਹੀ ਇੱਜ਼ਤਾਂ ਲੁੱਟਦੇ ।
ਪੁੱਤ ਨਸ਼ੇੜੀ ਮਾਪਿਆਂ ਨੂੰ
ਪੈਸੇ ਲਈ ਕੁੱਟਦੇ !
ਠੱਗੀਆਂ ਵਾਲਾ ਧਨੀਪਿੰਡਵੀ
ਨਾ ਦੌਰ ਬਦਲਿਆ !
ਬਦਲੇ ਬੱਸ ਕਲੈਡਰ
ਨਾ ਕੁੱਝ ਹੋਰ ਬਦਲਿਆ ।