ਵਕਤ ਦਾ ਇਹ ਕਾਫ਼ਲਾ ਰੁਕਣਾ ਨਹੀਂ
ਸਫ਼ਰ ਤਾਂ ਤੁਰਨੋਂ ਬਿਨਾਂ ਮੁਕਣਾ ਨਹੀਂ
ਸਫ਼ਰ ਦੇ ਪੈਰਾਂ ‘ਚ ਝਾਂਜਰ ਹੱਸਦੀ
ਵਕਤ ਦੀ ਰਫ਼ਤਾਰ ਛਣ ਛਣ ਦੱਸਦੀ
ਸਾਡਿਆਂ ਸਾਹਾਂ ਦੀ ਸਰਗਮ ਸੁਣ ਲਵੋ
ਇਕ ਨਵਾਂ ਸੁਪਨਾ ਸੁਨਹਿਰੀ ਬੁਣ ਲਵੋ
ਸੁਪਨਿਆਂ ਦੀ ਤੰਦ ਨੇ ਟੁੱਟਣਾ ਨਹੀਂ
ਵਕਤ ਦਾ ਇਹ ਕਾਫ਼ਲਾ ਰੁਕਣਾ ਨਹੀਂ
ਵੇਖ! ਪੈਰੋ ਪੈਰ ਨੇ ਦੁਸ਼ਵਾਰੀਆਂ
ਹਰ ਘੜੀ ਹਰ ਪਲ ਨੇ ਮਾਰੋ ਮਾਰੀਆਂ
ਵਗਦੀਆਂ ਪੌਣਾਂ ਦੀ ਆਖੇ ਤਾਜ਼ਗੀ
ਲੈ ਲਵੋ ਪਾਣੀ ਤੋਂ ਸੁੱਚੀ ਸਾਦਗੀ
ਸਾਦਗੀ ਦੇ ਸੱਚ ਨੇ ਝੁਕਣਾ ਨਹੀਂਂ
ਵਕਤ ਦਾ ਇਹ ਕਾਫ਼ਲਾ ਰੁਕਣਾ ਨਹੀਂ
ਬੋਲ ਸਾਡੇ ਨੇ ਹੁੰਗਾਰਾ ਮੰਗਦੇ
ਪਿਆਰ ਭਰਿਆ ਇਕ ਇਸ਼ਾਰਾ ਮੰਗਦੇ
ਮੰਗਦੇ ਲਹਿਰਾਂ ਦਾ ਇਹ ਸੰਗੀਤ ਨੇ
ਸਾਡੀਆਂ ਰੂਹਾਂ ‘ਚ ਹੱਸਦੇ ਗੀਤ ਨੇ
ਆਪਾਂ ਖਿੜ ਖਿੜ ਹੱਸਣਾ-ਰੁੱਸਣਾ ਨਹੀਂ
ਵਕਤ ਦਾ ਇਹ ਕਾਫ਼ਲਾ ਰੁਕਣਾ ਨਹੀਂ
ਸਾਲ ਬਣ ਬਣ ਦਿਨ ਸਦਾ ਹੀ ਆਣਗੇ
ਦਿਨ ਹਮੇਸ਼ਾ ਸਾਲ ਬਣ ਬਣ ਜਾਣਗੇ
ਜ਼ਿੰਦਗੀ ਇਕ ਤੋਰ ਤੁਰਦੀ ਜਾਏਗੀ
ਜਿਸ ਤਰ੍ਹਾਂ ਮੋੜਾਂਗੇ, ਮੁੜਦੀ ਜਾਏਗੀ
ਵਕਤ ਨੇ ਜਦ ਬਦਲਣੈ, ਪੁੱਛਣਾ ਨਹੀਂ
ਵਕਤ ਦਾ ਇਹ ਕਾਫ਼ਲਾ ਰੁਕਣਾ ਨਹੀਂ
ਸਫ਼ਰ ਤਾਂ ਤੁਰਨੋਂ ਬਿਨਾਂ ਮੁਕਣਾ ਨਹੀਂ