ਪਤੰਜਲੀ ਨੂੰ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਤੋਂ ਬਾਜ਼ ਆਉਣ ਲਈ ਸਖਤ ਚਿਤਾਵਨੀ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬਾਬਾ ਰਾਮਦੇਵ ਦੀ ਪਤੰਜਲੀ ਆਯੁਰਵੇਦ ਦੇ ਵਿਗਿਆਪਨਾਂ ਨੂੰ ਲੈ ਕੇ ਮੰਗਲਵਾਰ ਸਖਤ ਟਿੱਪਣੀਆਂ ਕੀਤੀਆਂ ਤੇ ਭਾਰੀ ਜੁਰਮਾਨਾ ਠੋਕਣ ਦੀ ਚਿਤਾਵਨੀ ਦਿੱਤੀ। ਆਧੁਨਿਕ ਚਕਿਤਸਾ ਪ੍ਰਣਾਲੀਆਂ ਖਿਲਾਫ ਗੁੰਮਰਾਹਕੁੰਨ ਪ੍ਰਚਾਰ ਕਰਨ ਵਿਰੁੱਧ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪਟੀਸ਼ਨ ’ਤੇ ਜਸਟਿਸ ਅਹਿਸਾਨੂਦੀਨ ਅਮਾਨੂਲ੍ਹਾ ਤੇ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਬੈਂਚ ਨੇ ਕੰਪਨੀ ਨੂੰ ਗਲਤ ਦਾਅਵੇ ਕਰਨ ਤੇ ਗੁੰਮਰਾਹਕੁੰਨ ਵਿਗਿਆਪਨ ਦੇਣ ਤੋਂ ਬਚਣ ਦੀ ਨਸੀਹਤ ਦਿੱਤੀ।
ਜਸਟਿਸ ਅਮਾਨੂਲ੍ਹਾ ਨੇ ਕਿਹਾਪਤੰਜਲੀ ਆਯੁਰਵੇਦ ਨੂੰ ਸਾਰੇ ਝੂਠੇ ਤੇ ਗੁੰਮਰਾਹਕੁੰਨ ਦਾਅਵਿਆਂ ਵਾਲੇ ਵਿਗਿਆਪਨਾਂ ਨੂੰ ਤੁਰੰਤ ਬੰਦ ਕਰਨਾ ਹੋਵੇਗਾ। ਉਲੰਘਣਾ ਕਰਨ ’ਤੇ ਹਰੇਕ ਝੂਠੇ ਦਾਅਵੇ ’ਤੇ ਕੋਰਟ ਇਕ ਕਰੋੜ ਰੁਪਏ ਤੱਕ ਜੁਰਮਾਨਾ ਲਾ ਸਕਦੀ ਹੈ।
ਬੈਂਚ ਨੇ ਕਿਹਾ ਕਿ ਪਤੰਜਲੀ ਭਵਿੱਖ ਵਿਚ ਅਜਿਹੇ ਕੋਈ ਵਿਗਿਆਪਨ ਪ੍ਰਕਾਸ਼ਤ ਨਹੀਂ ਕਰੇਗਾ ਅਤੇ ਪ੍ਰੈੱਸ ਵਿਚ ਅਜਿਹੇ ਬਿਆਨ ਨਹੀਂ ਦੇਵੇਗਾ। ਬੈਂਚ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਐਲੋਪੈਥੀ ਬਨਾਮ ਆਯੁਰਵੇਦ ਦੀ ਬਹਿਸ ਨਹੀਂ ਬਣਾਉਣਾ ਚਾਹੁੰਦੀ, ਸਗੋਂ ਗੁੰਮਰਾਹਕੁੰਨ ਵਿਗਿਆਪਨਾਂ ਦੀ ਸਮੱਸਿਆ ਦਾ ਅਸਲ ਹੱਲ ਲੱਭਣਾ ਚਾਹੁੰਦੀ ਹੈ। ਬੈਂਚ ਨੇ ਭਾਰਤ ਦੇ ਐਡੀਸ਼ਨਲ ਸਾਲੀਸਿਟਰ ਜਨਰਲ ਕੇ ਐੱਮ ਨਟਰਾਜ ਨੂੰ ਕਿਹਾ ਕਿ ਕੇਂਦਰ ਸਰਕਾਰ ਸਮੱਸਿਆ ਦਾ ਵਿਹਾਰਕ ਹੱਲ ਲੱਭੇ। ਉਹ ਸਰਕਾਰ ਨਾਲ ਗੱਲ ਕਰਕੇ ਕੋਰਟ ਵਿਚ ਆਉਣ। ਮਾਮਲੇ ਦੀ ਅਗਲੀ ਸੁਣਵਾਈ 5 ਫਰਵਰੀ ਨੂੰ ਹੋਵੇਗੀ।
ਬਾਬਾ ਰਾਮਦੇਵ ਨੇ ਦਾਅਵਾ ਕੀਤਾ ਸੀ ਕਿ ਉਨ੍ਹਾ ਦੀ ਕੰਪਨੀ ਦੇ ਪ੍ਰੋਡਕਟ ਕੋਰੋਨਿਲ ਤੇ ਸਵੈਸਾਰੀ ਨਾਲ ਕੋਰੋਨਾ ਦਾ ਇਲਾਜ ਕੀਤਾ ਜਾ ਸਕਦਾ ਹੈ। ਬਾਬਾ ਰਾਮਦੇਵ ਐਲੋਪੈਥੀ ਨੂੰ ਨਿੰਦ ਕੇ ਆਪਣੀ ਦਵਾਈ ਨਾਲ ਕੈਂਸਰ, ਏਡਜ਼ ਤੇ ਹੋਰਨਾਂ ਬਿਮਾਰੀਆਂ ਦਾ ਇਲਾਜ ਕਰਨ ਦਾ ਦਾਅਵਾ ਵੀ ਕਰਦਾ ਰਿਹਾ ਹੈ।

ਸਾਂਝਾ ਕਰੋ

ਪੜ੍ਹੋ

ਭਾਰਤੀ ਫੌਜ ਨੇ ਅਗਨੀਵੀਰ ਭਰਤੀ ਦਾ ਐਲਾਨਿਆ

ਨਵੀਂ ਦਿੱਲੀ, 24 ਸਤੰਬਰ – ਅਗਨੀਵੀਰ ਭਰਤੀ ਪ੍ਰੀਖਿਆ ਭਾਰਤੀ ਫੌਜ...