ਕਵਿਤਾ/ਰਣ-ਭੂਮੀ/ਯਸ਼ ਪਾਲ

ਜ਼ਰਾ ਦੇਖਣਾ ਸੰਜੈ
ਰਣ-ਭੂਮੀ ਅੰਦਰ
ਕੀ ਕਰ ਰਹੀਆਂ ਨੇ
ਸਾਡੀਆਂ ਫੌਜਾਂ?

ਮੁਆਫ਼ ਕਰਨਾ
ਮਹਾਰਾਜ!

ਰਣ-ਭੂਮੀ ਅੰਦਰ ਤਾਂ
ਨਜ਼ਰ ਆ ਰਹੇ ਨੇ ਮੈਨੂੰ
ਸਿਰਫ਼ ਲਾਸ਼ਾਂ ਦੇ ਹੀ ਢੇਰ

ਲਾਸ਼ਾਂ ਬੁੱਢਿਆਂ ਦੀਆਂ
ਲਾਸ਼ਾਂ ਬੱਚਿਆਂ ਦੀਆਂ
ਜਵਾਨਾਂ ਦੀਆਂ
ਬੇਜ਼ੁਬਾਨਾਂ ਦੀਆਂ

ਪਰ
ਇਨ੍ਹਾਂ ‘ਚ
ਫੌਜੀ ਤਾਂ ਇੱਕ ਵੀ ਨਹੀਂ
ਨਾ ਹੀ ਹਥਿਆਰਬੰਦ
ਨਾ ਲੜਾਕੂ ਯੋਧਾ

ਇਹ ਤਾਂ ਨਿਰੋਲ ਸਾਰੇ
ਨਗਰ-ਪਿੰਡ ਵਾਸੀ ਹਨ
ਮਹਾਰਾਜ!

ਰਣ-ਭੂਮੀ ਜਿਹੀ ਤਾਂ
ਕੋਈ ਜਗ੍ਹਾ ਨਹੀਂ ਬਚੀ
ਨਾ ਖੇਤ ਬਚੇ
ਨਾ ਖਲਿਹਾਣ
ਨਾ ਘਰ ਨਾ ਹਸਪਤਾਲ

ਅਭਿਮੰਨਿਯੂ ਤਾਂ
ਨਹੀਂ ਬਚਿਆ
ਪ੍ਰੀਕਸ਼ਿਤ ਵੀ
ਉੱਤਰਾ ਦੀ ਕੁੱਖ ਅੰਦਰ
ਝੁਲਸ ਕੇ ਮਰ ਗਿਆ
ਆਰੀਆ-ਸ੍ਰੇਸ਼ਠ!

ਨਦੀਆਂ
ਭਰੀਆਂ ਪਈਆਂ ਨੇ
ਲਹੂ-ਮਾਸ ਦੇ
ਲੋਥੜਿਆਂ ਨਾਲ

ਤੇ ਔਹ ਜਿਹੜਾ
ਟਿੱਬਾ ਦਿਸਦਾ ਹੈ
ਦਰਅਸਲ
ਹੱਡੀਆਂ ਦਾ ਢੇਰ ਹੈ

ਗਿਰਝਾਂ ਤੇ ਭੇੜੀਆਂ ਦੇ
ਦਿਨ ਫਿਰ ਗਏ ਨੇ

ਧਰਤੀ ਦੇ
ਜਿਸ ਟੁਕੜੇ ਖਾਤਿਰ
ਫੌਜਾਂ ਉੱਤਰੀਆਂ ਸਨ
ਰਣ-ਭੂਮੀ ਅੰਦਰ

ਉਹ ਤਾਂ
ਉੱਥੇ ਹੀ ਪਈ ਹੈ
ਲਹੂ-ਲੁਹਾਣ

ਫੌਜਾਂ ਵੀ
ਹਨ ਸਲਾਮਤ
ਖੰਦਕਾਂ-ਬੰਕਰਾਂ ‘ਚ

ਪਰ
ਰਾਖ਼ ਹੁੰਦੀ ਜਾ ਰਹੀ ਹੈ
ਪਰਜਾ
ਕੁਰੂ-ਸ੍ਰੇਸ਼ਠ!

ਇਉਂ ਜਾਪਦਾ ਹੈ
ਕਿ
ਦੋਹਾਂ ਪਾਸਿਆਂ ਨੂੰ
ਮੋਹ ਹੈ
ਮਨੁੱਖ-ਹੀਣ ਭੂਮੀ ਨਾਲ
ਪਰ ਮਨੁੱਖ ਨਾਲ ਨਹੀਂ

ਪ੍ਰਭੂ
ਇਸ ਰਣ-ਭੂਮੀ ਅੰਦਰ
ਨਾ ਕਿਤੇ ਧਰਮ ਹੈ
ਨਾ ਹੀ ਕਿਤੇ ਸੱਚ

ਸਿਰਫ਼
ਤੇ ਸਿਰਫ਼ ਹੰਕਾਰ ਹੀ ਹੈ
ਦੋਵੇਂ ਪਾਸੇ
ਅੰਨ੍ਹਾ ਹੰਕਾਰ
ਮੂੜ੍ਹ-ਮੱਤਾ ਹੰਕਾਰ
ਨਿਰਦਈ
ਤੇ ਹਿੰਸਕ ਹੰਕਾਰ

ਤੇ
ਵੱਡਾ ਦੁਰਭਾਗ ਇਹ
ਕਿ
ਇਸ ਵਾਰ
ਨਹੀਂ ਉੱਤਰਿਆ
ਕੋਈ ਈਸ਼ਵਰ
ਇਸ ਰਣ-ਭੂਮੀ ‘ਚ

ਕਿਉਂਕਿ
ਛਿੜ ਸਕਦਾ ਸੀ
ਇਹੋ ਜਿਹਾ ਯੁੱਧ ਤਾਂ
ਈਸ਼ਵਰ ਦੀ ਹੱਤਿਆ ਤੋਂ
ਬਾਅਦ ਹੀ

—–*—–

ਲੇਖਕ:
ਹਿੰਦੀ ਕਵੀ:ਹੂਬ ਨਾਥ
ਅਨੁਵਾਦ:
ਯਸ਼ ਪਾਲ ਵਰਗ ਚੇਤਨਾ

ਸਾਂਝਾ ਕਰੋ

ਪੜ੍ਹੋ

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ/ਡਾ. ਨਿਵੇਦਿਤਾ ਸਿੰਘ

ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੀ ਸਥਾਪਨਾ ਦੀ 63ਵੀਂ ਵਰ੍ਹੇਗੰਢ ਮਨਾ ਰਹੀ...