ਅਮਰੀਕੀ ਪੰਜਾਬੀ ਕਵਿਤਾ/ਹਰਪ੍ਰੀਤ ਕੌਰ ਧੂਤ

ਤੂੰ ਮੈਂ

ਤੇ ਤੇਰਾ ਅਹਿਸਾਸ

ਜਦ ਵੀ ਇਕੱਠੇ ਹੁੰਦੇ ਹਾਂ

ਇਕ ਖ਼ਾਬ ਬੁਣਦੇ ਹਾਂ

ਖ਼ਾਬਾਂ ਹੀ ਖ਼ਾਬਾਂ ’ਚ

ਇਕ ਖ਼ੂਬਸੂਰਤ ਦੁਨੀਆ ਦਾ

ਆਗਾਜ਼ ਕਰਦੇ ਹਾਂ

ਅਤੇ ਚੰਦ ਸਿਤਾਰੇ

ਫੜ੍ਹਨ ਦੀ ਕੋਸ਼ਿਸ਼ ਕਰਦੇ ਹਾਂ

ਭੁੱਲ ਜਾਂਦੇ ਹਾਂ ਆਪਣੇ ਆਪ ਨੂੰ

ਜਦੋਂ ਇਕ ਸੁਨਹਿਰਾ ਜਾਲ ਬੁਣਦੇ ਹਾਂ

ਤੇ ਛੱਡ ਕੇ ਝਮੇਲੇ ਦੁਨੀਆ ਦੇ

ਸਿਰਫ਼ ਦਿਲਾਂ ਦੀ ਤਾਰ ਸੁਣਦੇ ਹਾਂ

ਜਦੋਂ ਤੂੰ ਤੇ ਮੈਂ

ਇਕ ਖ਼ੂਬਸੂਰਤ ਪੰਧ ਦਾ ਆਗਾਜ਼ ਕਰਦੇ ਹਾਂ

ਵੱਖ ਹੋ ਜਾਂਦੇ ਹਾਂ ਆਪਣੇ ਆਪ ਤੋਂ

ਖ਼ਾਬਾਂ ’ਚ ਇਕ ਦੁਨੀਆ

ਜਦੋਂ ਆਬਾਦ ਕਰਦੇ ਹਾਂ

ਸੁਹਣੇ ਦਰੱਖ਼ਤ ਨੂੰ ਫੁੱਲ ਲੱਗਣ

ਦੀ ਆਮਦ ’ਤੇ

ਮਹਿਕ ਉਹਨਾਂ ਦੀ ਮਨ ਵਿਚ

ਮਹਿਸੂਸ ਕਰਦੇ ਹਾਂ

ਖ਼ਾਬਾਂ ਹੀ ਖ਼ਾਬਾਂ ’ਚ

ਸੁਨਹਿਰੇ ਭਵਿੱਖ ਦੀ ਤਲਾਸ਼ ਵਿਚ

ਦੂਰ-ਦੂਰ ਤਕ ਤੁਰਦਿਆਂ ਅਸੀਂ

ਅਭੇਦ ਹੋ ਜਾਂਦੇ ਹਾਂ ਇਕ ਦੂਸਰੇ ’ਚ

ਤੇ ਭੁੱਲ ਜਾਂਦੇ ਹਾਂ ਸਭ ਦੁੱਖਾਂ ਤਕਲੀਫ਼ਾਂ

ਤੇ ਦਰਦ

ਜਦੋਂ ਅਸੀਂ ਆਪਣੇ ਖ਼ਾਬ ਬੁਣਦੇ ਹਾਂ

ਤੇ ਇਕ ਦੂਜੇ ਦੀਆਂ ਅੱਖਾਂ ਰਾਹੀਂ

ਪੂਰਨਤਾ ਦੀ ਰਬਾਬ ਸੁਣਦੇ ਹਾਂ

ਖੋ ਜਾਂਦੇ ਹਾਂ ਅਸੀਂ ਇਕ ਦੂਜੇ ਵਿਚ

ਜਦੋਂ ਇਕ ਰੂਹਾਨੀ ਕਿਤਾਬ ਸੁਣਦੇ ਹਾਂ

ਤੂੰ ਮੈਂ ਤੇ ਤੇਰਾ ਅਹਿਸਾਸ

ਜਦੋਂ ਵੀ ਇਕੱਠੇ ਹੁੰਦੇ ਹਾਂ

ਇਕ ਸੁਨਹਿਰਾ ਖ਼ਾਬ ਬੁਣਦੇ ਹਾਂ

ਬਾਤ

ਨਵਦੀਪ ਕੌਰ

ਹੁਣ ਤੇ ਭੁੱਲ ਹੀ ਗਿਆ ਹੈ ਮੈਨੂੰ

ਛੁੱਟੀ ਦਾ ਅਹਿਸਾਸ

ਜਦ ਸਟੋਰ ’ਤੇ ਕੰਮ ਕਰਦੀ ਸਾਂ

ਤਾਂ ਐਤਵਾਰ ਯਾਦ ਰਹਿੰਦਾ ਸੀ

ਘਰ ਦੇ ਖਲਜਗਣਾ ’ਚ ਭੁੱਲ ਹੀ ਗਈ ਹਾਂ

ਸੰਡੇ ਕਿਸ ਬਲਾ ਦਾ ਨਾਂਅ ਹੈ

ਵੱਡ ਪੋਤੇ ਦੀ ਸਾਕਰ ਗੇਮ

ਛੋਟੇ ਦੀ ਮਿਊਜ਼ਿਕ ਕਲਾਸ

ਪੋਤੀ ਦਾ ਕਿੰਡਰ ਗਾਰਟਨ ’ਚ ਜਾਣਾ

ਤੇ ਉੱਤੋਂ ਪਤੀ ਦਾ ਹੁਕਮ

ਅੱਜ ਮੇਰੇ ਦੋਸਤਾਂ ਨੇ ਆਉਣਾ ਹੈ

ਤੇ ਉਹਦੇ ਦੋਸਤਾਂ ਦਾ ਘੇਰਾ ਏਨਾ ਵਸੀਹ ਹੈ

ਮੇਰੀਆਂ ਨੂੰਹਾਂ ਪੁੱਛਦੀਆਂ ਨੇ

ਮੰਮੀ : ਡੈਡੀ ਯੂਨੀਵਰਸਿਟੀ ਪੜ੍ਹਦੇ ਸੀ

ਕਿ ਸਾਰੀ ਦਿਹਾੜੀ ਦੋਸਤ ਹੀ ਬਣਾਉਂਦੇ ਸੀ।

ਥੱਕੀ ਹਾਰੀ ਕਦੇ-ਕਦੇ ਸੋਚਦੀ ਹਾਂ

ਇਹੀ ਤਾਂ ਜ਼ਿੰਦਗੀ ਹੈ

ਚੁੱਲ੍ਹੇ ਮੱਘਦੇ ਰਹਿਣ

ਤੇ ਬਾਤ ਤੁਰਦੀ ਰਹੇ

ਕਿਤੇ ਰਾਹੀ ਰਾਹ ਨਾ ਭੁੱਲ ਜਾਣ

ਇਸੇ ਲਈ ਮੈਂ ਇਹ ਬਾਤ

ਇੱਥੇ ਹੀ ਬੰਦ ਕਰਦੀ ਹਾਂ

ਦੁਆ

ਰਾਣੀ ਨਗਿੰਦਰ

ਸੀਤਾ ਨੂੰ ਜਿੱਤਿਆ ਰਾਮ ਨੇ

ਸੀਤਾ ਨੂੰ ਚੁਰਾਇਆ ਰਾਵਣ ਨੇ

ਸੀਤਾ ਇਕ ਚੀਜ਼ ਸੀ

ਜੇ ਕਦੇ ਜਿੱਤੀ ਗਈ

ਕਦੇ ਚੁਰਾਈ ਗਈ

ਮੈਨੂੰ ਸੀਤਾ ਨਾ ਕਹੋ

ਮੈਂ ਸੀਤਾ ਨਹੀਂ

ਮੇਰੇ ਪੈਰਾਂ ਨੂੰ ਚੱਟ ਕੇ

ਕਾਗਜ਼ ਕਰਨ ਵਾਲ਼ਿਓ

ਮੇਰੇ ਅੰਦਰ ਖ਼ੌਫ਼ ਦਾ ਖੂਹ

ਖੋਦਣ ਵਾਲ਼ਿਓ

ਤੁਹਾਡੇ ਤੇ ਮੇਰੇ ਵਿਚਕਾਰ

ਯੁੱਗਾਂ ਦਾ ਸੰਘਰਸ਼

ਫੈਲਿਆ ਹੋਇਆ ਏ

ਅੱਜ ਨਾ ਮੈਂ ਪਰਦਾ ਹਾਂ

ਨਾ ਇਜਾਜ਼ਤ ਹਾਂ

ਨਾ ਇੰਤਜ਼ਾਰ

ਮਹਿਜ਼ ਖ਼ਲਾਸ ਦਾ ਵਸੀਲਾ ਵੀ ਨਹੀਂ

ਆਪਣੀ ਖ਼ਾਮੋਸ਼ੀ ਤੋਂ ਜ਼ਿਆਦਾ ਜਿੰਦਾ

ਸਰਾਪੀਆਂ ਸਦੀਆਂ ਦੀ ਮਾਂ ਹਾਂ

ਆਪਣੇ ਜ਼ਮੀਰ ਦਾ ਜ਼ਹਿਰ ਪੀਂਦੀ

ਮੈਂ ਸੂਰਜ ਤੋਂ ਜ਼ਿਆਦਾ ਖ਼ੂਬਸੂਰਤ ਹਾਂ

ਆਪਣੇ ਆਪ ਨੂੰ ਢੂੰਡਦੀ

ਸੁਨਹਿਰੇ ਸਫ਼ਰ ’ਤੇ ਨਿਕਲੀ

ਜ਼ਮੀਨ ਦੀ ਆਬਰੂ ਹਾਂ

ਮੈਂ ਖ਼ੁਦਾ ਦਾ ਨਾਂ ਜਾਣਦੀ ਹਾਂ

ਤੇ ਆਪਣੀ ਨਸਲ ’ਤੇ

ਖ਼ੁਦਾ ਦਾ ਨਾਂ ਲਿਖਦੀ ਹਾਂ

ਇਸ ਲਈ ਗ਼ੁਲਾਮੀ

ਮੇਰਾ ਮਜ਼ਹਬ ਨਹੀਂ

ਅਜ਼ਾਦੀ ਤੋਂ ਘੱਟ ਦਾ ਕੋਈ ਪੇਸ਼ਾ

ਮੈਨੂੰ ਮਨਜ਼ੂਰ ਨਹੀਂ

ਮੈਂ ਦੁਆ ਹਾਂ

ਔਰ ਦੁਆ ਸਲਾਮਤ ਰਹਿੰਦੀ ਹੈ

ਸਾਂਝਾ ਕਰੋ

ਪੜ੍ਹੋ

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ/ਡਾ. ਨਿਵੇਦਿਤਾ ਸਿੰਘ

ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੀ ਸਥਾਪਨਾ ਦੀ 63ਵੀਂ ਵਰ੍ਹੇਗੰਢ ਮਨਾ ਰਹੀ...