ਕਵਿਤਾ/ ਭੋਲੇ ਚਿਹਰੇ ਤੇ ਬੀਬੇ ਰਾਣੇ/ਤੋਸ਼ ਪਥਰਾਲਾ

ਭੋਲੇ ਚਿਹਰੇ ਤੇ ਬੀਬੇ ਰਾਣੇ,
ਦੇਖਣ ਨੂੰ ਇਹ ਬਾਲ ਨਿਆਣੇ,
ਚੁੱਕੀਆਂ ਪੰਡਾਂ, ਮੰਨਕੇ ਭਾਣੇ,
ਕਿਹੜੀ ਉਮਰੇ ਹੋਏ ਸਿਆਣੇ।

ਅੱਖ ਦੇ ਚਾਅ, ਮਸੋਸੇ ਰਹਿ ਗਏ,
ਸੁਆਦ ਜੋ ਸਾਰੇ, ਵਿੱਚੇ ਰਹਿ ਗਏ,
ਕੀੜੇ ਵਾਂਗੂ, ਗੰਢ ਜੀ ਲਾ ਕੇ
ਬਾਲ ਇਹ ਸੋਹਣੇ,ਫਿਕਰੀਂ ਪੈ ਗਏ

ਬਾਪ ਦਿਹਾੜੀ, ਕਦ ਪੂਰੀ ਪੈਂਦੀ
ਮਾਂ ਵਿਚਾਰੀ, ਕਦ ਟਿਕ ਕੇ ਬਹਿੰਦੀ
ਫਿਕਰਾਂ ਸਭ ਨੂੰ ਘੁਣ ਵਾਂਗਰ ਖਾਇਆ
ਬੱਚਾ ਵੇਖੇ – ਬੇਵਸੀ ਤਪਾਇਆ

ਛੋਟੀ ਉਮਰੇ ਬਸਤੇ ਲਾਹਵੇ
ਨਿੱਕੇ ਹੱਥੀਂ, ਹੱਥ ਵੰਡਾਵੇ
ਅੰਦਰੇ ਅੰਦਰੀਂ, ਜੁਗਤ ਲੜਾਵੇ
ਏਹ ਕੁਝ ਕਰਕੇ, ਏਹ ਕਮਾਵੇ

ਘਸਮੈਲੇ ਕੱਕੇ, ਰੰਗ ਵਟਾਕੇ
ਵਿਸਾਰਕੇ ਬਚਪਨ, ਦਵੇ ਕਮਾਕੇ
ਹੱਸਣਾ ਛੱਡ, ਰੋਣਾ ਵੀ ਭੁੱਲਜੇ
ਵਿਹੁ-ਮਾਤਾ ਰੁੱਝੀ, ਇੱਕ ਵਾਰ ਹਸਾਕੇ

ਥੁੜਾਂ ਜਾਏ, ਥੁੜਾਂ ਵਿੱਚ ਮਰਦੇ
ਵਖਤ ਗੇੜ੍ਹ ਵਿੱਚ ਕਿੱਥੇ ਪੜ੍ਹਦੇ
ਗੁਰਬਤ ਦੇ, ਭਾਰਾਂ ਨੇ ਪੀਹੜੇ
ਕਿੱਥੇ ਅਪਣੀ ਕਿਸਮਤ ਘੜਦੇ

ਲਲਾਰੀ ਬੈਠਾ, ਖੇਡ ਰਚਾਉਂਦਾ
ਜਗਤ ਨਹੀਂ, ਤਮਾਸ਼ਾ ਲਾਉਂਦਾ
ਅੰਬਾਰ ਰੰਗਾਂ ਦੇ ਕੋਲ਼ੇ ਰੱਖ ਕੇ
ਗਰੀਬਾਂ ਤੋਂ ਪਰ ਰੰਗ ਲੁਕਾਉਂਦਾ

ਜਾਂ ਫਿਰ ਤੈਥੋਂ ਲਲਾਰੀਆ
ਰੰਗ ਇੱਕ ਥਾਂ ਹੀ ਡੁੱਲ੍ਹ ਗਿਆ
ਕੋਈ ਬਣ ਬੈਠਾ ਕੁਬੇਰ ਪੁੱਤ
ਕੋਈ ਕੱਖ ਵਾਂਗੂ ਰੁਲ ਗਿਆ

ਜਾਂ ਫਿਰ ਲੋਕ ਰਾਜ ਦੇ ਭਰਮੀਂ
ਤੂੰ ਕਿਸੇ ਬੁਲਾਰੇ ਤੇ ਹੈਂ ਡੁੱਲ੍ਹਿਆ
ਰੰਗ ਸੱਭੇ ਸੌਂਪੇ ਤੂੰ ਓਸਨੂੰ
ਤੇ ਉਹ ਵੰਡਣਾ ਹੀ ਭੁੱਲਿਆ

ਜਾ, ਕਹਿ ਤਾਂ ਤੇਰੇ ਬੁਲਾਰਿਆਂ
ਰੰਗ ਇੱਕਸਾਰ ਉਹ ਵੰਡੇ
ਸੰਤਾਪ ਜੂਨ ਜੋ ਭੋਗਦੇ
ਉਹ ਵੀ ਤੇਰੇ ਈ ਬੰਦੇ!

ਲੇਖਿਕਾ – ਤੋਸ਼ ਪਥਰਾਲਾ
ਮੋ ÷ 81468-47945
ਬਠਿੰਡਾ-151001

ਸਾਂਝਾ ਕਰੋ

ਪੜ੍ਹੋ

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ/ਡਾ. ਨਿਵੇਦਿਤਾ ਸਿੰਘ

ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੀ ਸਥਾਪਨਾ ਦੀ 63ਵੀਂ ਵਰ੍ਹੇਗੰਢ ਮਨਾ ਰਹੀ...