
ਪੰਜਾਬ! ਤੂੰ ਕਦੇ ਬੇਬਸ ਨਾ ਹੋਈਂ
ਐ ਪੰਜਾਬ! ਤੂੰ ਕਦੇ ਨਿਰਾਸ਼ ਨਾ ਹੋਈਂ,
ਤੇਰੇ ‘ਤੇ ਗੜ੍ਹੇ ਮਾਰ ਹੋਈ ਏ, ਤਾਂ ਕੀ ਹੋਇਆ?
ਪ੍ਰੇਸ਼ਾਨੀ ਤਾਂ ਹੋਣੀ ਹੀ ਸੀ!
ਤੈਨੂੰ ਰਤਾ ਕੁ ਡਰ ਤਾਂ ਲੱਗਣਾ ਹੀ ਸੀ।
ਮੈਨੂੰ ਮਾਣ ਹੈ ਤੇਰੇ ਤੇ,
ਤੂੰ ਡਰਦਾ ਘੁਰਨੇ ‘ਚ ਨਹੀਂ ਵੜਿਆ
ਟਹਿਕਦਾ, ਮਹਿਕਦਾ, ਦਹਿਕਦਾ,
ਮੁੜ ਖੁਸ਼ਬੂ ਵੰਡਣ ਲਈ ਤਿਆਰ ਹੈਂ ਹੋਇਆ।
ਪੰਜਾਬ ਤੇਰੇ ਜੜ੍ਹੀਂ ਤੇਲ ਦੇਣ ਵਾਲੇ ਬਹੁਤ ਨੇ,
ਪੰਜਾਬ ਤੈਨੂੰ ਉਹਨਾ ਫਸਾਦੀ ਐਲਾਨਿਆ,
ਤੈਨੂੰ ਉਹਨਾ ਨਸ਼ੱਈ ਗਰਦਾਨਿਆ।
ਤੈਨੂੰ ਉਹਨਾ ਭਗੌੜਾ ਕਰਾਰ ਦਿੱਤਾ।
ਤੈਨੂੰ ਉਹਨਾ ਵੱਖਵਾਦੀ , ਅੱਤਵਾਦੀ ਆਖਿਆ
ਤੂੰ ਸਿਰੜ ਨਾਲ ਜੰਗ ਲੜਦਾ ਰਿਹਾ
ਹੌਸਲੇ, ਉਮੀਦਾਂ ਨਾਲ ਸੱਚ ਦਾ ਪੱਲਾ ਫੜਦਾ ਰਿਹਾ
ਸਦਾ ਜਿੱਤਦਾ ਰਿਹਾ, ਕਦੇ ਨਾ ਹਰਦਾ ਰਿਹਾ।
ਹੁਣ ਅੰਨ੍ਹੀ ਮੁਸੀਬਤ ਵੇਲੇ
ਤੂੰ ਨਿਰਾਸ਼ ਨਾ ਹੋਈਂ
ਤੂੰ ਉਦਾਸ ਨਾ ਹੋਈਂ
ਤੂੰ ਬੇਬਸ ਨਾ ਹੋਈਂ ਐ ਪੰਜਾਬ!
-ਗੁਰਮੀਤ ਸਿੰਘ ਪਲਾਹੀ
218-ਗੁਰੂ ਹਰਿਗੋਬਿੰਦ ਨਗਰ, ਫਗਵਾੜਾ
-9815802070