
ਕਸ਼ਮੀਰ ਤੋਂ ਚੱਲ ਕੇ ਪੰਡਤ ਪਹੁੰਚੇ ਗੁਰੂ ਤੇਗ ਬਹਾਦਰ ਪਾਸ।
ਕਹਿੰਦੇ,”ਗੁਰੂ ਜੀ,ਸਾਨੂੰ ਤੁਹਾਡੇ ਤੋਂ ਹੈ ਬਹੁਤ ਵੱਡੀ ਹੈ ਆਸ।
ਔਰੰਗਜ਼ੇਬ ਨੇ ਸਾਡਾ ਤਿਲਕ, ਜੰਜੂ ਖਤਰੇ ਵਿੱਚ ਹੈ ਪਾਇਆ।
ਸਾਰੇ ਹਿੰਦੂਆਂ ਨੂੰ ਉਸ ਨੇ ਮੁਸਲਮਾਨ ਬਣਾਉਣ ਦਾ ਮਨ ਹੈ ਬਣਾਇਆ।
ਉਸ ਨੂੰ ਜਾਨੋਂ ਮੁਕਾਇਆ, ਜਿਹੜਾ ਅੜਿਆ ਉਸ ਦੇ ਅੱਗੇ।
ਸਾਡੀ ਬਾਂਹ ਫੜਨ ਵਾਲਾ ਤੁਹਾਡੇ ਬਿਨਾਂ ਦਿਸੇ ਨਾ ਕੋਈ ਇੱਥੇ।”
ਕੁੱਝ ਸਮਾਂ ਸੋਚਣ ਪਿੱਛੋਂ ਗੁਰੂ ਜੀ ਨੇ ਦਿੱਤਾ ਇਹ ਜਵਾਬ,
“ਜੇ ਕੋਈ ਮਹਾਂਪੁਰਖ ਅੱਗੇ ਆ ਕੇ ਦੇਵੇ ਆਪਣਾ ਬਲੀਦਾਨ,
ਤਾਂ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਲੱਗ ਸਕਦੀ ਹੈ ਲਗਾਮ।”
ਕੋਲ ਆ ਕੇ ਨੌਂ ਸਾਲ ਦੇ ਗੋਬਿੰਦ ਰਾਏ ਬੋਲੇ ਸਤਿਕਾਰ ਦੇ ਨਾਲ,
“ਆਪ ਤੋਂ ਵੱਡਾ ਮਹਾਂਪੁਰਖ ਇੱਥੇ ਕੌਣ ਹੈ?ਦੱਸੋ ਮਹਾਰਾਜ।”
ਗੋਬਿੰਦ ਰਾਏ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੂੰ ਹੋ ਗਿਆ ਯਕੀਨ,
ਆਣ ਵਾਲੇ ਔਖੇ ਸਮੇਂ ਦਾ ਇਹ ਬਾਲਕ ਕਰੇਗਾ ਟਾਕਰਾ ਯਕੀਨਨ।
ਗੋਬਿੰਦ ਰਾਏ ਨੂੰ ਗੁਰੂ ਨਾਨਕ ਦੇਵ ਦੀ ਗੁਰਗੱਦੀ ਸੌਂਪ ਕੇ,
ਕੁੱਝ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਜੀ ਦਿੱਲੀ ਵੱਲ ਚੱਲ ਪਏ।
ਜਦ ਗੁਰੂ ਜੀ ਨੂੰ ਔਰੰਗਜ਼ੇਬ ਦੇ ਸਾਮ੍ਹਣੇ ਲਿਆਂਦਾ ਗਿਆ,
ਉਸ ਨੇ ਇਸਲਾਮ ਕਬੂਲਣ ਲਈ ਗੁਰੂ ਜੀ ਤੇ ਜ਼ੋਰ ਪਾਇਆ।
ਗੁਰੂ ਜੀ ਦੇ ਕੋਰੀ ਨਾਂਹ ਕਰਨ ਤੇ ਉਸ ਨੂੰ ਗੁੱਸਾ ਚੜ੍ਹ ਗਿਆ।
ਉਸ ਨੇ ਸਭ ਨੂੰ ਸਖਤ ਸਜਾਵਾਂ ਦੇਣ ਦਾ ਹੁਕਮ ਸੁਣਾ ਦਿੱਤਾ।
ਪਹਿਲਾਂ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਦਿੱਤਾ ਗਿਆ।
ਫਿਰ ਭਾਈ ਦਿਆਲੇ ਨੂੰ ਉਬਲਦੀ ਦੇਗ ਵਿੱਚ ਸੁੱਟ ਦਿੱਤਾ ਗਿਆ।
ਫਿਰ ਸਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ।
ਆਪਣੇ ਸਿੱਖਾਂ ਦੀ ਸ਼ਹੀਦੀ ਪਿੱਛੋਂ ਵੀ ਗੁਰੂ ਜੀ ਨੇ ਦਿਲ ਨਾ ਛੱਡਿਆ।
ਅੰਤ ਵਿੱਚ ਗੁਰੂ ਜੀ ਦਾ ਸੀਸ, ਧੜ ਤੋਂ ਵੱਖ ਕਰ ਦਿੱਤਾ ਗਿਆ।
ਇੰਜ ਤਿਲਕ, ਜੰਜੂ ਦੀ ਰਾਖੀ ਲਈ ਗੁਰੂ ਜੀ ਨੇ ਆਪਾ ਵਾਰ ਦਿੱਤਾ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐਕਸ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ -9915803554