ਲਤਾੜੀ ਔਰਤ ਦੇ ਹੱਕਾਂ ਦੀ ਝੰਡਾ ਬਰਦਾਰ ਕਵਿਤਾ – ‘ਕੀ ਕਹਾਂ’/ ਰਵਿੰਦਰ ਚੋਟ

ਡਾਕਟਰ ਸੋਨੀਆ ਨੇ ਇਸ ਕਾਵਿ -ਸੰਗ੍ਰਹਿ ਬਾਰੇ ਆਪਣੇ ਕਥਨ ਵਿਚ ਲਿਖਿਆ ਹੈ “ ਇਹ ਮੇਰੀ ਪੰਜਾਬੀ ਭਾਸ਼ਾ ‘ਚ ਦੂਜੀ ਕਿਤਾਬ ਹੈ। ਆਪਣੀ ਮਾਂ ਬੋਲੀ ਪੰਜਾਬੀ, ਜਨਮ ਭੂਮੀ ਪੰਜਾਬ, ਆਪਣੇ ਦੇਸ਼ ਭਾਰਤ ਅਤੇ ਸਮੁੱਚੀਆਂ ਔਰਤਾਂ ਨੂੰ ਸਮਰਪਣ ਹੈ ਇਹ ਕਿਤਾਬ।”

ਇਸ ਕਿਤਾਬ ਨੂੰ ਗਹੁ ਨਾਲ ਪੜ੍ਹਨ ਤੇ ਇਹ ਸਵੈ-ਕਥਨ ਸੌ ਫੀਸਦੀ ਸੱਚ ਲੱਗਦਾ ਹੈ, ਕਿਉਂਕਿ ਕੁਲ 121 ਕਵਿਤਾਵਾਂ ਵਿਚੋਂ 40 ਤੋ ਵੱਧ ਕਵਿਤਾਵਾਂ ਔਰਤਾਂ ਨਾਲ ਸਬੰਧਤ ਹਨ। ਔਰਤਾਂ ਤੋਂ ਸਿਵਾਏ ਉਸ ਨੇ ਹੋਰ ਵੀ ਸੰਵੇਦਨਸ਼ੀਲ ਵਿਸ਼ਿਆਂ ‘ਤੇ ਆਪਣੀ ਕਲਮ ਚਲਾਈ ਹੈ। ਉਸ ਦੇ ਅੰਦਰਲੀ ਔਰਤ ਵਿਸੰਗਤੀਆ ਨੂੰ ਹੋੜ ਕੇ ਅਗਾਂਹਵਧੂ ਅਤੇ ਨਰੋਇਆ ਸਮਾਜ ਸਿਰਜਣ ਦੀ ਤਾਂਘ ਰੱਖਦੀ ਹੈ।ਪਰ ਔਰਤ ਅਜੇ ਤਕ ਊਣਾਪਨ ਤੇ ਲਚਾਰੀ ਦੀ ਸ਼ਿਕਾਰ ਹੈ। ਉਹ ਲਿਖਦੀ ਹੈ :-

“ਸੋਚ ‘ਚ, ਸ਼ਰਮ ‘ਚ, ਡਰ ‘ਚ, ਹਿਸਾਬ ‘ਚ,

ਦਹਿਲੀਜ ‘ਚ ਕਟ ਲੈਂਦੀ ਹੈ ਪੂਰੀ ਜ਼ਿੰਦਗੀ”

‘ਵਿਚਾਰੀ ਔਰਤ – ਵਕਤ ਦੀ ਮਾਰੀ ਔਰਤ’

ਕਵਿਤਰੀ ਇਹ ਵੀ ਮਹਿਸੂਸ ਕਰਦੀ ਹੈ ਕਿ ਆਮ ਜ਼ਿੰਦਗੀ ‘ਚ ਮਰਦ ਤਾਂ ਉਸ ਦਾ ਵਿਰੋਧੀ ਹੈ ਹੀ ਪਰ ਔਰਤ ਵੀ ਔਰਤ ਨਾਲ ਦੁਸ਼ਮਣ ਵਾਲਾ ਵਰਤਾਰਾ ਕਰਦੀ ਹੈ। ਕਿਤੇ-ਕਿਤੇ ਕਵਿਤਰੀ ਔਰਤ ਨੂੰ ਹੌਸਲਾ ਦਿੰਦੀ ਤੇ ਉਸਨੂੰ ਦੁਰਗਾ, ਲਕਸ਼ਮੀ, ਕਾਲੀ, ਸਰਸਵਤੀ ਰੂਪ ਵਿਚ ਵੇਖਦੀ ਹੋਈ ਉਸਨੂੰ ਪ੍ਰੇਰਨਾ ਦਿੰਦੀ ਹੈ ਕਿ ਜ਼ਿੰਦਗੀ ਦੇ ਸਾਰੇ ਰਿਸ਼ਤੇ ਔਰਤ ਤੋਂ ਹੀ ਪੈਦਾ ਹੁੰਦੇ ਹਨ। ਇਸ ਲਈ ਔਰਤ ਮੁਥਾਜ ਨਹੀਂ ਹੈ।

ਕਵਿਤਰੀ ਨੂੰ ਦੁੱਖ ਹੈ ਕਿ ਔਰਤ ਨਾਲ ਜ਼ਿਆਦਤੀਆਂ ਮਰਦ ਪ੍ਰਧਾਨ ਸਮਾਜ ਆਪਣੀਆਂ ਕੰਮਜ਼ੋਰੀਆਂ ਛੁਪਾਉਣ ਲਈ ਵੀ ਕਰਦਾ ਆਇਆ ਹੈ। ਦਾਜ ਦੇ ਲੋਭੀ ਦਾਜ ਲੈ ਕੇ ਵੀ ਉਸਨੂੰ ਮਰਨ ਲਈ ਮਜਬੂਰ ਕਰਦੇ ਹਨ।ਕਵਿਤਰੀ ਬਾਬਲ ਦੇ ਦੁੱਖ ਨੂੰ ਵੀ ਸ਼ਿਦਤ ਨਾਲ ਮਹਿਸੂਸ ਕਰਦੀ ਹੈ ਕਿ ਉਹ ਕਿਵੇਂ ਆਪਣੇ ਜਿਗਰ ਦੇ ਟੁਕੜੇ ਦਾ ਸੰਗਲ ਕਸਾਈਆਂ ਦੇ ਹੱਥ ਫੜਾਉਣ ਲਈ ਮਜਬੂਰ ਹੋ ਜਾਂਦਾ ਹੈ। “ਲਾੜੇ ਵਿਕਣ” ਕਵਿਤਾ ਇਸ ਤੱਥ ਦੀ ਗਵਾਹ ਹੈ। ਉਸ ਦੀਆਂ ਕਵਿਤਾਵਾਂ ‘ਚੋਂ ਸੱਚ ਇਸ ਤਰ੍ਹਾਂ ਉਜਾਗਰ ਹੁੰਦਾ ਹੈ ਜਿਵੇਂ ਇਹ ਸਭ ਕੁਝ ਕਵਿਤਰੀ ਨੇ ਆਪਣੇ ਤਨ ਮਨ ਤੇ ਹੰਢਾਇਆ ਹੋਵੇ। ਔਰਤ ਦੀ ਦੁਰਗਤੀ ਨੂੰ ਨੇੜਿਓਂ ਹੋਕੇ ਵੇਖਿਆ ਹੋਵੇ। ਉਹ ਮਹਿਸੂਸ ਕਰਦੀ ਹੈ ਕਿ ਔਰਤ ਕੁਦਰਤ ਦਾ ਵੱਡਮੁਲਾ ਤੋਹਫਾ ਹੈ। ਮਰਦਾਂ ਤੋਂ ਉਸ ਨੇ ਏਨੀ ਖੁਆਰੀ ਝੱਲੀ ਹੈ ਜਿਸ ਕਾਰਨ ਉਹ ਮਰਦ ਨੂੰ ਸੱਪ, ਗਿਰੇ ਹੋਏ ਅਤੇ ਧੋਖੇਬਾਜ਼ ਇਨਸਾਨ ਕਹਿਣ ਤਕ ਜਾਂਦੀ ਹੈ। ਉਹ ਵਿਦੇਸ਼ ਵਿਚ ਬੈਠੀ ਹਰ ਵਕਤ ਆਪਣੀ ਤਾਰ ਭਾਰਤ ਵਿਚ ਹੋ ਰਹੇ ਬਲਾਤਕਾਰਾਂ, ਮਨੁੱਖਤਾ ਤੋਂ ਗਿਰੇ ਵਰਤਾਰਿਆਂ ਨੂੰ ਵੇਖਦੀ ਸੁਣਦੀ ਰਹਿੰਦੀ ਹੈ ਤੇ ਤਨਜ਼ ਕਸਦੀ ਹੈ ਕਿ ਦੇਵੀਆਂ ਪੂਜੀਆ ਜਾਂਦੀਆ ਹਨ । ਪਰ ਔਰਤ ਨੂੰ ਕੋਹਣ ਵਿਚ ਕੋਈ ਕਸਰ ਨਹੀਂ ਛੱਡੀ ਜਾਂਦੀ।  ” ਕਾਨੂੰਨ” ਨਾ ਦੀ ਕਵਿਤਾ ਵਿੱਚ ਇਹੀ ਗੱਲ ਵਿਅਕਤ ਹੋਈ ਹੈ। ਅੱਜ ਦੇ ਗਿਰੇ ਹੋਏ ਆਦਮੀ ਨੂੰ ਉਹ ਸਵਾਲ ਪੁਛਦੀ ਹੈ “ਕੀ ਸੱਚ ‘ਚ ਰਾਵਣ ਗੁਨਾਹਗਾਰ ਸੀ, ਤਾਂ ਸੀਤਾ ਮਾਤਾ ਸੁਰੱਖਿਅਤ ਕਿਵੇਂ ਰਹੀ” ਜਿਸ ਰਾਵਣ ਨੂੰ ਤੁਸੀਂ ਹਰ ਸਾਲ ਸਾੜਦੇ ਹੋ ਉਸ ਨੇ ਤਾਂ ਸੀਤਾ ਨਾਲ ਕੋਈ ਜ਼ਿਆਦਤੀ ਨਹੀਂ ਕੀਤੀ। ਹੁਣ ਦਾ ਬਲਾਤਕਾਰੀ ਮਰਦ ਦਾ ਪੁਤਲਾ ਸੜਨਾ ਚਾਹੀਦਾ।

ਕਵਿਤਰੀ ਔਰਤ ਦੀ ਮਾਨਸਿਕ ਸਥਿਤੀ ਦਾ ਬਿਆਨ ਕਰਦੀ ਹੈ ਕਿ ਔਰਤ ਕਦੇ ਪਿਆਰ ਦੀ ਬੁੱਕਲ ਵਿੱਚ ਆਉਣਾ ਲੋਚਦੀ ਹੈ ਤੇ ਕਦੇ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ। ਉਹ ਅੰਦਰਲੇ ਮਨ ਦੀ ਅਵਾਜ਼ ਸੁਣਕੇ ਕਦੇ ਵੀ ਜੀਅ ਨਹੀਂ ਸਕਦੀ,ਉਹ ਦੂਸਰਿਆਂ ਲਈ ਜਿਊਂਦੀ ਹੈ।ਇਸੇ ਕਰਕੇ ਉਹ ਪੈਰ-ਪੈਰ ਤੇ ਧੋਖਾ ਖਾਂਦੀ ਹੈ । ਉਹ ਸਮੇਂ -ਸਮੇਂ ਤੇ ਮੋਮ ਵਾਂਗ ਪਿਗਲ ਕੇ ਢਲਦੀ ਰਹਿੰਦੀ ਹੈ ਤੇ ਮੋਮਬੱਤੀ ਵਾਂਗ ਜਲ ਕੇ ਖਤਮ ਹੁੰਦੀ ਰਹਿੰਦੀ ਹੈ। ਜੀਊਣ ਲਈ ਠੁੰਮਣਾ ਲੱਭਦੀ ਰਹਿੰਦੀ ਹੈ ।ਉਹ ਜ਼ਿੰਦਗੀ ਦੀ ਬੇਹਤਰੀ ਲਈ ਸੁਝਾਅ ਵੀ ਦਿੰਦੀ ਹੈ।ਆਪਣੇ ਪਿਆਰੇ ਵਿੱਚੋਂ ਕਾਇਨਾਤ ਭਾਲਦੀ ਹੈ ਪਰ ਇਸ ਗੱਲੋਂ ਦੁੱਖੀ ਹੈ ਕਿ ਪਿਆਰ ਤੇ ਵੀ ਬਜ਼ਾਰ ਭਾਰੂ ਹੋ ਗਿਆ ਹੈ।

ਔਰਤ ਜ਼ਿੰਦਗੀ ‘ਚ ਸ਼ਾਂਤੀ ਭਾਲਦੀ ਹੈ ਦੁਨੀਆਦਾਰੀ ਨੂੰ ਹੰਢਾਉਦੀ ਹੋਈ ਉਹ ਇਕਾਂਤ ਭਾਲਦੀ ਹੈ-: ਕਈ ਵਾਰੀ ਉਹ ਭੀੜ ਤੋਂ ਦੂਰ ਆਪਣੇ-ਆਪ ਦੀ ਤਲਾਸ਼ ਵਿੱਚ ਰਹਿੰਦੀ ਹੈ। ਸੁਨਹਿਰੀ ਆਸ ਦੀ ਕਿਰਨ ਲੱਭਦੀ ਰਹਿੰਦੀ ਹੈ । ਇਸੇ ਚੱਕਰ ਵਿੱਚ ਨਾਰੀ ਸ਼ਕਤੀ ਕਦੇ ਮਾਂ, ਕਦੇ ਧੀ, ਕਦੇ ਭੈਣ ਤੇ ਕਦੇ ਬੀਵੀ ਬਣਦੀ ਹੈ। ਹਰ ਹਾਲਤ ਵਿਚ ਉਹ ਪਿਆਰ ਨੂੰ ਆਪਣਾ ਗਹਿਣਾ ਬਣਾਉਂਦੀ ਹੈ।

ਕਵਿਤਰੀ ਔਰਤ ਨੂੰ ਸਕਾਰਾਤਮਕ ਵਿਚਾਰਾਂ ਦੀ ਧਾਰਨੀ ਬਣਾਉਣਾ ਚਾਹੁੰਦੀ ਹੈ। ਉਹ ਚਾਹੁੰਦੀ ਹੈ ਕਿ ਔਰਤ ਗਲਤ ਪ੍ਰੰਪਰਾਵਾਂ ਨੂੰ ਤੋੜਨ ਦੇ ਸਮਰਥ ਹੋਣੀ ਚਾਹੀਦੀ ਹੈ। ਔਰਤ ਨੂੰ ਨਿਰਬਲ, ਬੇਬਸ, ਜਾਂ ਨਿਆਸਾਰੀ ਦੇ ਲੇਵਲਾਂ ਨੂੰ ਲਾਹੁਣ ਦੇ ਸਮਰਥ ਬਣਨਾ ਚਾਹੀਦਾ ਹੈ।

ਕਵਿਤਰੀ ਮਾਂ ਦੇ ਰੂਪ ਨੂੰ ਸਭ ਤੋਂ ਵੱਧ ਮਾਨਤਾ ਦਿੰਦੀ ਹੈ ਤੇ ਕਈ ਕਵਿਤਾਵਾਂ ਇਸੇ ਰੂਪ ਨੂੰ ਸਮਰਪਤ ਲਿਖੀਆਂ ਹਨ। ਉਹ ਬਚਪਨ ਵਿੱਚ ਮਾਂ ਨਾਲ ਬਿਤਾਏ ਸਮੇਂ ਨੂੰ ਆਪਣੀਆਂ ਰਚਨਾਵਾਂ ਦੇ ਵਿਸ਼ੇ ਬਣਾਉਂਦੀ ਹੈ। ਇਸ ਦੇ ਨਾਲ ਹੀ ਉਹ ਭਰੂਣ ਹੱਤਿਆ ਦੇ ਖਿਲਾਫ਼ ਵੀ ਆਵਾਜ਼ ਉਠਾਉਂਦੀ ਹੈ। ਉਹ ਆਪਣੇ ਬਚਪਨ ਦੀਆਂ ਆਲੀਆਂ-ਤੋਲੀਆਂ ਖੇਡਾਂ ਨੂੰ, ਆਪਣੇ ਬਚਪਨ ਦੇ ਸਾਥੀ ਬੱਚਿਆਂ ਨੂੰ ਵੀ ਯਾਦ ਕਰਦੀ ਹੈ। ਅਜੇ ਤਕ ਭੁਲੀ ਨਹੀਂ ਹੈ।

ਕਵਿਤਰੀ ਭੀੜਾਂ ਵਿੱਚ ਵੀ ਇਕੱਲਤਾ ਹੰਢਾਉਂਦੀ ਹੈ। ਇਹ ਤਰਾਸਦੀ ਹਰ ਸੰਵੇਦਨਸ਼ੀਲ ਮਨੁੱਖ ਨਾਲ ਵਾਪਰਦੀ ਹੈ। ਭਾਵੇਂ ਕੋਈ ਲੇਖਕ,ਕਲਾਕਾਰ ਤੇ ਚਿੰਤਕ ਹੋਵੇ ਉਹ ਲਿਖਦੀ ਹੈ:-

“ਕੁਝ ਆਪਣੇ, ਕੁਝ ਬੇਗਾਨੇ ਨੇ, ਫਿਰ ਵੀ ਇਕੱਲੀ ਪਤਾ ਨਹੀ ਕਿਉਂ?”

ਸਮਾਜ ਦੇ ਹਰ ਦੁੱਖ, ਵਧੀਕੀ ਨੂੰ ਉਹ ਧੁਰ ਅੰਦਰ ਤੋਂ ਮਹਿਸੂਸ ਕਰਦੀ ਹੈ- ਉਹ ਕੁੜੀਆਂ ਬਾਰੇ ਵੀ ਲਿਖਦੀ ਹੈ।

ਫੁੱਲਾਂ ਵਰਗੀਆਂ ਕੁੜੀਆਂ ਦੀ ਬੁਰੀ ਗੱਤ ਹੁੰਦੀ ਵੇਖ ਕੇ ਕਵਿਤਰੀ ਦਾ ਮਨ ਦੁੱਖੀ ਹੋ ਜਾਂਦਾ ਹੈ ਤੇ ਅਦਾਲਤਾਂ ਅਤੇ ਹੋਰ ਪ੍ਰਸ਼ਾਸ਼ਨਕ ਤੰਤਰ ਵੀ ਕੁਝ ਨਹੀਂ ਕਰਦਾ। ਹਰ ਥਾਂ ਖੱਜਲ-ਖੁਆਰੀ ਹੀ ਪੱਲੇ ਪੈਂਦੀ ਹੈ। ਉਹ ਲਿਖਦੀ ਹੈ :-

“ਇੱਕ ਤਰਫ ਨਵਰਾਤਰੇ ਦੇ ਵਰਤ ਰੱਖਣਗੇ

ਦੁਰਗਾ, ਕਾਲੀ, ਬੇਬੇ ਨਾਨਕੀ ਦਾ ਨਾਂ ਲੈਣਗੇ

ਤੇ ਦੂਜੇ ਪਾਸੇ ਉਸ ਦੇ ਰੂਪ ਨੂੰ ਪੈਰਾਂ ‘ਚ ਰੋਲ ਰਹੇ ਨੇ।”

ਔਰਤ ਸਬਰ ਨਾਲ ਹਰ ਰਿਸ਼ਤੇ ਨੂੰ ਨਿਭਾਉਂਦੀ ਹੈ ਭਾਵੇਂ ਇਹ ਰਿਸ਼ਤੇ ਮਜ਼ਬੂਰੀ ਵਿੱਚ ਹੀ ਨਿਭਾਉਣੇ ਪੈਂਦੇ ਹਨ। ਉਹ ਘਰ, ਦਫ਼ਤਰ, ਪਤੀ-ਸੱਸ ਪ੍ਰਤੀ ਤੇ ਬੱਚਿਆਂ ਪ੍ਰਤੀ ਆਪਣੀ ਹਰ ਜ਼ਿੰਮੇਵਾਰੀ ਨੂੰ ਸ਼ਿੱਦਤ ਨਾਲ ਨਿਭਾਉਂਦੀ ਹੋਈ ਵੀ ਨਿਤਾਣੀ, ਬਦਚਲਣ ਆਦਿ ਦੇ ਖਿਤਾਬ ਪ੍ਰਾਪਤ ਕਰਦੀ ਹੈ। ਔਰਤ ਲਈ ਹਰ ਮੁਹਾਜ਼ ਤੇ ਬੰਦਸ਼ਾਂ ਹਨ ਪਰ ਮਰਦ ਆਪਣੀ ਪੂਰੀ ਖੁਲ੍ਹ ਮਾਣਦਾ ਹੈ। ਉਹ ਕਿਸੇ ਵੀ ਰਿਸ਼ਤੇ ਨੂੰ ਜੁਬਾਬਦੇਹ ਨਹੀਂ ਹੈ। ਉਹ ਔਰਤ ਨੂੰ ਸਵਾਲ ਕਰਦੀ ਹੈ ਕਿ ‘ਔਰਤ ਤੂੰ ਕੋਰਾ ਕਾਗਜ਼ ਏਂ- ਇਹ ਜਿਹੜਾ ਮਰਜ਼ੀ ਆਪਣੀ ਅਵਾਰਤ ਲਿਖ ਲਵੇ- ਆਪੇ ਉਤਰ ਦਿੰਦੀ ਹੈ- ਐ ਔਰਤ ਆਪਣੀ ਹੋਣੀ ਖੁਦ ਲਿਖੇ ਬਿਨ੍ਹਾਂ ਕਿਸੇ ਡਰ ਦੇ ਆਪਣੇ ਹੱਕ ਪ੍ਰਾਪਤ ਕਰ’।

ਉਸ ਨੂੰ ਦੁੱਖ ਹੈ ਕਿ ਮਰਦ ਜੇ ਗਾਲਾਂ ਵੀ ਕੱਢਦਾ ਹੈ ਤਾਂ ਉਹ ਵੀ ਔਰਤ ਦੇ ਨਾਮ ਤੇ ਮਾਂ-ਧੀ ਕੀਤੀ ਜਾਂਦੀ ਹੈ। ਔਰਤ ਤੇ ਅਤਿਆਚਾਰ ਅਜੇ ਵੀ ਰੁਕਣ ਦਾ ਨਾਮ ਨਹੀਂ ਲੈਂਦੇ। ਮਰਦ ਪ੍ਰਧਾਨ ਸਮਾਜ ਵਿੱਚ ਪਿਆਰ ਕਰਨ, ਕੱਪੜਿਆਂ ਤੇ, ਜਵਾਨ ਔਰਤਾਂ ‘ਤੇ ਸਖ਼ਤ ਨਜ਼ਰਾਂ ਰੱਖੀਆਂ ਜਾਂਦੀਆ ਹਨ।

“ਵਿਧਵਾ ਹੋਵੇ ਤਾਂ ਬਦਚਲਣ

ਦੂਜਾ ਵਿਆਹ ਕਰ ਲਵੇ  ਤਾਂ ਬਦਚਲਣ

ਲਵ ਮੈਰਿਜ ਕਰੇ ਤਾਂ ਬਦਚਲਣ

ਕਿਉਂ ਹੋ ਰਹੇ ਹਨ ਏਨੇ ਅਤਿਆਚਾਰ।”

ਉਸ ਨੂੰ ਮਰਦਾਂ ਦੇ ਦੋਗਲੇ ਚਾਲਚਲਣ ਤੇ ਵੀ ਦੁੱਖ ਹੈ। ਉਹ ਆਪਣੇ ਬਾਰੇ ਬਿਆਨ ਕਰਦੀ ਹੈ ਕਿ ਉਸਨੇ ਗ਼ਮ ਦਾ ਕਦੇ ਢੰਡੋਰਾ ਨਹੀਂ ਪਿਟਿਆ। ਸਗੋਂ ਦਲੇਰੀ ਨਾਲ ਆਪਣੇ ਅਸੂਲਾਂ ‘ਤੇ ਚਲਦਿਆਂ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ। ਆਪਣੇ ਦਰਦਾਂ ਨੂੰ ਦੁਆ  ਦੂਣਾ ਬਣਾਇਆ ਹੈ। ਇਸ਼ਾਰਾ ਕਰਦੀ ਹੈ ਕਿ ਔਰਤ ਦੀ ਸਹਿਣਸ਼ੀਲਤਾ ਨੂੰ ਗਲਤ ਅਰਥ ਨਾ ਦਿੱਤੇ  ਜਾਣ। ਉਹ ਔਰਤ ਨੂੰ ਆਪਣੇ ਹੱਕ ਲਈ ਲੜਨ ਲਈ ਪ੍ਰੇਰਦੀ ਹੈ। ਉਸ ਨੂੰ ਕੁਦਰਤ ਤੇ ਵੀ ਗਿਲਾ ਹੈ ਕਿ ਕੁਦਰਤ ਸਭ ਨੂੰ ਬਰਾਬਰ ਕਿਉਂ ਨਹੀਂ ਰੱਖਦੀ। ਗਮ ਤੇ ਖੁਸ਼ੀਆਂ ਸਭ ਨੂੰ ਬਰਾਬਰ ਕਿਉਂ ਨਹੀਂ ਦਿੰਦੀ। ਕੁਦਰਤ ਦੇ ਅਸੂਲ ਬਰਾਬਰ ਲਾਗੂ ਕਿਉਂ ਨਹੀਂ ਹੁੰਦੇ?

ਕਵਿਤਰੀ ਨੂੰ ਮਹਜਬਾਂ ਦੀਆਂ ਦੀਵਾਰਾਂ ਵੀ ਸੱਲਦੀਆਂ ਹਨ। ਇਨਸਾਨੀਅਤ ਤੋਂ ਦੂਰ ਜਾ ਰਹੀ ਤਹਿਜ਼ੀਬ ਵੀ ਉਸ ਨੂੰ ਦੁੱਖੀ ਕਰਦੀ ਹੈ। ਸਾਂਝੇ ਸਭਿਆਚਾਰ ਵੱਲ ਇਸ਼ਾਰਾ ਕਰਦੀ ਲਿਖਦੀ ਹੈ ਕਿ ਧੀਆਂ, ਭੈਣਾਂ ਸਭ ਦੀਆਂ ਸਾਂਝੀਆਂ ਸਮਝੀਆਂ ਜਾਂਦੀਆਂ ਸਨ ਪਰ ਸਮਾਜਿਕ ਤਬਦੀਲੀਆਂ ਕਾਰਨ ਇਹ ਮਿਥ ਟੁਟਦੀ ਨਜ਼ਰ ਆ ਰਹੀ ਹੈ। ਵਿਦੇਸ਼ ਵਿੱਚ ਬੈਠੀ ਵੀ ਉਹ ਆਪਣੇ ਦੇਸ਼ ਲਈ ਏਨਾ ਦਰਦ ਰੱਖਦੀ ਹੈ ਕਿ ਆਪਣੇ ਵਤਨ ਦੇ ਪਤਨ ਤੇ ਹੰਝੂ ਕੇਰਦੀ ਹੈ ਤੇ ਇਸ ਦੀ ਸਲਾਮਤੀ ਲਈ  ਦੁਆਵਾਂ ਕਰਦੀ ਹੈ।

“ਪੂਰਾ ਭਾਰਤ ਹੈ ਜਲ ਰਿਹਾ ,

ਇਨਸਾਨੀਅਤ ਖ਼ਤਮ ਹੋ ਰਹੀ

ਧੀ ਕੋਈ ਸੁਰੱਖਿਅਤ ਨਹੀਂ

ਪੁੱਤਰ ਕੋਈ ਸੁੱਰਖਿਅਤ ਨਹੀਂ”।

ਕਸ਼ਮੀਰ ਦੀ ਤਰਾਸਦੀ ਨੂੰ ਉਹ ਆਪਣੀ ਕਵਿਤਾ “ਕਸ਼ਮੀਰੀ ਸੇਬ” ਵਿੱਚ ਬਿਆਨ ਕਰਦੀ ਹੈ। ਸੇਬ ਦੇ ਪ੍ਰਤੀਕ ਨਾਲ ਦਸਦੀ  ਹੈ ਕਿ ਧਰਤੀ ਦੇ ਸਵਰਗ ਕਸ਼ਮੀਰ ਨੂੰ ਉਜਾੜ ਦਿੱਤਾ ਗਿਆ ਹੈ। ਉਹ ਬਾਖ਼ੂਬੀ ਸਮਝਦੀ ਹੈ ਕਿ ਇਥੇ ਧਰਤੀ, ਫ਼ਸਲ ਤੇ ਨਸਲ ਨੂੰ ਰੋਂਦਿਆਂ ਗਿਆ ਹੈ। ਹਿੰਦੂ, ਮੁਸਲਿਮ ਦਾ ਪਾੜਾ ਦੇਸ਼ ਵਿੱਚ ਵਧਾਇਆ ਗਿਆ ਹੈ। ਸਦੀਆਂ ਤੋਂ ਆ ਰਹੀ ਸਭਿਆਚਾਰਕ ਸਾਂਝ ਨੂੰ ਸੂਲੀ ਤੇ ਟੰਗਿਆ ਗਿਆ ਜਾ ਰਿਹਾ ਹੈ।

ਤੂੰ ਸਿੱਖ ਤੂੰ ਹਿੰਦੂ ਤੂੰ ਮੁਸਲਿਮ ਦੀ ਗੱਲ ਚੱਲੀ

ਇਨਸਾਨੀਅਤ ਦੀਆਂ ਉੱਡ ਰਹੀਆਂ ਧੱਜੀਆਂ

ਧਰਮ ਧਰਮ ਦਾ ਅਲੱਗ ਰਾਗ ਚਲ ਰਿਹਾ ਆ।”

ਪੰਜਾਬੀ ਮਾਂ ਬੋਲੀ ਬਾਰੇ ਵੀ ਬਹੁਤ ਸੰਜੀਦਾ ਹੈ- ਮਾਂ ਬੋਲੀ ਨੂੰ ਉਹ ਗੋਰਿਆਂ ਦੇ ਦੇਸ਼ ਵਿੱਚ ਸਾਲਾਂ ਬੱਧੀ ਰਹਿਕੇ ਉਹਨਾ ਨਾਲ ਅੰਗਰੇਜ਼ੀ ‘ਚ ਵਾਰਤਾਲਾਪ ਕਰਦੀ ਕਰਦੀ ਪੰਜਾਬੀ ਨੂੰ ਕਦੇ ਨਹੀਂ ਭੁਲਦੀ:-

‘ਜੇ ਆਪਣੀ ਬੋਲੀ ਆਪਣੀ ਤਹਿਜੀਬ ਸਿੱਖਣੀ ਹੈ

….ਆਪਣੀ ਮਾਂ ਦੇ ਛੋਟੇ ਜਿਹੇ ਆਂਚਲ ਤੋਂ ਸਿੱਖ ਲੈਣਾ

ਤੇ ਕਿਸੇ ਮਸੂਮ ਬੱਚੇ ਤੋਂ ਸਮਝ ਲੈਣਾ।”

ਸਾਡੇ ਦੇਸ਼ ਵਿੱਚ ਚੋਣਾਂ ‘ਚ ਹੁੰਦੀਆਂ ਧਾਂਦਲੀਆਂ ਬਾਰੇ ਵੀ ਉਸ ਦੀ ਕਲਮ ਵਿਰੋਧ ਕਰਦੀ ਹੈ। ਵਿਕਾਊ ਮੀਡੀਆ ਵੀ ਉਸ ਦੀ ਕਲਮ ਦੀ ਮਾਰ ਤੋਂ ਬਚ ਨਹੀਂ ਸਕਿਆ। ਮੰਦਰਾਂ, ਮਸਜ਼ਿਦਾਂ ਤੇ ਗੁਰਦੁਆਰਿਆਂ ਵਿੱਚ ਰੱਬ ਦੇ ਨਾਮ ‘ਤੇ ਹੁੰਦੀ ਧੋਖਾਧੜੀ ਵੀ ਉਸ ਦੀ ਕਵਿਤਾ ਵਿੱਚ ਉਭਰ ਕੇ ਸਾਹਮਣੇ ਆਈ ਹੈ।

ਕਵਿਤਰੀ ਅੰਦਰ ਜਜ਼ਬਾਤਾਂ ਦੇ ਹੜ੍ਹ ਹਨ। ਇਹਨਾਂ ਨੂੰ ਸਹੀ ਪਹਿਰਾਵਾ ਪਹਿਨਾਉਣ ਲਈ, ਸਹੀ ਵੇਗ ‘ਚ ਪ੍ਰਗਟ ਕਰਨ ਲਈ ਕਵਿਤਾ ਦੇ ਰੂਪਕ ਪੱਖਾਂ ਨੂੰ ਵੀ ਨੀਝ ਨਾਲ ਤੱਕਣ ਦੀ ਲੋੜ ਹੈ। ਨਿੱਜ ਨੂੰ ਪਰ ਵਿੱਚ ਢਾਲਣ ਦੀ ਜਾਂਚ ਵੱਲ ਵਧਣ ਦੀ ਲੋੜ ਹੈ।

ਏਨਾ ਕੁਝ ਕਹਿ ਕੇ ਵੀ ਕਵਿਤਰੀ ਪੁੱਛਦੀ ਹੈ ਕਿ “ਕੀ ਕਹਾਂ” ਅਜੇ ਵੀ ਉਹ ਆਪਣੇ ਅੰਦਰ ਲਾਵਾ ਭਰਿਆ ਮਹਿਸੂਸ ਕਰਦੀ ਹੈ ਅਤੇ ਬਹੁਤ ਕੁਝ ਕਹਿਣ ਵਾਲਾ ਰਹਿੰਦਾ ਹੈ। ਅਜੇ ਤਾਂ ਗੋਹੜੇ ਵਿਚੋਂ ਦੂਜੀ ਪੂਣੀ ਕੱਤੀ ਹੈ। ਅਜੇ ਤਾਂ ਪੂਰਾ ਗੋਹੜਾ ਕੱਤਣ ਵਾਲਾ ਪਿਆ ਹੈ। ਆਸ ਕਰਦੇ ਹਾਂ ਕਿ ਕਵਿਤਰੀ ਇਸ ਤੋਂ ਵੀ ਵਧੀਆ ਤੰਦ ਪਾਵੇਗੀ। ਆਪਣੇ ਅੰਦਰਲੇ ਹੜ੍ਹ ਨੂੰ ਕਵਿਤਾ ਦੀਆਂ ਬੰਦਸ਼ਾਂ ਵਿੱਚ ਢਾਲਣ ਦੀ ਕੋਸ਼ਿਸ਼ ਕਰੇਗੀ। ਉਸ ਦੀ ਅਨੂਠੀ ਮਿਹਨਤ ਅਤੇ ਪ੍ਰਾਪਤੀ ਤੇ ਮੁਬਾਰਕ ਦਿੰਦੇ ਹਾਂ।

-ਰਵਿੰਦਰ ਚੋਟ

-9872673703

 

 

 

 

 

 

 

 

ਸਾਂਝਾ ਕਰੋ

ਪੜ੍ਹੋ

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ/ਡਾ. ਨਿਵੇਦਿਤਾ ਸਿੰਘ

ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੀ ਸਥਾਪਨਾ ਦੀ 63ਵੀਂ ਵਰ੍ਹੇਗੰਢ ਮਨਾ ਰਹੀ...