ਕਿਤਾਬ ਪੜਚੋਲ/ ਗੁਰਮੀਤ ਸਿੰਘ ਪਲਾਹੀ

ਕਿਤਾਬ     :-  ਸੁਕਰਾਤ ਕਦੇ ਮਰਦਾ ਨਹੀਂ (ਨਾਵਲ)

ਲੇਖਕ       :-  ਗੁਰਚਰਨ ਨੂਰਪੁਰ

ਪ੍ਰਕਾਸ਼ਕ     :- ਸੰਗਮ ਪਬਲੀਕੇਸ਼ਨਜ਼, ਸਮਾਣਾ

ਮੁੱਲ         :- 200 ਰੁਪਏ

ਗੁਰਚਰਨ ਨੂਰਪੁਰ ਪੰਜਾਬੀ ਦਾ ਪ੍ਰਸਿੱਧ ਕਾਲਮਨਵੀਸ ਤਾਂ ਹੈ ਹੀ, ਉਹ ਇੱਕ ਲੇਖਕ, ਵਾਰਤਕ ਲੇਖਕ, ਕਵੀ ਅਤੇ ਸਫ਼ਲ ਨਾਵਲਕਾਰ ਹੈ। ਹੱਥਲੀ ਕਿਤਾਬ ਸਮੇਤ ਹੁਣ ਤੱਕ ਉਹ 13 ਕਿਤਾਬਾਂ ਪੰਜਾਬੀ ਪਾਠਕਾਂ ਨੂੰ ਦੇ ਚੁੱਕਾ ਹੈ।

ਪ੍ਰਸਿੱਧ ਫ਼ਿਲਾਸਫਰ ਸੁਕਰਾਤ ਦੇ ਫ਼ਲਸਫੇ ਨੂੰ ਦੁਨੀਆ ਮੰਨਦੀ ਹੈ। ਉਸਦੇ ਪੈਰੋਕਾਰਾਂ ਸਮੇਤ ਪਲੇਟੋ ਦੇ ਉਸਦੇ ਜੀਵਨ-ਆਦਰਸ਼ ਨੂੰ ਲੋਕਾਂ ਤੱਕ ਪਹੁੰਚਾਇਆ, ਕਿਉਂਕਿ ਸੁਕਰਾਤ ਨੇ ਇੱਕ ਵੀ ਸ਼ਬਦ ਨਹੀਂ ਲਿਖਿਆ, ਸਗੋਂ ਵਿਚਾਰਾਂ ਦੇ ਪ੍ਰਵਾਹ ਨੂੰ ਲੋਕ-ਚੇਤਨਾ ‘ਚ ਪਹੁੰਚਾਉਣ ਲਈ ਲੋਕਾਂ ਤੱਕ ਆਪੂੰ ਪਹੁੰਚ ਕੀਤੀ, ਉਹਨਾ ਸੰਗ ਗੋਸਟੀਆਂ ਕੀਤੀਆਂ, ਵਿਚਾਰਾਂ ਦੀ ਸਾਂਝ ਪਾਈ, ਬਾ-ਦਲੀਲ ਲੋਕਾਂ ਨੂੰ ਆਪਣੇ ਜੀਵਨ ਦਾ ਨਵਾਂ ਫ਼ਲਸਫਾ ਸਮਝਾਇਆ। ਭਾਵੇਂ ਇਹਨਾ ਨਵੇਂ ਵਿਚਾਰਾਂ ਕਾਰਨ ਉਸਨੂੰ “ਜ਼ਹਿਰ ਦਾ ਪਿਆਲਾ” ਪੀਣਾ ਪਿਆ।

ਇਸ ਸਾਰੇ ਬਿਰਤਾਂਤ ਨੂੰ ਗੁਰਚਰਨ ਨੂਰਪੁਰ ਪੂਰੀ ਰੋਚਿਕਤਾ ਨਾਲ 150 ਸਫ਼ਿਆਂ ‘ਚ ਬਿਆਨਦਾ ਹੈ।ਉਸਦੇ ਫ਼ਲਸਫੇ ਨੂੰ ਅੱਜ ਦੇ ਸੰਦਰਭ ‘ਚ ਪੇਸ਼ ਕਰਦਾ ਅਤੇ ਇਹ ਦਰਸਾਉਣ ਵਿੱਚ ਕਾਮਯਾਬ ਰਹਿੰਦਾ ਹੈ ਕਿ ਸੱਚ ਕਦੇ ਮਰਦਾ ਨਹੀਂ। ਸੱਚ ਨੂੰ ਕਦੇ ਫਾਂਸੀ ਨਹੀਂ ਹੋ ਸਕਦੀ।

ਨੂਰਪੂਰ 20 ਕਾਂਡਾਂ ‘ਚ ਨਾਵਲ ਨੂੰ ਸਮੇਟਦਾ ਹੈ। ਉਸਦੇ ਪਾਤਰ ਸੁਕਰਾਤ, ਪਲੈਟੋ ਸਮੇਤ ਉਸਦੇ ਹੋਰ ਚੇਲੇ, ਮਿਸਰ ਦਾ ਵਿਦਵਾਨ ਇਕੂਲਾਈਡਸ, ਜੇਬੀ (ਸੁਕਰਾਤ ਦੀ ਪਤਨੀ) ਫ਼ਿਲਾਸਫਰ ਟ੍ਰੋਬੋਲਸ, ਮੈਲੀਟਸ, ਲਾਈਕਾਕ, ਐਨੀਟਸ (ਸੁਕਰਾਤ ਨੂੰ ਸਜ਼ਾ ਦਿਵਾਉਣ ਵਾਲੇ ਗਵਾਹ ਅਤੇ ਕੁਝ ਕਲਪਿਤ ਪਾਤਰ ਜੈਨੋਅਸ, ਨੀਲਕ, ਸੈਰੇਮਨ, ਸਕਾਈਬੇ) ਸਿਰਜੇ ਹਨ, ਜਿਹਨਾ ਦਾ ਸੰਵਾਦ ਅਤੇ ਵਰਤਾਰਾ ਨਾਵਲ ‘ਚ ਰੌਚਕਤਾ ਪੈਦਾ ਕਰਦਾ ਹੈ।

ਗੁਰਚਰਨ ਨੂਰਪੁਰ ਨਾਵਲ ਦੇ ਹਰ ਕਾਂਡ ਵਿੱਚ ਸੰਜੀਦਾ ਅਤੇ ਵਿਗਿਆਨਕ ਸੰਵਾਦ ਰਚਾਉਂਦਾ ਹੈ। ਪਾਤਰ ਦੇ ਮੂੰਹੋ ਅਨੁਭਵੀ ਨਿਰਣੇ ਕਹਾਉਂਦਾ ਹੈ। ਨਾਵਲ ਵਿੱਚ ਉਹ ਉਹਨਾ ਪਾਤਰਾਂ ਦੇ ਕਿਰਦਾਰ ਨੂੰ ਨੰਗਾ ਕਰਦਾ ਹੈ, ਜਿਹੜੇ ਮੌਕਾਪ੍ਰਸਤੀ ਅਤੇ ਸਵਾਰਥ ਅਧੀਨ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪੀਣ ਲਈ ਮਜ਼ਬੂਰ ਕਰਦੇ ਹਨ। ਦੂਜੇ ਪਾਸੇ ਨੀਲਮ ਵਰਗੇ ਪਾਤਰਾਂ ਰਾਹੀਂ ਸੁਕਰਾਤ ਦੀ ਨੇਕੀ, ਨਿਆਂ ਅਤੇ ਇਨਸਾਫ਼, ਦੀ ਗੱਲ ਉਹ ਬਾਖ਼ੂਬੀ ਬਿਆਨਦਾ ਹੈ ਅਤੇ ਜੈਨੋਅਸ ਦੀ ਕੁਰਬਾਨੀ ਨੂੰ ਬਿਆਨਣਾ ਵੀ ਨਹੀਂ ਭੁੱਲਦਾ । ਸੁਕਰਾਤ ਵਰਗੀ ਸਖ਼ਸ਼ੀਅਤ ਜਿਹੜੀ ਇਸ ਗੱਲ ਦੀ ਮੁੱਦਈ ਹੈ ਕਿ “ਮੈਂ ਤੁਹਾਡੇ ਜਾਹਲਾਂ ਤੋਂ ਜ਼ਿੰਦਗੀ ਦੀ ਭੀਖ ਕਿਉਂ ਮੰਗਾਂ?” ਦੇ ਫ਼ਲਸਫੇ, ਜੀਵਨ-ਸਿਧਾਂਤ, ਵਿਚਾਰਾਂ ਨੂੰ ਅਤੇ ਉਸਦੇ ਜੀਵਨ ਬਿਰਤਾਂਤ ਨੂੰ ਗੁਰਚਰਨ ਨੂਰਪੁਰ ਨੇ ਨਾਵਲ ‘ਚ ਬਾਖ਼ੂਬੀ ਬਿਆਨਿਆ ਹੈ। ਅਸਲ ‘ਚ ਇਹੋ ਹੀ ਰਚਨਾ ਦਾ ਮੰਤਵ ਸੀ। ਲੇਖਕ ਦੇ ਸ਼ਬਦਾਂ ‘ਚ “ਸੁਕਰਾਤ” ਦਾ ਦੌਰ ਧਰਮ ਅਤੇ ਰਾਜਨੀਤੀ ਦੇ ਗੱਠਜੋੜ ਦੀ ਦਹਿਸ਼ਤ ਦਾ ਦੌਰ ਸੀ।ਅੱਜ ਵੀ ਸਮਾਜ ਵਿੱਚ ਅਜਿਹਾ ਹੀ ਹੋ ਰਿਹਾ ਹੈ। ਹਰ ਯੁੱਗ ਵਿੱਚ ਸੁਕਰਾਤ ਜ਼ਹਿਰ ਪੀਂਦਾ ਹੈ ਤਾਂ ਸਮਝ ਲਿਆ ਜਾਂਦਾ ਹੈ ਕਿ ਉਹ ਮਰ ਗਿਆ ਹੈ ਪਰ ਹਰ ਯੁੱਗ ਵਿੱਚ ਉਹ ਫਿਰ ਪਰਤਦਾ ਹੈ,ਸੁੱਤੀਆਂ ਜ਼ਮੀਰਾਂ ਨੂੰ ਹਲੂਣਾ ਦੇਣ ਲਈ ਕਿਸੇ ਨਾ ਕਿਸੇ ਚੌਰਾਹੇ ‘ਤੇ ਖੜ੍ਹਕੇ ਸ਼ਰੇ ਬਜ਼ਾਰ ਹਕੂਮਤਾਂ ਨੂੰ ਲਲਕਾਰਦਾ ਹੈ”।

ਨਾਵਲ ਦੀ ਸ਼ੈਲੀ ਰੌਚਿਕ ਹੈ। ਵਾਕ ਬਣਤਰ ਸਰਲ ਹੈ। ਸੌਖੀ ਹੈ। ਨਾਵਲੀ ਕਲਾ ‘ਚ ਨਾਟਕੀ ਜੁਗਤ ਹੈ। ਲੇਖਕਾਂ, ਵਿਦਵਾਨਾਂ ਨਾਲ ਉਸਦਾ ਵਾਰਤਾਲਾਪ ਕਿਧਰੇ ਵੀ ਆਮ ਬੰਦੇ ਦੀ ਸਮਝ ਤੋਂ ਪਰ੍ਹੇ ਨਹੀਂ ਹੈ। ਨਾਵਲ ‘ਚ ਲੇਖਕ ਸਵਾਲ ਖੜੇ ਕਰਦਾ ਹੈ, ਉਹਨਾ ਸਵਾਲਾਂ ਦੇ ਜਵਾਬ ਲੱਭਦਾ ਹੈ। ਇਹੋ ਹੀ ਜੀਵਨ ਨੂੰ ਜਾਨਣ ਤੇ ਪਰਖਣ ਲਈ ਜ਼ਰੂਰੀ ਹੈ(ਕੜਿਆੜਵੀ) ਉਸਦੇ ਪਹਿਲੇ ਨਾਵਲ ਨੇ ਪਾਠਕਾਂ ਦੇ ਵਿਹੜੇ ਸੂਖ਼ਮ ਤਰਥੱਲੀ ਪਾਈ ਹੈ। ਪੰਜਾਬੀ ਗਲਪ ਵਿੱਚ ਇੱਕ ਮਹੱਤਵਪੂਰਨ ਪੈੜ ਪਾਈ ਹੈ। ਸੁਕਰਾਤ ਸਾਡੇ ਸ਼ਬਦ-ਸੰਸਾਰ ਵਿੱਚ ਵਿਦਰੋਹੀ ਚਿਨ੍ਹ ਵਜੋਂ ਵਰਤਿਆਂ ਜਾਣ ਵਾਲਾ ਪੁਰਾਣਾ ਨਾਮ ਹੈ।ਹਰ ਸੋਚਵਾਨ ਪਾਠਕ ਲਈ ਇਹ ਨਾਮ ਖਿੱਚ ਤੇ ਉਤਸੁਕਤਾ ਦਾ ਕਾਰਕ ਹੈ। (ਡਾ: ਦੇਵਿੰਦਰ ਸੈਫੀ)

ਨੂਰਪੁਰ ਨੇ ਇਹ ਨਾਵਲ “ਸੁਕਰਾਤ ਕਦੇ ਮਰਦਾ ਨਹੀਂ” ਸੀਰੀਆ ਦੇ ਲੋਕਾਂ ਲਈ ਨਿਆਂ ਇਨਸਾਫ਼ ਦੀ ਲੜਾਈ ਲੜਨ ਵਾਲੀ ਜਾਂਬਾਜ਼ ਹੈਵਰੀਨ ਖਲਫ਼ ਦੇ ਨਾਂ ਕੀਤਾ ਹੈ, ਜਿਸਨੂੰ ਅਕਤੂਬਰ 2019 ਵਿੱਚ ਗੋਲੀਆਂ ਮਾਰਕੇ ਸ਼ਹੀਦ ਕੀਤਾ ਗਿਆ। ਇਸ ਨਾਵਲ ਨੂੰ ਪਾਠਕਾਂ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ।

ਗੁਰਮੀਤ ਸਿੰਘ ਪਲਾਹੀ

-9815802070

ਸਾਂਝਾ ਕਰੋ

ਪੜ੍ਹੋ

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ/ਡਾ. ਨਿਵੇਦਿਤਾ ਸਿੰਘ

ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੀ ਸਥਾਪਨਾ ਦੀ 63ਵੀਂ ਵਰ੍ਹੇਗੰਢ ਮਨਾ ਰਹੀ...