
ਪੁਸਤਕ :- ਗਰੀਕ ਸਫ਼ਰਨਾਮਾ
ਲੇਖਕ :- ਡਾ. ਸਰਬਜੀਤ ਸਿੰਘ ਛੀਨਾ
ਪ੍ਰਕਾਸ਼ਕ :- ਪੰਜਾਬੀ ਵਿਰਸਾ ਟੱਰਸਟ(ਰਜਿ.)ਫਗਵਾੜਾ
ਮੁੱਲ :- 200 ਰੁਪਏ
ਮਨੁੱਖਾਂ ਵਿੱਚੋਂ, ਮਨੁੱਖਾਂ ਰਾਹੀਂ ਅਤੇ ਮਨੁੱਖਾਂ ਲਈ ਕੀਤੀ ਗਈ ਕੋਈ ਵੀ ਰਚਨਾ ਅਸਲ ਵਿੱਚ ਸਾਹਿੱਤ ਅਖਵਾ ਸਕਦੀ ਹੈ। ਸਾਹਿੱਤ ਦਾ ਰੂਪ ਵੱਖਰਾ ਹੋ ਸਕਦਾ ਹੈ, ਵਾਰਤਕ ਜਾਂ ਕਵਿਤਾ। ਲੇਖਕ ਸਾਹਿੱਤ ਰਚਨਾ ਲਈ ਕੋਈ ਵੀ ਵਿਧੀ ਅਪਨਾ ਸਕਦਾ ਹੈ, ਕਹਾਣੀ, ਨਾਵਲ, ਲੇਖ, ਸਫ਼ਰਨਾਮਾ, ਪਰ ਉਸਦੀ ਮਨਸ਼ਾ ਇਕੋ ਹੁੰਦੀ ਹੈ ਜੀਵਨ-ਧਾਰਾ ਦਾ ਵੇਗ। ਕਿਉਂਕਿ ਇਹ ਹੀ ਸਾਹਿੱਤ ਦਾ ਸੋਮਾ ਹੈ।
ਪਿਛਲੇ ਦਸ ਸਾਲਾਂ ਦੇ ਸਮੇਂ ਵਿਚ ਪੰਜਾਬੀ ਵਿੱਚ ਬਹੁਤ ਘੱਟ ਸਫ਼ਰਨਾਮੇ ਲਿਖੇ ਗਏ ਹਨ। ਡਾ.ਸਰਬਜੀਤ ਸਿੰਘ ਛੀਨਾ ਦੇ ਗਰੀਕ ਸਫ਼ਰਨਾਮੇ ਵਿੱਚ ਜਿਥੇ ਡਾ.ਛੀਨਾ ਨੇ ਆਪਣੇ ਨਿੱਜੀ ਤਜ਼ਰਬਿਆਂ ਦਾ ਵਰਨਣ ਕੀਤਾ ਹੈ, ਉਥੇ ਗਰੀਕ (ਯੂਨਾਨ) ਦੇ ਸਮਾਜ ਦੇ ਸਮਾਜਿਕ, ਭੂਗੋਲਿਕ ਅਤੇ ਸਭਿਆਚਾਰਕ ਪਹਿਲੂਆਂ ਨੂੰ ਵੀ ਬਿਆਨਿਆ ਹੈ। ਸਫ਼ਰਨਾਮੇ ਦਾ ਇੱਕ ਵੱਡਾ ਹਾਸਲ ਇਹ ਹੈ ਕਿ ਉਥੇ ਵਸਦੇ-ਰਸਦੇ ਪੰਜਾਬੀਆਂ, ਭਾਰਤੀਆਂ ਦੇ ਜੀਵਨ ਅਤੇ ਉਥੇ ਦੇ ਲੋਕਾਂ ਚ ਰਚੇ-ਮਿਚੇ ਹੋਣ ਦੇ ਕਿਰਦਾਰ ਨੂੰ ਬਾਖ਼ੂਬੀ ਲਿਖਿਆ ਹੈ।
ਡਾ.ਸਰਬਜੀਤ ਸਿੰਘ ਛੀਨਾ ਪੰਜਾਬੀ ਦਾ ਪ੍ਰਸਿੱਧ ਵਿਦਵਾਨ,ਚਿੰਤਕ, ਆਰਥਿਕ ਵਿਗਿਆਨੀ, ਵਿਦਿਅਕ ਮਾਹਰ ਅਤੇ ਕਲਮਕਾਰ ਹੈ, ਜੋ ਵੱਖੋ-ਵੱਖਰੇ ਸਮਾਜਿਕ, ਆਰਥਿਕ ਵਿਸ਼ਿਆਂ ਉਤੇ ਬੇਬਾਕੀ ਨਾਲ ਲਿਖਣ ਦਾ ਦਮ ਰੱਖਦਾ ਹੈ।ਵੱਖੋ-ਵੱਖਰੀਆਂ ਸਮਾਜਿਕ,ਧਾਰਮਿਕ, ਵਿਦਿਅਕ ਸੰਸਥਾਵਾਂ ਨਾਲ ਜੁੜੇ ਇਸ ਕਲਮਕਾਰ ਦਾ ਦਾਇਰਾ ਵਿਸ਼ਾਲ ਹੈ ਅਤੇ ਜ਼ਮੀਨੀ ਪੱਥਰ ਉਤੇ ਪੰਜਾਬ ਦੇ ਆਰਥਿਕ ਮਸਲਿਆਂ ਸਬੰਧੀ ਉਸਦੀ ਸਮਝ ਪਕੇਰੀ ਹੈ।
ਪੰਜਾਬ ਹਿਤੈਸ਼ੀ ਹੋਣ ਦੇ ਨਾਤੇ, ਪੰਜਾਬ ਦੀ ਕਿਸਾਨੀ, ਪੰਜਾਬ ਦੀਆਂ ਸਮੱਸਿਆਵਾਂ ਦੀ ਨਿਰਖ-ਪਰਖ ਉਹ ਬਾਖ਼ੂਬੀ ਕਰਨੀ ਜਾਣਦਾ ਹੈ, ਕਿਉਂਕਿ ਉਸਦੇ ਮਨ ‘ਚ ਪੰਜਾਬ ਲਈ ਦਰਦ ਹੈ। ਵਿਦਿਅਕ ਖੇਤਰ ਚ ਵੱਡੀਆਂ ਪ੍ਰਾਪਤੀਆਂ ਕਾਰਨ ਉਸਨੂੰ ਭਾਰਤੀ ਕਨਫੈਡਰੇਸ਼ਨ ਆਫ਼ ਯੂਨੈਸਕੋ ਕਲੱਬਜ਼ ਦਾ ਪ੍ਰਧਾਨ ਹੋਣ ਦਾ ਮਾਣ ਪ੍ਰਾਪਤ ਹੈ ਅਤੇ ਇਸ ਜ਼ੁੰਮੇਵਾਰੀ ਨੂੰ ਉਹ ਬਾਖ਼ੂਬੀ ਨਿਭਾ ਰਿਹਾ ਹੈ। ਦੁਨੀਆਂ ਦੇ ਦੇਸ਼ਾਂ ਦੇ ਸਭਿਆਚਾਰਕ ਵਟਾਂਦਰੇ ਤਹਿਤ ਉਸਨੂੰ ਵੱਖੋ-ਵੱਖਰੇ ਦੇਸ਼ਾਂ ਚ ਜਾਣ ਦੇ ਮੋਕੇ ਮਿਲਦੇ ਹਨ। ਇਹਨਾਂ ਮੋਕਿਆਂ ਨੂੰ ਜਿੱਥੇ ਉਹ ਭਾਈਚਾਰਕ ਸਾਂਝ ਲਈ ਵਰਤਦਾ ਹੈ, ਉਥੇ ਆਪਣੀਆਂ ਲਿਖਤਾਂ ਚ ਉਹਨਾਂ ਦੇਸ਼ਾਂ ਦੇ ਸਭਿਆਚਾਰ, ਬੋਲੀ,ਰਹਿਣ-ਸਹਿਣ,ਵਰਤਾਰੇ,ਇਤਿਹਾਸ ਨੂੰ ਨਿਰਖਦਾ-ਪਰਖਦਾ ਹੈ। ‘ਗਰੀਕ ਸਫ਼ਰਨਾਮਾ’ ਉਸਦੀ ਇਸੇ ਸੋਚ ਨੂੰ ਕਲਮਬੰਦ ਕਰਨ ਦਾ ਸਿੱਟਾ ਹੈ।
ਡਾ.ਸਰਬਜੀਤ ਸਿੰਘ ਛੀਨਾ ਨੇ ‘ਗਰੀਕ ਸਫ਼ਰਨਾਮੇ’ ਚ ਜਿੱਥੇ ਗਰੀਕ ਲੋਕਾਂ ਦੇ ਸਭਿਆਚਾਰ,ਇਤਿਹਾਸ ਦਾ ਵਰਨਣ ਕੀਤਾ ਹੈ, ਉਥੇ ਗਰੀਕ(ਯੂਨਾਨ) ਚ ਰਹਿ ਰਹੇ ਪੰਜਾਬੀਆਂ ਦੇ ਰਹਿਣ-ਸਹਿਣ, ਕਾਰੋਬਾਰ,ਸਥਾਨਕ ਲੋਕਾਂ ਦੇ ਮਿਲਵਰਣ ਸੰਬਧੀ ਵੀ ਲਿਖਿਆ ਹੈ।
ਸਾਦਾ ਬੋਲੀ ਚ ਲਿਖਿਆ ਦਿੱਲੀ ਤੋਂ ਏਥਨਜ ਦਾ ਸਫ਼ਰ, ਵੱਖੋ-ਵੱਖਰੇ ਯੂਨਾਨ ਦੇ ਸ਼ਹਿਰਾਂ ਦੀ ਫੇਰੀ ਪੰਜਾਬੀ ਫਾਰਮ ਹਾਊਸਾਂ ਉਤੇ ਜਾਣਾ, ਇੰਡੀਅਨ ਐਸੋਸੀਏਸ਼ਨ ਨਾਲ ਰਾਬਤੇ ਦੌਰਾਨ ਲੋਕਾਂ ਨਾਲ ਨਿੱਘਾ ਮਿੱਠਾ ਵਾਰਤਾਲਾਪ ਅਤੇ ਸੁੱਖਦ ਘਟਨਾਵਾਂ ‘ਗਰੀਕ ਸ਼ਫ਼ਰਨਾਮੇ’ ਦਾ ਵੱਡਾ ਹਾਸਲ ਹਨ।
ਡਾ. ਐਸ.ਐਸ. ਛੀਨਾ ਦਾ ਸੁਚਿੱਤਰ ਸਫ਼ਰਨਾਮਾ, ਪੰਜਾਬੀ ਸਾਹਿੱਤ ਚ ਲਿਖੇ ਸਫ਼ਰਨਾਮਿਆਂ ਦੀ ਕਤਾਰ ਵਿੱਚ ਇੱਕ ਵਿਸ਼ੇਸ਼ ਸਥਾਨ ਹਾਸਲ ਕਰਨ ਚ ਸਫ਼ਲ ਹੋਇਆ ਹੈ। ਡਾ. ਸਰਬਜੀਤ ਸਿੰਘ ਛੀਨਾ ਐਗਰੀਕਲਚਰ ਇਕਨਾਮਿਕਸ ਵਿੱਚ ਪੀ.ਐਚ.ਡੀ. ਹਨ ਅਤੇ ਸਿੱਖ ਇਤਿਹਾਸ ਵਿਚ ਡੂੰਘੀ ਰੁਚੀ ਰੱਖਦੇ ਹਨ। ਡਾ.ਛੀਨਾ ਪ੍ਰਸਿੱਧ ਖ਼ਾਲਸਾ ਕਾਲਜ ਤੋ ਡੀਨ ਐਗਰੀਕਲਚਰ ਰਿਟਾਇਰ ਹੋਏ। ਉਨ੍ਹਾਂ ਨੇ ਕਈ ਕਿਤਾਬਾਂ ਦੀ ਰਚਨਾ ਕੀਤੀ ਅਤੇ ਖੇਤੀ ਆਰਥਿਕਤਾ ਬਾਰੇ ਲਿਖੀਆਂ ਉਨ੍ਹਾਂ ਦੀਆਂ ਕਿਤਾਬਾਂ ਦੇਸ਼ ਭਰ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪੜ੍ਹਾਈਆਂ ਜਾਂਦੀਆਂ ਹਨ। ਡਾ.ਛੀਨਾ ਕਨਫੈਡਰੇਸ਼ਨ ਆਫ਼ ਯੂਨੈਸਕੋ ਕਲੱਬਜ਼ ਇਨ ਇੰਡੀਆ ਦੇ ਪ੍ਰਧਾਨ ਹਨ ਅਤੇ ਲੰਮਾ ਸਮਾਂ ਰੈੱਡ ਕਰਾਸ ਆਫ਼ ਇੰਡੀਆ, ਇੰਡੀਅਨ ਅਕੈਡਮੀ ਆਫ਼ ਫਾਇਨ ਆਰਟਸ ਆਦਿ ਸੰਸਥਾਵਾਂ ਨਾਲ ਜੁੜੇ ਰਹੇ ਹਨ। ਉਹ ਵੱਖ-ਵੱਖ ਅਖ਼ਬਾਰਾਂ ਵਿੱਚ ਆਰਥਿਕ ਵਿਸ਼ਿਆਂ ਬਾਰੇ ਲਗਾਤਾਰ ਲਿਖਦੇ ਰਹਿੰਦੇ ਹਨ।
ਅੱਜਕੱਲ੍ਹ ਆਪ ਚੀਫ਼ ਖ਼ਾਲਸਾ ਦੀਵਾਨ ਦੀ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸੱਕਤਰ ਹਨ।
-ਗੁਰਮੀਤ ਸਿੰਘ ਪਲਾਹੀ
-9815802070