ਪ੍ਰਸਿੱਧ ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ ਦਾ ਦੇਹਾਂਤ

ਦੇਸ਼ ਦੇ ਪ੍ਰਸਿੱਧ ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ ਦਾ 88 ਸਾਲ ਦੀ ਉਮਰ ਵਿਚ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਨੰਦੂ ਨਾਟੇਕਰ 1956 ਵਿਚ ਅੰਤਰਰਾਸ਼ਟਰੀ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬੈਡਮਿੰਟਨ ਖਿਡਾਰੀ ਸਨ। ਨੰਦੂ ਨਾਟੇਕਰ ਨੇ ਆਪਣੇ ਕਰੀਅਰ ਵਿਚ 100 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਤਾਬ ਜਿੱਤੇ ਸਨ।  ਉਹ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਬਿਮਾਰੀਆਂ ਨਾਲ ਜੂਝ ਰਹੇ ਸੀ। ਉਨ੍ਹਾਂ ਦੇ ਪਰਿਵਾਰ ਵਿਚ ਪੁੱਤਰ ਗੌਰਵ ਅਤੇ ਦੋ ਬੇਟੀਆਂ ਹਨ। ਨੰਦੂ ਨਾਟੇਕਰ ਦੇ ਬੇਟੇ ਗੌਰਵ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਘਰ ਵਿਚ ਹੀ ਹੋਇਆ ਅਤੇ ਉਸ ਸਮੇਂ ਸਾਰੇ ਉਨ੍ਹਾਂ ਦੇ ਨਾਲ ਸੀ। ਪਰਿਵਾਰ ਨੇ ਕਿਹਾ ਕਿ ਕੋਵਿਡ -19 ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ, ਅਸੀਂ ਸ਼ੋਕ ਸਭਾ ਦਾ ਆਯੋਜਨ ਨਹੀਂ ਕਰਾਂਗੇ।

ਜ਼ਿਕਰਯੋਗ ਹੈ ਕਿ ਨੰਦੂ ਨਾਟੇਕਰ ਆਪਣੇ ਸਮੇਂ ਦੇ ਸਭ ਤੋਂ ਪ੍ਰਸਿੱਧ ਖਿਡਾਰੀ ਮੰਨੇ ਜਾਂਦੇ ਸਨ। ਪੱਛਮੀ ਮਹਾਰਾਸ਼ਟਰ ਦੇ ਸੰਗਾਲੀ ਵਿਚ ਜਨਮੇ ਨਾਟੇਕਰ ਨੂੰ 1961 ਵਿਚ ਪ੍ਰਸਿੱਧ ਅਰਜੁਨ ਪੁਰਸਕਾਰ ਦਿੱਤਾ ਗਿਆ। ਨੰਦੂ ਨਾਟੇਕਰ ਨੇ 15 ਸਾਲਾਂ ਤੋਂ ਵੱਧ ਸਮੇਂ ਲਈ ਦੇਸ਼ ਲਈ ਖੇਡਿਆ ਅਤੇ ਆਪਣੇ ਪੂਰੇ ਕਰੀਅਰ ਵਿਚ ਕਈ ਪ੍ਰਾਪਤੀਆਂ ਹਾਸਲ ਕੀਤੀਆਂ। ਉਨ੍ਹਾਂ ਨੇ 1954 ਵਿਚ ਨਾਮਵਰ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ ਅਤੇ 1956 ਵਿਚ ਸੈਲਾਂਗਰ ਅੰਤਰਰਾਸ਼ਟਰੀ ਟੂਰਨਾਮੈਂਟ ਜਿੱਤ ਕੇ ਅੰਤਰਰਾਸ਼ਟਰੀ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ। ਨੰਦੂ ਨਾਟੇਕਰ ਨੇ 1951 ਤੋਂ 1963 ਤਕ ਥਾਮਸ ਕੱਪ ਵਿਚ ਭਾਰਤੀ ਟੀਮ ਦੀ ਅਗਵਾਈ ਕੀਤੀ। ਉਨ੍ਹਾਂ ਨੇ 16 ਵਿਚੋਂ 12 ਇਕੱਲੇ ਅਤੇ 16 ਵਿਚੋਂ 8 ਡਬਲਜ਼ ਮੈਚ ਜਿੱਤੇ। ਨੰਦੂ ਨਾਟੇਕਰ ਨੇ ਜਮੈਕਾ ਵਿਚ 1965 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ।

ਸਾਂਝਾ ਕਰੋ

ਪੜ੍ਹੋ