ਨਿਤੀਸ਼ ਦੇ ਬਦਲਦੇ ਰੰਗ

ਸ਼ਹਿਰਾਂ ਤੇ ਸਟੇਸ਼ਨਾਂ ਦੇ ਨਾਂਅ ਬਦਲਣ ਲਈ ਜਾਣੀ ਜਾਂਦੀ ਭਾਜਪਾ ਦੀ ਰਾਹ ’ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਚੱਲ ਪਏ ਹਨ। ਉਨ੍ਹਾ ਦੀ ਕੈਬਨਿਟ ਨੇ ਪ੍ਰਾਚੀਨ, ਇਤਿਹਾਸਕ ਤੇ ਧਾਰਮਕ ਮਹੱਤਤਾ ਵਾਲੇ ਸ਼ਹਿਰ ਗਯਾ ਦਾ ਨਾਂਅ ਗਯਾ ਜੀ ਕਰ ਦਿੱਤਾ ਹੈ। ਗਯਾ ਨੂੰ ਪਿੰਡ ਦਾਨ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ ਅਤੇ ਕੁਝ ਲੋਕ ਪਹਿਲਾਂ ਵੀ ਇਸ ਨੂੰ ਗਯਾ ਜੀ ਕਹਿੰਦੇ ਸਨ, ਪਰ ਨਾਂਅ ਬਦਲਣ ਦੀ ਚਰਚਾ ਪਹਿਲਾਂ ਕਦੇ ਨਹੀਂ ਹੋਈ। ਨਿਤੀਸ਼ ਕੁਮਾਰ ਨਿੱਜੀ ਤੌਰ ’ਤੇ ਸ਼ਹਿਰਾਂ ਦੇ ਨਾਂਅ ਬਦਲਣ ਦੇ ਖਿਲਾਫ ਰਹੇ ਹਨ। ਇੱਕ ਵਾਰ ਜਦ ਉਨ੍ਹਾ ਨੂੰ ਬਖਤਿਆਰਪੁਰ ਦਾ ਨਾਂਅ ਬਦਲਣ ਲਈ ਕਿਹਾ ਸੀ ਤਾਂ ਉਹ ਹੱਸ ਕੇ ਟਾਲ ਗਏ ਸਨ, ਪਰ ਹੁਣ ਉਹੀ ਨਿਤੀਸ਼ ਕੁਮਾਰ ਨੂੰ ਆਪਣੀ ਗੱਦੀ ਬਚਾਉਣ ਲਈ ਸੈਕੂਲਰ ਅਕਸ ਦੀ ਓਨੀ ਚਿੰਤਾ ਨਹੀਂ ਲੱਗਦੀ।

ਉਹ ਖੁੱਲ੍ਹ ਕੇ ਨਰਮ ਹਿੰਦੂਤਵ ’ਤੇ ਚੱਲ ਰਹੇ ਹਨ। ਕੁਝ ਲੋਕਾਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਉਹ ਅਜਿਹੇ ਲੋਕਾਂ ਵਿੱਚ ਘਿਰ ਗਏ ਹਨ, ਜਿਹੜੇ ਭਾਜਪਾ ਦੇ ਏਜੰਡੇ ਦੇ ਬਹੁਤ ਕਰੀਬ ਹਨ ਤੇ ਉਨ੍ਹਾਂ ਅੱਗੇ ਉਹ ਖੁਦ ਨੂੰ ਬੇਵੱਸ ਮਹਿਸੂਸ ਕਰ ਰਹੇ ਹਨ। ਮਾਹਰ ਗਯਾ ਦਾ ਨਾਂਅ ਗਯਾ ਜੀ ਕਰਨ ਨੂੰ ਸਾਲ ਦੇ ਅਖੀਰ ਵਿੱਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਵਿੱਚ ਹਿੰਦੂਤਵਵਾਦੀ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਚਾਲ ਦੱਸ ਰਹੇ ਹਨ। ਉਨ੍ਹਾਂ ਮੁਤਾਬਕ ਗਯਾ ਦਾ ਨਾਂਅ ਬਦਲਣ ਦੀ ਮੰਗ ਜ਼ੋਰਦਾਰ ਢੰਗ ਨਾਲ ਉਨ੍ਹਾਂ ਪੰਡਿਆਂ ਨੇ ਵੀ ਨਹੀਂ ਚੁੱਕੀ, ਜਿਹੜੇ ਸ਼ਰਧਾ ਨਾਲ ਇਸ ਨੂੰ ਗਯਾ ਜੀ ਕਹਿੰਦੇ ਹਨ। ਐੱਨ ਡੀ ਏ ਸਰਕਾਰ ਵਿੱਚ ਇਸ ਸਮੇਂ ਨਿਤੀਸ਼ ਕੁਮਾਰ ਦੀ ਸਥਿਤੀ ਬਹੁਤ ਕਮਜ਼ੋਰ ਤੇ ਭਾਈਵਾਲ ਭਾਜਪਾ ਦੀ ਸਭ ਤੋਂ ਵੱਧ ਮਜ਼ਬੂਤ ਮੰਨੀ ਜਾ ਰਹੀ ਹੈ। ਲੋਕ ਇਹ ਵੀ ਕਹਿੰਦੇ ਹਨ ਕਿ ਨਿਤੀਸ਼ ਸਰਕਾਰ ਭਾਜਪਾ ਦੇ ਏਜੰਡੇ ’ਤੇ ਹੀ ਚੱਲ ਰਹੀ ਹੈ। ਉੱਪ ਮੁੱਖ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਸਮਰਾਟ ਚੌਧਰੀ ਸੁਲਤਾਨਗੰਜ ਸਟੇਸ਼ਨ ਦਾ ਨਾਂਅ ਬਦਲਣ ਦੀ ਵੀ ਮੰਗ ਕਰ ਚੁੱਕੇ ਹਨ ਤੇ ਹੋ ਸਕਦਾ ਹੈ ਕਿ ਨਾਂਅ ਬਦਲਣ ਦਾ ਸਿਲਸਿਲਾ ਗਯਾ ’ਤੇ ਹੀ ਨਾ ਰੁਕੇ ਅਤੇ ਇਸ ਦੀ ਲਪੇਟ ਵਿੱਚ ਬਖਤਿਆਰਪੁਰ ਵਰਗੇ ਕਈ ਸ਼ਹਿਰ ਆ ਜਾਣ।

ਸਾਂਝਾ ਕਰੋ

ਪੜ੍ਹੋ

ਪੰਜਾਬ ਪੁਲਿਸ ਵੱਲੋਂ ਪਾਕਿ ਦੇ ਦੋ ਕਥਿਤ

ਗੁਰਦਾਸਪੁਰ, 19 ਮਈ – ਗੁਰਦਾਸਪੁਰ ਪੁਲਿਸ ਨੇ ਫੌਜ ਦੀ ਖੂਫ਼ੀਆ...