ਬਲੈਕਆਊਟ/ਸੰਜੀਵ ਕੁਮਾਰ ਸ਼ਰਮਾ

ਜਨਵਰੀ 1990 ਦਾ ਮਹੀਨਾ ਸੀ। ਕੈਸਪੀਅਨ ਸਾਗਰ ਦੇ ਕੰਢੇ ’ਤੇ ਵਸੇ ਸ਼ਹਿਰ ਬਾਕੂ ਵਿੱਚ ਠੰਢ ਦਾ ਜ਼ੋਰ ਪੈਣ ਲੱਗ ਪਿਆ ਸੀ। ਸੋਵੀਅਤ ਗਣਰਾਜ ਅਜ਼ਰਬਾਇਜਾਨ ਦੇ ਇਸ ਸ਼ਹਿਰ ਵਿੱਚ ਮੈਂ ਕੁਝ ਕੁ ਮਹੀਨੇ ਪਹਿਲਾਂ, ਸਤੰਬਰ ਵਿੱਚ, ਹੀ ਉਚੇਰੀ ਸਿੱਖਿਆ ਲਈ ਆਇਆ ਸਾਂ। ‘ਅਜ਼ਰਬਾਇਜਾਨ ਇੰਜਨੀਅਰਿੰਗ ਅਤੇ ਉਸਾਰੀ ਸੰਸਥਾਨ’ ਵਿੱਚ ਬਾਕੀ ਕੌਮਾਂਤਰੀ ਵਿਦਿਆਰਥੀਆਂ ਦੇ ਨਾਲ-ਨਾਲ ਮੇਰੀ ਜ਼ਿੰਦਗੀ ਵੀ ਹੌਲੀ-ਹੌਲੀ ਲੈਅ ਵਿੱਚ ਆ ਰਹੀ ਸੀ – ਵੱਖਰੀ ਬਣਤਰ ਵਾਲੇ ਅੱਖਰਾਂ ਦੀ ਭਾਸ਼ਾ ਵਿੱਚ ਗਣਿਤ, ਭੌਤਿਕ ਅਤੇ ਰਸਾਇਣ ਵਿਗਿਆਨ ਦੀਆਂ ਕਲਾਸਾਂ ਅਤੇ ਅਣਜਾਣ ਭੋਜਨ ਨਾਲ ਇੱਕ-ਮਿੱਕ ਹੋਣ ਦਾ ਸੰਘਰਸ਼। ਪਰ ਸਾਡੇ ਵਿੱਚੋਂ ਕੋਈ ਵੀ ਉਸ ਚੀਜ਼ ਲਈ ਤਿਆਰ ਨਹੀਂ ਸੀ ਜਿਹੜੀ ਆਉਣ ਵਾਲੇ ਦਿਨਾਂ ਵਿੱਚ ਵਾਪਰਨ ਵਾਲੀ ਸੀ।

ਅਜ਼ਰਬਾਇਜਾਨ ਅਤੇ ਆਰਮੀਨੀਆ ਵਿਚਾਲੇ ਜੰਗ ਹੁਣੇ ਸ਼ੁਰੂ ਹੀ ਹੋਈ ਸੀ। ਅੱਗ ਮਹੀਨਿਆਂ ਜਾਂ ਸ਼ਾਇਦ ਵਰ੍ਹਿਆਂ ਤੋਂ ਹੀ ਸੁਲਗ਼ ਰਹੀ ਸੀ, ਪਰ ਸਾਡੇ ਵਰਗੇ ਲੋਕਾਂ ਭਾਵ ਸੋਵੀਅਤ ਸੰਘ ਦੇ ਅੰਦਰੂਨੀ ਸੰਘਰਸ਼ਾਂ ਤੋਂ ਦੂਰ, ਵਿਦੇਸ਼ੀ ਵਿਦਿਆਰਥੀਆਂ ਲਈ ਇਹ ਅਚਨਚੇਤ ਸੀ। ਦੋਵੇਂ ਗਣਰਾਜ ਤਕਨੀਕੀ ਤੌਰ ’ਤੇ ਅਜੇ ਵੀ ਸੋਵੀਅਤ ਯੂਨੀਅਨ ਦਾ ਹਿੱਸਾ ਸਨ, ਪਰ ਮਾਸਕੋ ਦੀ ਪਕੜ ਢਿੱਲੀ ਹੋ ਰਹੀ ਸੀ ਅਤੇ ਰਾਸ਼ਟਰਵਾਦੀ ਆਵਾਜ਼ਾਂ ਦਿਨ-ਬ-ਦਿਨ ਤੇਜ਼ ਹੁੰਦੀਆਂ ਜਾ ਰਹੀਆਂ ਸਨ।

ਇੱਕ ਸ਼ਾਮ ਬਿਜਲੀ ਚਲੀ ਗਈ। ਪਹਿਲਾਂ ਸਾਨੂੰ ਲੱਗਾ ਕਿ ਇਹ ਕੋਈ ਤਕਨੀਕੀ ਖਰਾਬੀ ਹੋਵੇਗੀ। ਸੋਵੀਅਤ ਯੁੱਗ ਦੌਰਾਨ ਬਿਜਲੀ ਗੁੱਲ ਹੋਣਾ ਆਮ ਗੱਲ ਨਹੀਂ ਸੀ ਕਿਉਂਕਿ ਭੋਜਨ, ਸਿੱਖਿਆ, ਇਲਾਜ, ਮਕਾਨ, ਬਿਜਲੀ, ਪਾਣੀ, ਹੀਟਿੰਗ ਅਤੇ ਜਨਤਕ ਆਵਾਜਾਈ ਵਰਗੀਆਂ ਮੁੱਢਲੀਆਂ ਜ਼ਰੂਰਤਾਂ ਸੌਖੀ ਤਰ੍ਹਾਂ ਉਪਲਬਧ ਸਨ, ਵਿਸ਼ੇਸ਼ ਤੌਰ ’ਤੇ ਬਾਕੂ ਵਰਗੇ ਸ਼ਹਿਰਾਂ ਵਿੱਚ। ਪਰ ਜਨਵਰੀ 1990 ਦੇ ਮੁੱਢ ਤੋਂ ਸ਼ੁਰੂ ਹੋਇਆ ਬਲੈਕਆਊਟ ਆਪਣੇ ਆਪ ਵਿੱਚ ਨਿਵੇਕਲਾ ਅਤੇ ਹੈਰਾਨ ਕਰਨ ਵਾਲਾ ਸੀ। ਇਹ ਕੋਈ ਅਚਾਨਕ ਹੋਈ ਘਟਨਾ ਨਹੀਂ ਸੀ, ਸਗੋਂ ਸੋਵੀਅਤ ਵਿਸ਼ੇਸ਼ ਸੈਨਿਕ ਇਕਾਈਆਂ ਵੱਲੋਂ ਫ਼ੌਜੀ ਕਾਰਵਾਈ ਕਰਨ ਤੋਂ ਪਹਿਲਾਂ ਸੰਚਾਰ ਦੇ ਮਾਧਿਅਮਾਂ ਨੂੰ ਖ਼ਤਮ ਕਰ ਕੇ ਸ਼ਹਿਰ ਨੂੰ ਅਪਾਹਜ ਕਰਨ ਦਾ ਜਾਣਬੁੱਝ ਕੇ ਕੀਤਾ ਗਿਆ ਕਾਰਜ ਸੀ।

ਇਸ ਬਲੈਕਆਊਟ ਦਾ ਮੂਲ ਕਾਰਨ ਮਹੀਨਿਆਂ ਤੋਂ ਵਧ ਰਿਹਾ ਤਣਾਅ ਸੀ, ਜਿਹੜਾ ਆਰਮੀਨੀਆਈ ਸੰਸਦ ਦੁਆਰਾ ਪਾਸ ਕੀਤੇ ਇੱਕ ਮਤੇ ਕਾਰਨ ਦੁਬਾਰਾ ਭਖਿਆ ਸੀ। ਮਤੇ ਵਿੱਚ ਮੰਗ ਕੀਤੀ ਗਈ ਸੀ ਕਿ ਨਾਗੋਰਨੋ-ਕਾਰਾਬਾਖ, ਜਿਹੜਾ ਅਧਿਕਾਰਤ ਤੌਰ ’ਤੇ ਅਜ਼ਰਬਾਇਜਾਨ ਦਾ ਹਿੱਸਾ ਸੀ, ਆਰਮੀਨੀਆ ਨੂੰ ਦੇ ਦਿੱਤਾ ਜਾਵੇ। ਇਸ ਖੇਤਰ ਵਿੱਚ ਆਰਮੀਨੀਆਈ ਆਬਾਦੀ ਬਹੁਗਿਣਤੀ ਵਿੱਚ ਸੀ ਅਤੇ ਇਸ ਕਦਮ ਨੇ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ, ਝੜਪਾਂ ਅਤੇ ਨਸਲੀ ਹਿੰਸਾ ਨੂੰ ਜਨਮ ਦਿੱਤਾ। ਸੋਵੀਅਤ ਕੇਂਦਰੀ ਅਧਿਕਾਰੀਆਂ ਨੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਪਹਿਲਾਂ ਹੀ ਹੱਥੋਂ ਨਿਕਲ ਚੁੱਕੀ ਸੀ ਅਤੇ ਦੋਵਾਂ ਗਣਰਾਜਾਂ ਦੇ ਲੋਕਾਂ ਵਿਚਕਾਰ ਨਸਲੀ ਤਣਾਅ ਦਿਨ-ਬ-ਦਿਨ ਵਧਣ ਲੱਗਾ ਸੀ।

ਬਿਜਲੀ, ਟੀਵੀ, ਰੇਡੀਓ ਅਤੇ ਇੱਥੋਂ ਤੱਕ ਕਿ ਟੈਲੀਫੋਨ ਲਾਈਨਾਂ ਦੇ ਅਚਾਨਕ ਬੰਦ ਹੋਣ ਕਾਰਨ ਡਰ ਅਤੇ ਹਫ਼ੜਾ-ਦਫ਼ੜੀ ਹੋਰ ਵੀ ਤੇਜ਼ ਹੋ ਗਈ। ਘੰਟਿਆਂ ਤੱਕ ਬੱਤੀ ਨਹੀਂ ਆਈ। ਸਾਡੇ ਕਮਰੇ ਵਿੱਚ ਪਿਆ ਇਲੈਕਟ੍ਰਿਕ ਚੁੱਲ੍ਹਾ ਬੇਜਾਨ ਹੋ ਗਿਆ ਸੀ। ਕੁਝ ਵੀ ਪਕਾਉਣ ਜਾਂ ਬਚੇ ਹੋਏ ਖਾਣੇ ਨੂੰ ਗਰਮ ਕਰਨ ਦਾ, ਇੱਥੋਂ ਤੱਕ ਕਿ ਚਾਹ ਬਣਾਉਣ ਦਾ ਵੀ, ਕੋਈ ਤਰੀਕਾ ਨਹੀਂ ਸੀ। ਹਾਲਾਂਕਿ ਕੇਂਦਰੀ ਹੀਟਿੰਗ ਸਿਸਟਮ ਕਮਰੇ ਵਿੱਚੋਂ ਲੰਘਦੀਆਂ ਗਰਮ ਪਾਣੀ ਦੀਆਂ ਪਾਈਪਾਂ ਰਾਹੀਂ ਕਮਰਿਆਂ ਨੂੰ ਗਰਮ ਰੱਖ ਰਿਹਾ ਸੀ, ਫੇਰ ਵੀ ਹਵਾ ਠੰਢੀ ਅਤੇ ਭਾਰੀ ਮਹਿਸੂਸ ਹੋ ਰਹੀ ਸੀ। ਸ਼ਾਇਦ ਇਹ ਡਰ ਸੀ; ਜਾਂ ਸ਼ਾਇਦ ਗਰਮੀ ਹੀ ਘਟ ਰਹੀ ਸੀ। ਕੁਝ ਸਮਝ ਨਹੀਂ ਸੀ ਆ ਰਿਹਾ। ਉਮਰ ਵੀ ਤਾਂ ਕੋਈ ਬਹੁਤੀ ਨਹੀਂ ਸੀ। ਅਠਾਰਾਂ ਤੋਂ ਦੋ ਕੁ ਮਹੀਨੇ ਘੱਟ। ਅੰਤਾਂ ਦੀ ਚੁੱਪ ਪਰੇਸ਼ਾਨ ਕਰ ਰਹੀ ਸੀ – ਨਾ ਕਿਸੇ ਕਮਰੇ ਵਿੱਚੋਂ ਟੇਪ-ਰਿਕਾਰਡਰ ’ਤੇ ਲੱਗੇ ਗਾਣਿਆਂ ਦੀ ਆਵਾਜ਼ ਤੇ ਨਾ ਹੋਸਟਲ ਦੀ ਸਾਂਝੀ ਰਸੋਈ ਵਿੱਚ ਭਾਂਡਿਆਂ ਦੇ ਖੜਕਣ ਦੀ ਆਵਾਜ਼। ਹੋਸਟਲ ਦੀ ਹਮੇਸ਼ਾ ਸ਼ੋਰ-ਸ਼ਰਾਬੇ ਨਾਲ ਭਰੀ ਗੈਲਰੀ ਵੀ ਭਿਆਨਕ ਤੌਰ ’ਤੇ ਸ਼ਾਂਤ ਹੋ ਗਈ ਸੀ, ਜਿਵੇਂ ਉਸਦੇ ਵੀ ਸਾਹ ਸੁੱਕ ਗਏ ਹੋਣ। ਇਹ ਬਲੈਕਆਊਟ ਸੀ। ਅਤੇ ਇਹ ਤਾਂ ਬਸ ਸ਼ੁਰੂਆਤ ਸੀ… ਬਲੈਕਆਊਟਸ ਦੀ ਸ਼ੁਰੂਆਤ…

ਹਰ ਸ਼ਾਮ, ਸੂਰਜ ਡੁੱਬਣ ਤੋਂ ਠੀਕ ਪਹਿਲਾਂ, ਸ਼ਹਿਰ ਪੂਰੀ ਤਰ੍ਹਾਂ ਹਨੇਰੇ ਵਿੱਚ ਡੁੱਬ ਜਾਂਦਾ ਸੀ। ਅਸੀਂ ਆਪਣੀਆਂ ਖਿੜਕੀਆਂ ਨੂੰ ਮੋਟੇ ਕੰਬਲਾਂ ਨਾਲ ਢਕ ਦਿੰਦੇ ਸਾਂ ਤਾਂ ਜੋ ਰੋਸ਼ਨੀ ਦੀ ਇੱਕ ਕਿਰਨ ਵੀ ਬਾਹਰ ਨਾ ਨਿਕਲ ਸਕੇ। ਇਸ ਅਫ਼ਵਾਹ ਸੀ ਕਿ ਜੇਕਰ ਕਿਸੇ ਫ਼ੌਜੀ ਨੇ ਕਿਸੇ ਖਿੜਕੀ ਤੋਂ ਰੋਸ਼ਨੀ ਵੇਖ ਲਈ ਤਾਂ ਉਹ ਗੋਲੀ ਮਾਰ ਦੇਵੇਗਾ। ਇਸ ਲਈ ਸਾਡੇ ’ਚੋਂ ਕਿਸੇ ਨੇ ਵੀ ਇਸ ਨੂੰ ਅਜ਼ਮਾਉਣ ਦੀ ਹਿੰਮਤ ਨਾ ਕੀਤੀ। ਉਸ ਸਮੇਂ ਤੱਕ ਸਾਨੂੰ ਰੂਸੀ ਭਾਸ਼ਾ ਤਾਂ ਲੋੜ ਅਨੁਸਾਰ ਸਮਝ ਆਉਣ ਲੱਗ ਪਈ ਸੀ, ਪਰ ਆਮ ਬੋਲ-ਚਾਲ ਦੀ ਭਾਸ਼ਾ, ਅਜ਼ਰਬਾਇਜਾਨੀ, ਬਿਲਕੁਲ ਵੀ ਪੱਲੇ ਨਹੀਂ ਪੈਂਦੀ ਸੀ। ਏਥੇ ਇਹ ਦੱਸਣਾ ਜ਼ਰੂਰੀ ਹੈ ਕਿ ਉਨ੍ਹਾਂ ਦਿਨਾਂ ਵਿੱਚ ਅਜ਼ਰਬਾਇਜਾਨੀ ਭਾਸ਼ਾ ਦੀ ਲਿਪੀ ਭਾਵੇਂ ਸਿਰਿਲਿਕ (Cyrillic – ਉਹ ਲਿਪੀ ਜਿਹੜੀ ਰੂਸੀ, ਯੂਕਰੇਨੀ, ਬੁਲਗਾਰੀਅਨ, ਸਰਬੀ, ਆਦਿ ਕਈ ਸਲਾਵੀ ਅਤੇ ਗ਼ੈਰ-ਸਲਾਵੀ ਭਾਸ਼ਾਵਾਂ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ) ਹੀ ਸੀ (ਜਿਹੜੀ 1991 ਦੀ ਆਜ਼ਾਦੀ ਤੋਂ ਬਾਅਦ ਲਾਤੀਨੀ ਕਰ ਦਿੱਤੀ ਗਈ), ਪਰ ਕੁਝ ਇੱਕ ਸ਼ਬਦਾਂ ਜਿਵੇਂ ਕਿਤਾਬ, ਤਾਲੀਮ, ਸ਼ਾਮ, ਇਸ਼ਕ, ਸ਼ਰਾਬ, ਬਾਜ਼ਾਰ ਆਦਿ ਨੂੰ ਛੱਡ ਕੇ ਕੁਝ ਵੀ ਸਮਝ ਨਹੀਂ ਸੀ ਆਉਂਦਾ। ਸਾਡੇ ਲਈ ਸੂਚਨਾ ਦਾ ਅਸਲ ਸਰੋਤ ਸੀਨੀਅਰ ਸਾਥੀ ਹੀ ਸਨ। ਨਾ ਕੋਈ ਇੰਟਰਨੈੱਟ, ਨਾ ਮੋਬਾਈਲ, ਨਾ ਸੋਸ਼ਲ ਮੀਡੀਆ, ਕੁਝ ਵੀ ਤਾਂ ਨਹੀਂ ਸੀ।

ਸਾਡਾ ਹੋਸਟਲ ਮੁੱਖ ਸੜਕ ਦੇ ਨੇੜੇ ਸੀ। ਇਸ ਲਈ ਅਸੀਂ ਸਭ ਕੁਝ ਸਪੱਸ਼ਟ ਤੌਰ ’ਤੇ ਸੁਣ ਸਕਦੇ ਸੀ – ਫ਼ੌਜੀ ਵਾਹਨਾਂ ਦੀ ਭਾਰੀ ਗੜਗੜਾਹਟ, ਗੋਲੀਆਂ ਦੀ ਵਾਛੜ, ਦੂਰੋਂ ਆਉਂਦੀਆਂ ਚੀਕਾਂ ਦੀ ਆਵਾਜ਼। ਸਾਨੂੰ ਪਤਾ ਲੱਗਾ ਕਿ ਮਾਸਕੋ ਨੇ ਐਮਰਜੈਂਸੀ ਐਲਾਨ ਦਿੱਤੀ ਹੈ। ਹਜ਼ਾਰਾਂ ਸੋਵੀਅਤ ਸੈਨਿਕ, ਟੈਂਕਾਂ ਅਤੇ ਬਖਤਰਬੰਦ ਵਾਹਨਾਂ ਦੇ ਨਾਲ, ਬਾਕੂ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਦਾਖਲ ਹੋ ਗਏ ਹਨ। ਉਹ ਸਿਰਫ਼ ਨਸਲੀ ਹਿੰਸਾ ਨੂੰ ਦਬਾਉਣ ਲਈ ਨਹੀਂ ਸਨ। ਉਹ ਆਜ਼ਾਦੀ ਦੀ ਉਸ ਅੱਗ ਨੂੰ ਕੁਚਲਣ ਆਏ ਸਨ ਜਿਹੜੀ ਅਜ਼ਰਬਾਇਜਾਨੀ ਦਿਲਾਂ ਵਿੱਚ ਬਲਣੀ ਸ਼ੁਰੂ ਹੋ ਗਈ ਸੀ। ਸੈਨਿਕਾਂ ਨੇ ਬਿਨਾਂ ਕਿਸੇ ਭੇਦਭਾਵ ਤੋਂ ਸ਼ਾਂਤਮਈ ਪ੍ਰਦਰਸ਼ਨਕਾਰੀਆਂ, ਬੇਦੋਸ਼ੇ ਰਾਹਗੀਰਾਂ, ਇੱਥੋਂ ਤੱਕ ਕਿ ਚਲਦੇ ਵਾਹਨਾਂ ਨੂੰ ਵੀ ਨਿਸ਼ਾਨਾ ਬਣਾਇਆ। ਕਾਰਾਂ ਉੱਪਰ ਟੈਂਕ ਚਲਾਏ ਗਏ। ਹਸਪਤਾਲਾਂ, ਇਮਾਰਤਾਂ, ਘਰਾਂ ’ਤੇ ਗੋਲੀਆਂ ਦੀ ਵਾਛੜ ਕੀਤੀ ਗਈ। ਸੈਂਕੜੇ ਲੋਕ ਮਾਰੇ ਗਏ ਅਤੇ ਸੈਂਕੜੇ ਹੀ ਜ਼ਖ਼ਮੀ ਹੋਏ। ਹਵਾ ਹਮੇਸ਼ਾ ਬਾਰੂਦ ਦੀ ਗੰਧ ਨਾਲ ਭਰੀ ਰਹਿੰਦੀ।

ਸਾਂਝਾ ਕਰੋ

ਪੜ੍ਹੋ

ਸੂਬੇ ਦੀਆਂ ਮੰਡੀਆਂ ਵਿੱਚੋਂ 128.91 ਲੱਖ ਮੀਟ੍ਰਿਕ

*ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ – ਮੰਡੀਆਂ ਵਿੱਚ...