ਪਾਕ ਸਰਕਾਰ ਮੁੜ ਅੱਤਵਾਦੀ ਠਿਕਾਣੇ ਵਸਾਉਣ ਦੀ ਤਿਆਰੀ ‘ਚ

ਇਸਲਾਮਾਬਾਦ, 14 ਮਈ – ਅੱਤਵਾਦ ਦੇ ਮਾਮਲੇ ਵਿੱਚ ਪਾਕਿਸਤਾਨ ਇੱਕ ਵਾਰ ਫਿਰ ਬੇਨਕਾਬ ਹੋ ਗਿਆ ਹੈ। ਇੰਨੀ ਤਬਾਹੀ ਤੋਂ ਬਾਅਦ ਵੀ ਉਸਨੂੰ ਸ਼ਾਂਤੀ ਨਹੀਂ ਮਿਲਦੀ। ਪਾਕਿਸਤਾਨ ਸਰਕਾਰ ਨੇ ਅੱਤਵਾਦੀ ਟਿਕਾਣਿਆਂ ਨੂੰ ਮੁੜ ਵਸਾਉਣ ਦਾ ਐਲਾਨ ਕੀਤਾ ਹੈ। ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਨੇ ਐਲਾਨ ਕੀਤਾ ਹੈ ਕਿ ਆਪ੍ਰੇਸ਼ਨ ਸਿੰਦੂਰ ਵਿੱਚ ਤਬਾਹ ਹੋਏ ਅੱਤਵਾਦੀ ਟਿਕਾਣਿਆਂ ਨੂੰ ਦੁਬਾਰਾ ਬਣਾਇਆ ਜਾਵੇਗਾ, ਇਸ ਦੇ ਨਾਲ ਹੀ ਮਾਰੇ ਗਏ ਅੱਤਵਾਦੀਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਤੇ ਜ਼ਖਮੀਆਂ ਨੂੰ 10 ਲੱਖ ਤੋਂ 20 ਲੱਖ ਪਾਕਿਸਤਾਨੀ ਰੁਪਏ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਐਲਾਨ ਨਾਲ ਪਾਕਿਸਤਾਨ ਦੀ ਅਸਲੀਅਤ ਪੂਰੀ ਦੁਨੀਆ ਦੇ ਸਾਹਮਣੇ ਆ ਗਈ ਹੈ ਕਿ ਉਹ ਅੱਤਵਾਦੀ ਸੰਗਠਨਾਂ ਅਤੇ ਅੱਤਵਾਦੀਆਂ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਇੱਕ ਲੰਬੀ ਪੋਸਟ ਪਾਈ, ਜਿਸ ਵਿੱਚ ਅੱਤਵਾਦੀਆਂ ਨੂੰ ਮੁਆਵਜ਼ਾ ਦੇਣ ਅਤੇ ਉਨ੍ਹਾਂ ਦੇ ਟਿਕਾਣਿਆਂ ਦੇ ਪੁਨਰ ਨਿਰਮਾਣ ਦਾ ਐਲਾਨ ਕੀਤਾ ਗਿਆ ਹੈ। ਆਪ੍ਰੇਸ਼ਨ ਸਿੰਦੂਰ 6-7 ਮਈ ਦੀ ਵਿਚਕਾਰਲੀ ਰਾਤ ਨੂੰ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਭਾਰਤੀ ਫੌਜ ਨੇ ਪਾਕਿਸਤਾਨ ਵਿੱਚ 9 ਅੱਤਵਾਦੀ ਟਿਕਾਣਿਆਂ ਨੂੰ ਸਹੀ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ ਸੀ। ਇਨ੍ਹਾਂ ਵਿੱਚ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਤੇ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਕੈਂਪ ਸ਼ਾਮਲ ਹਨ। ਇਨ੍ਹਾਂ ਅੱਤਵਾਦੀ ਟਿਕਾਣਿਆਂ ਵਿੱਚ ਭਾਰਤ ਵਿਰੁੱਧ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਈ ਗਈ ਸੀ। ਆਪ੍ਰੇਸ਼ਨ ਸਿੰਦੂਰ ਵਿੱਚ ਮਸੂਦ ਅਜ਼ਹਰ ਦੇ ਪਰਿਵਾਰ ਦੇ 14 ਅੱਤਵਾਦੀ ਮਾਰੇ ਗਏ ਹਨ, ਇਸ ਲਈ ਪਾਕਿਸਤਾਨ ਸਰਕਾਰ ਉਸਦੇ ਪਰਿਵਾਰ ਨੂੰ 14 ਕਰੋੜ ਰੁਪਏ ਮੁਆਵਜ਼ਾ ਦੇਵੇਗੀ।

ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਕਹਿਣਾ ਹੈ ਕਿ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਲਈ ਘਰ ਬਣਾਉਣਾ ਤੇ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਸਰਕਾਰ ਇਸ ਜ਼ਿੰਮੇਵਾਰੀ ਨੂੰ ਪੂਰਾ ਕਰੇਗੀ। ਸਾਰੇ ਜ਼ਖਮੀਆਂ ਦੇ ਇਲਾਜ ਦਾ ਸਾਰਾ ਖ਼ਰਚਾ ਸਰਕਾਰ ਚੁੱਕੇਗੀ। ਸ਼ਾਹਬਾਜ਼ ਸ਼ਰੀਫ਼ ਜਿਨ੍ਹਾਂ ਲੋਕਾਂ ਬਾਰੇ ਗੱਲ ਕਰ ਰਹੇ ਹਨ, ਉਹ ਸਾਰੇ ਅੱਤਵਾਦੀ ਸਨ ਜੋ ਭਾਰਤ ਵਿਰੁੱਧ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਦੇ ਸਨ। ਅੱਤਵਾਦੀ ਟਿਕਾਣਿਆਂ ਦੇ ਵਿਨਾਸ਼ ਤੋਂ ਬਾਅਦ ਘਬਰਾਹਟ ਵਿੱਚ ਪਾਕਿਸਤਾਨ ਨੇ ਭਾਰਤ ਦੇ ਕਈ ਸ਼ਹਿਰਾਂ ਵਿੱਚ ਫੌਜੀ ਠਿਕਾਣਿਆਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਇੱਥੇ ਵੀ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਪਾਕਿਸਤਾਨ ਦੀਆਂ ਉਨ੍ਹਾਂ ਮਿਜ਼ਾਈਲਾਂ ਨੂੰ ਵੀ ਤਬਾਹ ਕਰ ਦਿੱਤਾ ਜਿਨ੍ਹਾਂ ਨੂੰ ਉਹ ਆਪਣੀ ਤਾਕਤ ਸਮਝਦਾ ਸੀ। ਪਾਕਿਸਤਾਨ ਦਾ ਕਹਿਣਾ ਹੈ ਕਿ ਇਨ੍ਹਾਂ ਹਮਲਿਆਂ ਵਿੱਚ 11 ਪਾਕਿ ਫੌਜ ਦੇ ਜਵਾਨ ਮਾਰੇ ਗਏ ਅਤੇ 78 ਜ਼ਖਮੀ ਹੋਏ।

ਸ਼ਾਹਬਾਜ਼ ਸ਼ਰੀਫ ਸਰਕਾਰ ਆਪਣੀ ਜਾਨ ਗੁਆਉਣ ਵਾਲੇ ਪਾਕਿ ਫੌਜ ਦੇ ਜਵਾਨਾਂ ਨੂੰ 1 ਤੋਂ 1.8 ਕਰੋੜ ਪਾਕਿਸਤਾਨੀ ਰੁਪਏ ਦਾ ਮੁਆਵਜ਼ਾ ਦੇਵੇਗੀ। ਇਹ ਮੁਆਵਜ਼ਾ ਸੈਨਿਕਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਰੈਂਕ ਦੇ ਅਨੁਸਾਰ ਦਿੱਤਾ ਜਾਵੇਗਾ ਅਤੇ ਪੂਰੀ ਤਨਖਾਹ ਅਤੇ ਗੁਜ਼ਾਰਾ ਭੱਤਾ ਉਨ੍ਹਾਂ ਦੀ ਸੇਵਾਮੁਕਤੀ ਦੀ ਮਿਤੀ ਤੱਕ ਦਿੱਤਾ ਜਾਂਦਾ ਰਹੇਗਾ। ਪਾਕਿਸਤਾਨੀ ਸਰਕਾਰ ਦਾ ਕਹਿਣਾ ਹੈ ਕਿ ਉਹ ਸੈਨਿਕਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕੇਗੀ ਅਤੇ ਹਰੇਕ ਸੈਨਿਕ ਦੀ ਇੱਕ ਧੀ ਦੇ ਵਿਆਹ ਲਈ 10 ਲੱਖ ਪਾਕਿਸਤਾਨੀ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ।

ਸਾਂਝਾ ਕਰੋ

ਪੜ੍ਹੋ

ਸੂਬੇ ਦੀਆਂ ਮੰਡੀਆਂ ਵਿੱਚੋਂ 128.91 ਲੱਖ ਮੀਟ੍ਰਿਕ

*ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ – ਮੰਡੀਆਂ ਵਿੱਚ...