
ਤਿੰਨਾਂ ਸੈਨਾਵਾਂ ਦੀ ਬੇਮਿਸਾਲ ਪ੍ਰੈੱਸ ਵਾਰਤਾ ਵਿੱਚ ਭਾਰਤ ਨੇ ਅਪਰੇਸ਼ਨ ਸਿੰਧੂਰ ਦੇ ਕੁਝ ਵੇਰਵੇ ਖੁੱਲ੍ਹ ਕੇ ਪੇਸ਼ ਕੀਤੇ ਹਨ। ਇਨ੍ਹਾਂ ਵਿੱਚ ਦੱਸਿਆ ਗਿਆ ਕਿ ਕਿਵੇਂ 22 ਅਪਰੈਲ ਦੇ ਪਹਿਲਗਾਮ (ਜੰਮੂ ਕਸ਼ਮੀਰ) ਦਹਿਸ਼ਤੀ ਹਮਲੇ ਦੇ ਜਵਾਬ ਵਿੱਚ ਤੇਜ਼ ਅਤੇ ਸੰਤੁਲਿਤ ਫ਼ੌਜੀ ਕਾਰਵਾਈ ਕੀਤੀ ਗਈ। ਅਜਿਹੇ ਸਮੇਂ ਜਦੋਂ ਆਪਸ ’ਚ ਖਹਿੰਦੇ ਬਿਰਤਾਂਤ, ਝੂਠੀਆਂ ਜਾਣਕਾਰੀਆਂ ਤੇ ਅਤਿ-ਰਾਸ਼ਟਰਵਾਦੀ ਪ੍ਰਾਪੇਗੰਡਾ ਭਾਰਤ ਤੇ ਪਾਕਿਸਤਾਨ, ਦੋਵਾਂ ਦੇ ਮੀਡੀਆ ਤੇ ਸੋਸ਼ਲ ਮੀਡੀਆ ਨੈੱਟਵਰਕ ਉੱਤੇ ਵੱਡੇ ਪੱਧਰ ’ਤੇ ਫੈਲ ਰਿਹਾ ਹੈ, ਤਿੰਨਾਂ ਸੈਨਾਵਾਂ (ਥਲ, ਜਲ ਤੇ ਹਵਾਈ ਸੈਨਾ) ਦੀ ਸਿਖਰਲੀ ਲੀਡਰਸ਼ਿਪ ਦਾ ਅਧਿਕਾਰਤ ਕਥਨ, ਧੁੰਦਲੇ ਮਾਹੌਲ ਵਿੱਚ ਰੌਸ਼ਨੀ ਦੀ ਕਿਰਨ ਵਾਂਗ ਹੈ ਕਿਉਂਕਿ ਗੋਲੀਬੰਦੀ ਤੋਂ ਬਾਅਦ ਵੀ ਹਾਲਾਤ ਸਪਸ਼ਟ ਨਹੀਂ ਸਨ। ਇਹ ਖ਼ੁਲਾਸਾ ਕਿ ਇੱਕ ਪਾਕਿਸਤਾਨੀ ਮਿਰਾਜ ਲੜਾਕੂ ਜਹਾਜ਼ ਡੇਗਿਆ ਗਿਆ ਹੈ ਅਤੇ ਭਾਰਤੀ ਹਵਾਈ ਸੈਨਾ ਨੇ ਕਰਾਚੀ ਦੀ ਮਲੀਰ ਛਾਉਣੀ ਤੇ ਲਾਹੌਰ ਦੇ ਰਾਡਾਰ ਢਾਂਚੇ ਵਰਗੇ ਅਹਿਮ ਰਣਨੀਤਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਹੈ, ਦਿਖਾਉਂਦਾ ਹੈ ਕਿ ਇਹ ਮਿਸ਼ਨ ਸਰਹੱਦ ਪਾਰ ਗੋਲੀਬਾਰੀ ਤੋਂ ਕਿਤੇ ਵਧ ਕੇ ਸੀ; ਇਹ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਦਹਿਸ਼ਤਗਰਦੀ ਨਾਲ ਜੁੜੀਆਂ ਨੌਂ ਥਾਵਾਂ ’ਤੇ ਤਿੰਨ ਸੈਨਾਵਾਂ ਦਾ ਸਟੀਕ ਹੱਲਾ ਸੀ। ਇਸ ਲੜਾਈ ਵਿੱਚ 40 ਪਾਕਿਸਤਾਨੀ ਸੁਰੱਖਿਆ ਕਰਮੀ ਅਤੇ 100 ਅਤਿਵਾਦੀ ਮਾਰੇ ਗਏ ਹਨ।
ਇਸ ਤੋਂ ਇਲਾਵਾ ਯੁੱਧ ਭੂਮੀ ਵਿੱਚ ਥਲ ਸੈਨਾ ਦੇ ਸਾਥ ਤੋਂ ਲੈ ਕੇ ਜਲ ਸੈਨਾ ਦੀ ਸਾਗਰੀ ਧੌਂਸ ਅਤੇ ਹਵਾਈ ਸੈਨਾ ਦੀ ਤਕਨੀਕੀ ਚੜ੍ਹਤ ਤੱਕ ਤਾਲਮੇਲ ਦੇਖਣ ਨੂੰ ਮਿਲਿਆ ਹੈ। ਇਸ ਵਿੱਚੋਂ ਪਰਪੱਕ ਤੇ ਏਕੀਕ੍ਰਿਤ ਸੈਨਿਕ ਅਕੀਦੇ ਦੀ ਝਲਕ ਪੈਂਦੀ ਹੈ। ਆਕਾਸ਼ ਹਵਾਈ ਰੱਖਿਆ ਪ੍ਰਣਾਲੀ ਵਰਗੇ ਸਵਦੇਸ਼ੀ ਢਾਂਚਿਆਂ ਦੀ ਵਰਤੋਂ ਅਤੇ ਡਰੋਨ ਵਿਰੋਧੀ ਤਕਨੀਕਾਂ ਨੇ ਰੱਖਿਆ ਖੇਤਰ ਵਿੱਚ ਭਾਰਤ ਦੀ ਵਧਦੀ ਆਤਮ-ਨਿਰਭਰਤਾ ਨੂੰ ਹੋਰ ਉਭਾਰ ਕੇ ਪੇਸ਼ ਕੀਤਾ ਹੈ। ਪਾਕਿਸਤਾਨ ਦੀ ਜਵਾਬੀ ਕਾਰਵਾਈ, ਜਿਸ ਰਾਹੀਂ ਡਰੋਨਾਂ ਅਤੇ ਮਿਜ਼ਾਇਲਾਂ ਦੀ ਝੜੀ ਲਾ ਕੇ ਭਾਰਤੀ ਕਸਬਿਆਂ ਤੇ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਵਿੱਚ ਕਈ ਨਾਗਰਿਕਾਂ ਦੀ ਮੌਤ ਹੋਈ ਅਤੇ ਤਣਾਅ ਵਧਣ ਦੇ ਖ਼ਦਸ਼ੇ ਵਿੱਚ ਇਜ਼ਾਫ਼ਾ ਹੋਇਆ। ਜਵਾਬ ਵਿੱਚ ਰਿਹਾਇਸ਼ੀ ਟਿਕਾਣਿਆਂ ਨੂੰ ਬਚਾਉਣ ਅਤੇ ਪਾਕਿਸਤਾਨ ਦੇ ਹਵਾਈ ਢਾਂਚੇ ਦਾ 20 ਪ੍ਰਤੀਸ਼ਤ ਹਿੱਸਾ ਤਬਾਹ ਕਰਨ ਦੀ ਸੰਤੁਲਿਤ ਕਾਰਵਾਈ ਦਿਖਾਉਂਦੀ ਹੈ ਕਿ ਅਹਿਦ ਪੂਰਾ ਕਰਨ ਦੇ ਨਾਲ-ਨਾਲ ਧੀਰਜ ਵੀ ਰੱਖਿਆ ਗਿਆ। ਇਸ ਪਹੁੰਚ ਨਾਲ ਕੌਮਾਂਤਰੀ ਪੱਧਰ ’ਤੇ ਭਾਰਤ ਦਾ ਹੱਥ ਉਤਾਂਹ ਵੀ ਹੋਇਆ।
ਅੰਤ ਵਿੱਚ ਹੋਈ ਗੋਲੀਬੰਦੀ, ਜਿਸ ’ਚ ਰਿਪੋਰਟਾਂ ਮੁਤਾਬਿਕ ਅਮਰੀਕਾ ਨੇ ਵਿਚੋਲਗੀ ਕੀਤੀ ਹੈ, ਨੇ ਫਿਲਹਾਲ ਸ਼ਾਇਦ ਹੋਰ ਟਕਰਾਅ ਟਾਲ ਦਿੱਤਾ ਹੈ। ਇਸ ਨਾਲ ਜਾਨ-ਮਾਲ ਦੇ ਹੋਰ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਉਂਝ ਵੀ ਜੰਗ ਕਿਸੇ ਮਸਲੇ ਦਾ ਹੱਲ ਨਹੀਂ; ਆਖਿ਼ਰਕਾਰ ਗੱਲਬਾਤ ਵਾਲੀ ਮੇਜ਼ ’ਤੇ ਹੀ ਸਭ ਕੁਝ ਤੈਅ ਹੋਣਾ ਹੁੰਦਾ ਹੈ। ਇਸ ਦੌਰਾਨ ਨਵੀਂ ਦਿੱਲੀ ਨੇ ਸਾਫ਼ ਕੀਤਾ ਹੈ: ਹੋਰ ਕਿਸੇ ਵੀ ਤਰ੍ਹਾਂ ਦੀ ਭੜਕਾਊ ਕਾਰਵਾਈ ਦਾ ਫੌਰੀ ਅਤੇ ਜ਼ਿਆਦਾ ਤਾਕਤਵਰ ਜਵਾਬ ਦਿੱਤਾ ਜਾਵੇਗਾ।