
ਨਵੀਂ ਦਿੱਲ, 13 ਮਈ – ਭਾਰਤ ਨੇ ਸੋਮਵਾਰ ਨੂੰ ਸਟੀਲ ਅਤੇ ਐਲੂਮੀਨੀਅਮ ’ਤੇ ਅਮਰੀਕੀ ਟੈਰਿਫ਼ ਦੇ ਜਵਾਬ ਵਿੱਚ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਦੇ ਨਿਯਮਾਂ ਦੇ ਤਹਿਤ ਅਮਰੀਕਾ ’ਤੇ ਜਵਾਬੀ ਟੈਰਿਫ਼ ਲਗਾਉਣ ਦਾ ਪ੍ਰਸਤਾਵ ਦਿਤਾ। ਡਬਲਿਊਟੀਓ ਨੇ ਇੱਕ ਬਿਆਨ ਵਿੱਚ ਕਿਹਾ, ‘‘ਸੁਰੱਖਿਆ ਉਪਾਅ ਤਹਿਤ ਭਾਰਤ ਵਿੱਚ ਨਿਰਮਿਤ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਦੇ ਅਮਰੀਕਾ ’ਚ ਆਯਾਤ ’ਤੇ 7.6 ਅਰਬ ਅਮਰੀਕੀ ਡਾਲਰ ਦਾ ਅਸਰ ਪਵੇਗਾ, ਜਿਸ ਨਾਲ ਡਿਊਟੀ ਵਸੂਲੀ 1.91 ਅਰਬ ਅਮਰੀਕੀ ਡਾਲਰ ਹੋਵੇਗਾ।
ਬਿਆਨ ਦੇ ਅਨੁਸਾਰ, ਭਾਰਤ ਵੱਲੋਂ ਰਿਆਇਤਾਂ ਦੀ ਪ੍ਰਸਤਾਵਿਤ ਮੁਅੱਤਲੀ ਦੇ ਨਤੀਜੇ ਵਜੋਂ ਅਮਰੀਕਾ ਵਿੱਚ ਨਿਰਮਿਤ ਉਤਪਾਦਾਂ ’ਤੇ ਵੀ ਇਸੇ ਤਰ੍ਹਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ। ਇਸ ਤੋਂ ਪਹਿਲਾਂ, ਅਪ੍ਰੈਲ ਵਿੱਚ ਅਮਰੀਕੀ ਅਧਿਕਾਰੀਆਂ ਵੱਲੋਂ ਇਹ ਡਿਊਟੀਆਂ ਲਗਾਉਣ ਦਾ ਫ਼ੈਸਲਾ ਲੈਣ ਤੋਂ ਬਾਅਦ ਭਾਰਤ ਨੇ ਡਬਲਿਊਟੀਓ ਦੇ ਸੁਰੱਖਿਆ ਸਮਝੌਤੇ ਤਹਿਤ ਅਮਰੀਕਾ ਨਾਲ ਸਲਾਹ-ਮਸ਼ਵਰਾ ਕਰਨ ਦੀ ਮੰਗ ਕੀਤੀ ਸੀ। ਅਮਰੀਕਾ ਨੇ 8 ਮਾਰਚ, 2018 ਨੂੰ ਕੁਝ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ’ਤੇ ਕ੍ਰਮਵਾਰ 25 ਪ੍ਰਤੀਸ਼ਤ ਅਤੇ 10 ਪ੍ਰਤੀਸ਼ਤ ਐਡ ਵੈਲੋਰੇਮ ਡਿਊਟੀ ਲਗਾ ਕੇ ਸੁਰੱਖਿਆ ਉਪਾਅ ਲਾਗੂ ਕੀਤੇ ਸਨ। ਇਹ 23 ਮਾਰਚ, 2018 ਨੂੰ ਲਾਗੂ ਹੋਇਆ ਸੀ, ਜਿਸਨੂੰ ਜਨਵਰੀ 2020 ਵਿੱਚ ਵਧਾ ਦਿੱਤਾ ਗਿਆ ਸੀ।