
ਪਾਕਿਸਤਾਨੀ ਫ਼ੌਜ ਤੇ ਉਸ ਦੇ ਸ਼ਾਸਕਾਂ ਦੇ ਹੌਸਲੇ ਪਸਤ ਕਰਨ ਵਾਲੇ ਆਪ੍ਰੇਸ਼ਨ ਸਿੰਧੂਰ ਬਾਰੇ ਜਾਣਕਾਰੀ ਦਿੰਦੇ ਹੋਏ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪਾਕਿਸਤਾਨ ਨੂੰ ਨਵੇਂ ਸਿਰੇ ਤੋਂ ਬੇਨਕਾਬ ਕਰਨ ਦੇ ਨਾਲ-ਨਾਲ ਉਸ ਦੇ ਝੂਠ, ਸ਼ੈਤਾਨੀ ਇਰਾਦਿਆਂ, ਦੋਹਰੇ ਚਰਿੱਤਰ ਅਤੇ ਡਰ ਨੂੰ ਵੀ ਬਾਖ਼ੂਬੀ ਬਿਆਨ ਕੀਤਾ ਹੈ। ਭਾਰਤ ਦੀ ਬਦਲੇ ਦੀ ਕਾਰਵਾਈ ਤੋਂ ਪਾਕਿਸਤਾਨ ਕਿੰਨਾ ਸਹਿਮਿਆ ਹੋਇਆ ਹੈ, ਇਹ ਇਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਭਾਰਤੀ ਸਰਹੱਦ ਵਿਚ ਡ੍ਰੋਨ ਹਮਲੇ ਤਾਂ ਕੀਤੇ ਪਰ ਉਨ੍ਹਾਂ ਤੋਂ ਇਨਕਾਰ ਵੀ ਕੀਤਾ। ਚੌਕਸ ਭਾਰਤੀ ਸੁਰੱਖਿਆ ਤੰਤਰ ਨੇ ਪਾਕਿਸਤਾਨ ਦੇ ਡ੍ਰੋਨ ਹਮਲੇ ਨਾਕਾਮ ਕਰਨ ਦੇ ਨਾਲ ਹੀ ਸਰਹੱਦੀ ਇਲਾਕਿਆਂ ਵਿਚ ਉਸ ਵੱਲੋਂ ਕੀਤੀ ਜਾ ਰਹੀ ਗੋਲ਼ੀਬਾਰੀ ਦਾ ਵੀ ਕਰਾਰਾ ਜਵਾਬ ਦਿੱਤਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਭਾਰਤ ਦੇ ਡ੍ਰੋਨ ਹਮਲਿਆਂ ਦੇ ਸਾਹਮਣੇ ਲਾਚਾਰ ਨਜ਼ਰ ਆਇਆ ਤੇ ਇਸ ਦਾ ਸਬੂਤ ਲਾਹੌਰ, ਰਾਵਲਪਿੰਡੀ ਤੋਂ ਲੈ ਕੇ ਕਰਾਚੀ ਤੱਕ ਉਸ ਦੇ ਨੁਕਸਾਨੇ ਗਏ ਟਿਕਾਣਿਆਂ ਅਤੇ ਡਰੇ ਹੋਏ ਲੋਕਾਂ ਨੇ ਦਿੱਤਾ। ਹਾਸੋਹੀਣੀ ਗੱਲ ਇਹ ਰਹੀ ਕਿ ਪਾਕਿਸਤਾਨੀ ਰੱਖਿਆ ਮੰਤਰੀ ਨੇ ਭਾਰਤ ਦੇ ਡ੍ਰੋਨ ਹਮਲਿਆਂ ਦਾ ਸਾਹਮਣਾ ਕਰਨ ਵਿਚ ਆਪਣੀ ਨਾਕਾਮੀ ਇਹ ਕਹਿ ਕੇ ਲੁਕਾਈ ਕਿ ਅਸੀਂ ਭਾਰਤ ਨੂੰ ਆਪਣੇ ਸੁਰੱਖਿਆ ਤੰਤਰ ਦੀ ਥਾਹ ਨਹੀਂ ਲੈਣ ਦੇਣਾ ਚਾਹੁੰਦੇ ਸੀ।
ਇਸ ਦੇ ਉਲਟ ਭਾਰਤ ਨੇ ਪਾਕਿਸਤਾਨੀ ਡ੍ਰੋਨ ਸੁੱਟ ਲੈਣ ਦੇ ਨਾਲ ਹੀ ਉਨ੍ਹਾਂ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ। ਪਾਕਿਸਤਾਨ ਨੇ ਤੁਰਕੀ ਦੇ ਡ੍ਰੋਨ ਇਸਤੇਮਾਲ ਕੀਤੇ। ਸਾਫ਼ ਹੈ ਕਿ ਭਾਰਤ ਨੂੰ ਚੀਨ ਦੇ ਨਾਲ-ਨਾਲ ਤੁਰਕੀ ਬਾਰੇ ਵੀ ਨਵੇਂ ਸਿਰੇ ਤੋਂ ਸੋਚਣਾ ਹੋਵੇਗਾ। ਪਾਕਿਸਤਾਨ ਕਿਸ ਹੱਦ ਤੱਕ ਹੇਠਾਂ ਡਿੱਗਣ ਲਈ ਤਿਆਰ ਹੈ, ਇਹ ਇਸ ਤੋਂ ਸਪਸ਼ਟ ਹੋਇਆ ਕਿ ਉਸ ਨੇ ਭਾਰਤ ਦੇ ਡ੍ਰੋਨ ਹਮਲਿਆਂ ਦੌਰਾਨ ਆਪਣੇ ਹਵਾਈ ਜਹਾਜ਼ਾਂ ਦਾ ਸੰਚਾਲਨ ਜਾਰੀ ਰੱਖ ਕੇ ਯਾਤਰੀਆਂ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਇਆ। ਇਹ ਜਾਣਬੁੱਝ ਕੇ ਆਪਣੇ ਲੋਕਾਂ ਨੂੰ ਢਾਲ ਬਣਾਉਣ ਵਾਲੀ ਹਰਕਤ ਹੀ ਸੀ। ਅਜਿਹੀ ਗੰਦੀ ਮਾਨਸਿਕਤਾ ਕਾਰਨ ਹੀ ਉਹ ਭਾਰਤ ਵਿਚ ਵੀ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਕੋਈ ਮਾੜੀ ਸੋਚ ਵਾਲਾ ਦੇਸ਼ ਹੀ ਅਜਿਹਾ ਕਰ ਸਕਦਾ ਹੈ। ਪਾਕਿਸਤਾਨ ਦੀ ਘਟੀਆ ਮਾਨਸਿਕਤਾ ਦਾ ਇਕ ਸਬੂਤ ਇਹ ਵੀ ਹੈ ਕਿ ਉਸ ਨੇ ਜੰਮੂ-ਕਸ਼ਮੀਰ ਵਿਚ ਧਾਰਮਿਕ ਥਾਵਾਂ ਅਤੇ ਖ਼ਾਸ ਤੌਰ ’ਤੇ ਗੁਰਦੁਆਰੇ ਨੂੰ ਨਿਸ਼ਾਨਾ ਬਣਾਉਣ ਦੀ ਹਿਮਾਕਤ ਕੀਤੀ ਹੈ।
ਕੁਝ ਅਜਿਹਾ ਹੀ ਕੰਮ ਪਾਕਿਸਤਾਨ ਦੀ ਸਰਪ੍ਰਸਤੀ ਹਾਸਲ ਅੱਤਵਾਦੀਆਂ ਨੇ ਪਹਿਲਗਾਮ ਵਿਚ ਵੀ ਕੀਤਾ ਸੀ। ਪਾਕਿਸਤਾਨ ਆਪਣੀ ਫ਼ੌਜ ਤੇ ਅੱਤਵਾਦੀ ਜਮਾਤਾਂ ਵਿਚ ਫ਼ਰਕ ਨੂੰ ਭੁਲਾ ਚੁੱਕਾ ਹੈ। ਹੈਰਾਨੀ ਨਹੀਂ ਕਿ ਇਸੇ ਲਈ ਦੁਨੀਆ ਭਰ ਵਿਚ ਉਸ ਦੀ ਥੂ-ਥੂ ਹੁੰਦੀ ਹੈ। ਭਾਰਤ ਨੇ ਪਾਕਿਸਤਾਨ ਨੂੰ ਇਹ ਚਿਤਾਵਨੀ ਦਿੱਤੀ ਕਿ ਜੇਕਰ ਉਹ ਆਮ ਨਾਗਰਿਕਾਂ, ਬੁਨਿਆਦੀ ਢਾਂਚੇ ਅਤੇ ਫ਼ੌਜੀ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀ ਮੁੜ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਹੋਰ ਵੱਧ ਸਖ਼ਤ ਹਮਲੇ ਦਾ ਸਾਹਮਣਾ ਕਰਨਾ ਪਵੇਗਾ। ਜੇਕਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਤਾਂ ਫਿਰ ਭਾਰਤ ਨੂੰ ਉਸ ਨੂੰ ਬਚਿਆ-ਖੁਚਿਆ ਸਬਕ ਸਿਖਾਉਣ ਲਈ ਸਰਗਰਮ ਹੋਣਾ ਹੋਵੇਗਾ। ਭਾਰਤ ਆਪ੍ਰੇਸ਼ਨ ਸਿੰਧੂਰ ਤਹਿਤ ਇਹ ਪਹਿਲਾਂ ਹੀ ਸਾਬਿਤ ਕਰ ਚੁੱਕਾ ਹੈ ਕਿ ਉਸ ਵਾਸਤੇ ਪਾਕਿਸਤਾਨ ਦੇ ਕਿਸੇ ਵੀ ਟਿਕਾਣੇ ਨੂੰ ਨਿਸ਼ਾਨਾ ਬਣਾਉਣਾ ਬਹੁਤ ਸੌਖਾ ਹੋ ਗਿਆ ਹੈ। ਇਸੇ ਕਾਰਨ ਉਹ ਡਰਿਆ ਹੋਇਆ ਹੈ। ਇਹ ਡਰ ਚੰਗਾ ਹੈ। ਭਾਰਤ ਨੂੰ ਉਸ ਨੂੰ ਭਵਿੱਖ ਵਿਚ ਵੀ ਡਰਾ ਕੇ ਹੀ ਰੱਖਣਾ ਚਾਹੀਦਾ ਹੈ।