
ਚੰਡੀਗੜ੍ਹ, 10 ਮਈ – ਪੰਜਾਬ ਦੀ ਅੰਤਰਰਾਸ਼ਟਰੀ ਸਰਹੱਦ ‘ਤੇ ਵਧ ਰਹੇ ਤਣਾਅ ਦੇ ਮੱਦੇਨਜ਼ਰ, ਪੰਜਾਬ ਦੇ ਮਾਣਯੋਗ ਰਾਜਪਾਲ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਰੈੱਡ ਕਰੌਸ ਸੋਸਾਇਟੀ ਦੇ ਮੁੱਖ ਦਫ਼ਤਰ ਤੋਂ ਇੱਕ ਰਾਜਵਿਆਪੀ ਵਿਸ਼ੇਸ਼ ਖੂਨਦਾਨ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ ਰਾਜ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਦਾ ਉਦੇਸ਼ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਖੂਨ ਦੀ ਤੁਰੰਤ ਉਪਲਬਧਤਾ ਨੂੰ ਯਕੀਨੀ ਬਣਾਉਣਾ ਹੈ। ਇਕੱਠ ਨੂੰ ਸੰਬੋਧਨ ਕਰਦੇ ਹੋਏ ਰਾਜਪਾਲ ਨੇ ਕਿਹਾ, “ਪੰਜਾਬ ਇੱਕ ਸਰਹੱਦੀ ਰਾਜ ਹੈ ਅਤੇ ਮੌਜੂਦਾ ਸੰਵੇਦਨਸ਼ੀਲ ਸਥਿਤੀ ਨੂੰ ਦੇਖਦੇ ਹੋਏ, ਰੈੱਡ ਕਰੌਸ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਇਹ ਮੁਹਿੰਮ ਸਿਰਫ਼ ਖੂਨਦਾਨ ਕਰਨ ਬਾਰੇ ਨਹੀਂ ਹੈ – ਇਹ ਸਾਡੀ ਸਮਾਜਿਕ ਏਕਤਾ ਅਤੇ ਮਾਨਵਤਾਵਾਦੀ ਕਦਰਾਂ-ਕੀਮਤਾਂ ਦੀ ਪਰੀਖਿਆ ਹੈ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਸੰਕਟ ਵਿੱਚ, ਪਹਿਲੀ ਅਤੇ ਸਭ ਤੋਂ ਵੱਡੀ ਜ਼ਰੂਰਤ ਤੁਰੰਤ ਡਾਕਟਰੀ ਸਹਾਇਤਾ ਅਤੇ ਖੂਨ ਦੀ ਉਪਲਬਧਤਾ ਹੁੰਦੀ ਹੈ। ਰੈੱਡ ਕਰੌਸ ਜਿਹੀਆਂ ਸੰਸਥਾਵਾਂ ਬਿਮਾਰਾਂ, ਕਮਜ਼ੋਰਾਂ ਅਤੇ ਲੋੜਵੰਦਾਂ ਦੀ ਨਿਰਸੁਆਰਥ ਸੇਵਾ ਕਰਕੇ ਮੌਕੇ ‘ਤੇ ਪਹੁੰਚਦੀਆਂ ਹਨ, ਇਸ ਤਰ੍ਹਾਂ ਮਨੁੱਖਤਾ ਦੀ ਸੱਚੀ ਭਾਵਨਾ ਨੂੰ ਬਰਕਰਾਰ ਰੱਖਦੀਆਂ ਹਨ। ਰਾਜਪਾਲ ਨੇ ਕਿਹਾ ਕਿ ਪੰਜਾਬ ਭਰ ਵਿੱਚ ਜ਼ਿਲ੍ਹਾ ਰੈੱਡ ਕਰੌਸ ਸ਼ਾਖਾਵਾਂ ਵਿਸ਼ੇਸ਼ ਦਾਨ ਕੈਂਪਾਂ ਦਾ ਆਯੋਜਨ ਕਰ ਰਹੀਆਂ ਹਨ ਅਤੇ ਨਾਲ ਹੀ ਐਮਰਜੈਂਸੀ ਦੌਰਾਨ ਤੇਜ਼ੀ ਨਾਲ ਜਵਾਬ ਦੇਣ ਲਈ ਟ੍ਰੇਨਿੰਗ ਪ੍ਰਾਪਤ ਫਸਟ-ਏਡ ਵਲੰਟੀਅਰਾਂ ਦੇ ਡੇਟਾਬੇਸ ਨੂੰ ਅਪਡੇਟ ਕਰ ਰਹੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ, “ਭਾਰਤ ਨੌਜਵਾਨਾਂ ਦਾ ਦੇਸ਼ ਹੈ। ਨੌਜਵਾਨ ਨਾਗਰਿਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਖੂਨਦਾਨ ਨੂੰ ਇੱਕ ਨਿਯਮਿਤ ਆਦਤ ਬਣਾਉਣਾ ਚਾਹੀਦਾ ਹੈ। ਖੂਨਦਾਨ ਸਿਰਫ਼ ਦਿਆਲਤਾ ਦਾ ਕੰਮ ਨਹੀਂ ਹੈ – ਇਹ ਰਾਸ਼ਟਰੀ ਤਾਕਤ ਦਾ ਕੰਮ ਹੈ।
ਮਹਾਰਿਸ਼ੀ ਦਧੀਚੀ, ਰਾਜਾ ਸ਼ਿਵੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਲੀਦਾਨਾਂ ਦਾ ਹਵਾਲਾ ਦਿੰਦੇ ਹੋਏ, ਰਾਜਪਾਲ ਨੇ ਟਿੱਪਣੀ ਕੀਤੀ ਕਿ ਪੰਜਾਬ ਦੀ ਧਰਤੀ ਨਾ ਕੇਵਲ ਵੀਰਤਾ ਦੀ ਪ੍ਰਤੀਕ ਹੈ, ਬਲਕਿ ਸੇਵਾ ਅਤੇ ਦਇਆ ਦੀ ਵੀ ਮਿਸਾਲ ਹੈ। ਰਾਜਪਾਲ ਨੇ ਚਲ ਰਹੀ “ਨਸ਼ਿਆਂ ਵਿਰੁੱਧ ਯੁੱਧ” ਮੁਹਿੰਮ ਵਿੱਚ ਪੰਜਾਬ ਰੈੱਡ ਕਰੌਸ ਸੋਸਾਇਟੀ ਦੀ ਸਰਗਰਮ ਭੂਮਿਕਾ ਦੀ ਵੀ ਸ਼ਲਾਘਾ ਕੀਤੀ, ਅਤੇ ਵਿੱਦਿਅਕ ਸੰਸਥਾਵਾਂ, ਉਦਯੋਗਾਂ ਅਤੇ ਸਵੈ-ਇੱਛਤ ਸੰਗਠਨਾਂ ਨੂੰ ਇਸ ਮਾਨਵਤਾਵਾਦੀ ਪਹਿਲ ਦਾ ਸਮਰਥਨ ਕਰਨ ਲਈ ਹੱਥ ਮਿਲਾਉਣ ਦੀ ਤਾਕੀਦ ਕੀਤੀ। ਇਸ ਮੌਕੇ ਰਾਜਪਾਲ ਦੇ ਪ੍ਰਿੰਸੀਪਲ ਸਕੱਤਰ ਸ਼੍ਰੀ ਵਿਵੇਕ ਪ੍ਰਤਾਪ ਸਿੰਘ; ਰੈੱਡ ਕਰੌਸ ਸੋਸਾਇਟੀ ਦੇ ਸਕੱਤਰ ਸ਼੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ; ਅਤੇ ਸੀਨੀਅਰ ਭਾਜਪਾ ਨੇਤਾ ਸ਼੍ਰੀ ਸੰਜੈ ਟੰਡਨ ਮੌਜੂਦ ਸਨ।