
ਇਸਲਾਮਾਬਾਦ, 4 ਮਈ – ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਅਤਿਵਾਦੀਆਂ ਵਲੋਂ 27 ਸੈਲਾਨੀਆਂ ਦੇ ਕਤਲੇਆਮ ਤੋਂ ਬਾਅਦ ਭਾਰਤ ਵਿਚ ਬਹੁਤ ਗੁੱਸਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਭਾਰਤ ਕਿਸੇ ਵੀ ਸਮੇਂ ਪਾਕਿਸਤਾਨ ਵਿਰੁਧ ਕੋਈ ਵੱਡੀ ਫ਼ੌਜੀ ਕਾਰਵਾਈ ਕਰ ਸਕਦਾ ਹੈ। ਪਾਕਿਸਤਾਨ ਨੂੰ ਵੀ ਭਾਰਤ ਤੋਂ ਹਮਲੇ ਦਾ ਲਗਾਤਾਰ ਡਰ ਬਣਿਆ ਹੋਇਆ ਹੈ ਅਤੇ ਇਸ ਦਾ ਸਬੂਤ ਇਸ ਦੇ ਨੇਤਾਵਾਂ ਦੇ ਬਿਆਨਾਂ ਵਿਚ ਵੀ ਦਿਖਾਈ ਦਿੰਦਾ ਹੈ। ਪਾਕਿਸਤਾਨ ਦੇ ਰਖਿਆ ਮੰਤਰੀ ਨੇ ਤਾਂ ਇੱਥੋਂ ਤਕ ਕਹਿ ਦਿਤਾ ਸੀ ਕਿ ਭਾਰਤ ਇਕ-ਦੋ ਦਿਨਾਂ ਵਿਚ ਉਨ੍ਹਾਂ ਦੇ ਦੇਸ਼ ’ਤੇ ਹਮਲਾ ਕਰ ਸਕਦਾ ਹੈ।
ਇਨ੍ਹੀਂ ਦਿਨੀਂ, ਪਾਕਿਸਤਾਨ ਵਿਚ ਹਰ ਕਿਸੇ ਦੇ ਮੂੰਹ ’ਤੇ ਇਹ ਸਵਾਲ ਹੈ, ਜੇ ਭਾਰਤ ਹਮਲਾ ਕਰਦਾ ਹੈ ਤਾਂ ਪਾਕਿਸਤਾਨ ਕੀ ਕਰੇਗਾ? ਜਦੋਂ ਪਾਕਿਸਤਾਨੀ ਪੱਤਰਕਾਰਾਂ ਨੇ ਇਹੀ ਸਵਾਲ ਇਕ ਸਥਾਨਕ ਨੇਤਾ ਸ਼ੇਰ ਅਫ਼ਜ਼ਲ ਖ਼ਾਨ ਮਰਵਾਤ ਤੋਂ ਪੁਛਿਆ ਤਾਂ ਉਸ ਨੇ ਇਕ ਸ਼ਾਨਦਾਰ ਜਵਾਬ ਦਿਤਾ। ਪਾਕਿਸਤਾਨੀ ਸੰਸਦ ਮੈਂਬਰ ਮਰਵਾਤ ਨੂੰ ਪੱਤਰਕਾਰਾਂ ਨੇ ਪੁਛਿਆ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਵਧਦੀ ਹੈ ਤਾਂ ਕੀ ਉਹ ਬੰਦੂਕ ਲੈ ਕੇ ਸਰਹੱਦ ’ਤੇ ਜਾਣਗੇ? ਇਸ ’ਤੇ ਉਸ ਨੇ ਕਿਹਾ, ‘ਜੇ ਜੰਗ ਵਧਦੀ ਹੈ ਤਾਂ ਮੈਂ ਇੰਗਲੈਂਡ ਚਲਾ ਜਾਵਾਂਗਾ। ਇਸ ਦੇ ਨਾਲ ਹੀ ਪੱਤਰਕਾਰਾਂ ਨੇ ਉਨ੍ਹਾਂ ਤੋਂ ਇਹ ਵੀ ਪੁਛਿਆ ਕਿ ਇਸ ਹਾਲਾਤ ਵਿਚ, ਕੀ ਤੁਹਾਨੂੰ ਨਹੀਂ ਲਗਦਾ ਕਿ (ਪ੍ਰਧਾਨ ਮੰਤਰੀ) ਮੋਦੀ ਨੂੰ ਥੋੜ੍ਹਾ ਪਿੱਛੇ ਹਟਣਾ ਚਾਹੀਦਾ ਹੈ ਤਾਂ ਜੋ ਸਥਿਤੀ ਥੋੜ੍ਹੀ ਆਮ ਹੋ ਜਾਵੇ। ਇਸ ’ਤੇ ਮਰਵਤ ਨੇ ਕਿਹਾ ਕਿ ਮੋਦੀ ਕਿਹੜਾ ਮੇਰੀ ਮਾਸੀ ਦਾ ਪੁੱਤਰ ਹੈ, ਜੋ ਮੇਰੀਆਂ ਗੱਲਾਂ ਮੰਨ ਲਵੇਗਾ?’