
ਅਮਰੀਕਾ, 4 ਮਈ – ਕਾਂਗਰਸ ਦੇ ਸੀਨੀਅਰ ਲੀਡਰ ਅਤੇ ਐਮਪੀ ਰਾਹੁਲ ਗਾਂਧੀ ਹਾਲ ਹੀ ਵਿੱਚ ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਦੇ ਵਾਟਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਐਂਡ ਪਬਲਿਕ ਅਫੇਅਰਜ਼ ਵਿੱਚ ਇੱਕ ਸੰਵਾਦ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪਹੁੰਚੇ ਸਨ। ਇੱਥੇ, ਇੱਕ ਸਿੱਖ ਨੌਜਵਾਨ ਨੇ ਉਨ੍ਹਾਂ ਤੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਅਤੇ ਆਪ੍ਰੇਸ਼ਨ ਬਲੂ ਸਟਾਰ ਬਾਰੇ ਸਿੱਧਾ ਸਵਾਲ ਪੁੱਛਿਆ, ਜਿਸਨੇ ਪ੍ਰੋਗਰਾਮ ਦਾ ਮਾਹੌਲ ਗੰਭੀਰ ਬਣਾ ਦਿੱਤਾ। ਰਾਹੁਲ ਨੇ ਇੱਕ ਸਿੱਖ ਨੌਜਵਾਨ ਵੱਲੋਂ ਪੁੱਛੇ ਗਏ ਸਵਾਲ ਤੇ ਜਵਾਬ ਦਿੰਦਿਆਂ ਕਿਹਾ ਕਿ- 1984 ਦੀਆਂ ਬਹੁਤ ਸਾਰੀਆਂ ਗਲਤੀਆਂ ਉਦੋਂ ਹੋਈਆਂ ਜਦੋਂ ਮੈਂ ਉੱਥੇ ਨਹੀਂ ਸੀ ਪਰ ਮੈਂ ਕਾਂਗਰਸ ਪਾਰਟੀ ਦੇ ਇਤਿਹਾਸ ਦੀ ਹਰ ਗਲਤੀ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਾਂ।”
ਸਵਾਲ ਪੁੱਛਣ ਵਾਲੇ ਨੌਜਵਾਨ ਨੇ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਪੁਰਾਣੇ ਬਿਆਨ ਯਾਦ ਦਿਵਾਏ ਅਤੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਸਿੱਖਾਂ ਦੇ ਅਧਿਕਾਰਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਉਨ੍ਹਾਂ ਕਿਹਾ, “ਤੁਸੀਂ ਸਿੱਖਾਂ ਵਿੱਚ ਭਾਜਪਾ ਬਾਰੇ ਡਰ ਪੈਦਾ ਕਰਦੇ ਹੋ ਪਰ ਆਪਣੀ ਪਾਰਟੀ ਦੀਆਂ ਗਲਤੀਆਂ ਨੂੰ ਸਵੀਕਾਰ ਕਰਨ ਤੋਂ ਬਚਦੇ ਹੋ। ਅਸੀਂ ਸਿਰਫ਼ ਪੱਗ ਜਾਂ ਕੜਾ ਪਹਿਨਣ ਦਾ ਅਧਿਕਾਰ ਨਹੀਂ ਚਾਹੁੰਦੇ, ਅਸੀਂ ਪ੍ਰਗਟਾਵੇ ਦੀ ਆਜ਼ਾਦੀ ਚਾਹੁੰਦੇ ਹਾਂ ਜੋ ਕਾਂਗਰਸ ਦੇ ਰਾਜ ਦੌਰਾਨ ਨਹੀਂ ਸੀ।” ਆਨੰਦਪੁਰ ਸਾਹਿਬ ਦੇ ਮਤੇ ਦਾ ਹਵਾਲਾ ਦਿੰਦੇ ਹੋਏ ਨੌਜਵਾਨ ਨੇ ਕਿਹਾ ਕਿ ਕਾਂਗਰਸ ਨੇ ਇਸਨੂੰ ਵੱਖਵਾਦੀ ਦਸਤਾਵੇਜ਼ ਕਹਿ ਕੇ ਬਦਨਾਮ ਕੀਤਾ, ਜਦੋਂ ਕਿ ਇਸਨੇ ਦਲਿਤ ਅਧਿਕਾਰਾਂ ਦੀ ਵੀ ਗੱਲ ਕੀਤੀ।
1984 ਦੇ ਦੰਗਿਆਂ ਵਿੱਚ ਦੋਸ਼ੀ ਠਹਿਰਾਏ ਗਏ ਸਾਬਕਾ ਕਾਂਗਰਸੀ ਨੇਤਾ ਸੱਜਣ ਕੁਮਾਰ ਦੀ ਉਦਾਹਰਣ ਦਿੰਦੇ ਹੋਏ, ਨੌਜਵਾਨ ਨੇ ਕਿਹਾ, “ਕਾਂਗਰਸ ਪਾਰਟੀ ਵਿੱਚ ਹੋਰ ਵੀ ਬਹੁਤ ਸਾਰੇ ਸੱਜਣ ਕੁਮਾਰ ਬੈਠੇ ਹਨ।” ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਸਿੱਧਾ ਪੁੱਛਿਆ ਕਿ ਕੀ ਉਹ ਅਜੇ ਵੀ ਭਾਜਪਾ ਦਾ ਡਰ ਭੜਕਾਉਂਦੇ ਰਹਿਣਗੇ ਜਾਂ ਸਿੱਖਾਂ ਨਾਲ ਵਿਸ਼ਵਾਸ ਬਹਾਲ ਕਰਨ ਲਈ ਕੋਈ ਠੋਸ ਯਤਨ ਕਰਨਗੇ।
ਰਾਹੁਲ ਗਾਂਧੀ ਦਾ ਜਵਾਬ: “ਮੈਂ ਉੱਥੇ ਨਹੀਂ ਸੀ ਪਰ ਜ਼ਿੰਮੇਵਾਰੀ ਲਵਾਂਗਾ”
ਰਾਹੁਲ ਗਾਂਧੀ ਨੇ ਜਵਾਬ ਦਿੱਤਾ, “ਸਿੱਖਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਮੈਂ ਜੋ ਕਿਹਾ ਉਹ ਇਹ ਸੀ ਕਿ ਕੀ ਅਸੀਂ ਅਜਿਹਾ ਭਾਰਤ ਚਾਹੁੰਦੇ ਹਾਂ ਜਿੱਥੇ ਲੋਕ ਆਪਣੇ ਧਰਮ ਦਾ ਪ੍ਰਗਟਾਵਾ ਕਰਨ ਵਿੱਚ ਅਸਹਿਜ ਮਹਿਸੂਸ ਕਰਦੇ ਹੋਣ?” ਉਨ੍ਹਾਂ ਅੱਗੇ ਕਿਹਾ, “1984 ਦੀਆਂ ਬਹੁਤ ਸਾਰੀਆਂ ਗਲਤੀਆਂ ਉਦੋਂ ਹੋਈਆਂ ਜਦੋਂ ਮੈਂ ਉੱਥੇ ਨਹੀਂ ਸੀ ਪਰ ਮੈਂ ਕਾਂਗਰਸ ਪਾਰਟੀ ਦੇ ਇਤਿਹਾਸ ਦੀ ਹਰ ਗਲਤੀ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਾਂ।