ਡੱਲੇਵਾਲ ਅਤੇ ਪੰਧੇਰ ਦਾ ਵੱਡਾ ਐਲਾਨ, 6 ਮਈ ਨੂੰ ਸ਼ੰਭੂ ਥਾਣੇ ਦਾ ਕਰਾਂਗੇ ਘਿਰਾਓ

ਚੰਡੀਗੜ੍ਹ, 4 ਮਈ – ਕਿਸਾਨ ਮਜ਼ਦੂਰ ਮੋਰਚਾ ਭਾਰਤ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਮੀਟਿੰਗ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦਿਆਂ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਦੋਨਾਂ ਫੋਰਮਾਂ ਵੱਲੋਂ ਆਉਂਦੇ ਦਿਨਾਂ ਵਿੱਚ ਕੀਤੇ ਜਾਣ ਵਾਲੇ ਐਕਸ਼ਨ ਪ੍ਰੋਗਰਾਮਾਂ ਅਤੇ ਹੋਰ ਵਿਸ਼ਿਆਂ ਤੇ ਵਿਚਾਰ ਚਰਚਾ ਕੀਤੀ। ਉਹਨਾਂ ਕੇਂਦਰ ਵੱਲੋਂ ਦੋਬਾਰਾ ਲਿਖੀ ਚਿੱਠੀ ’ਤੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਜਿਸਨੇ ਅੱਜ ਤੱਕ ਸਿੱਖਿਆ ਨੀਤੀ, ਖੇਤੀ ਨੀਤੀ, ਜੀ ਐਸ ਟੀ ਆਦਿ ਚੀਜ਼ਾਂ ਤੇ ਰਾਜਾਂ ਦੇ ਅਧਿਕਾਰਾਂ ਨੂੰ ਖਤਮ ਕਰਨ ਦਾ ਕੰਮ ਕੀਤਾ ਹੈ, ਉਸ ਵੱਲੋਂ ਦੇਸ਼ ਦੇ ਸੰਘੀ ਢਾਂਚੇ ਦੀ ਗੱਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਾ ਸਿਰਫ ਆਗੂਆਂ ਨੂੰ ਧੋਖੇ ਨਾਲ ਹਿਰਾਸਤ ਵਿਚ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ ਮੋਰਚਿਆਂ ਨੂੰ ਉਖਾੜਨ ਦਾ ਕੰਮ ਕੀਤਾ ਸਗੋ ਅੱਜ ਵੀ ਕਿਸਾਨਾਂ ਮਜਦੂਰਾਂ ਤੇ ਤਸ਼ੱਦਦ ਜਾਰੀ ਹੈ, ਜਿਸ ਕਾਰਨ ਪੰਜਾਬ ਸਰਕਾਰ ਨੂੰ ਮੀਟਿੰਗ ਵਿੱਚ ਬਿਠਾਉਣ ਦੀ ਤੁਕ ਨਹੀਂ ਬਣਦੀ।

ਉਹਨਾਂ ਕਿਹਾ ਕਿ 6 ਮਈ ਨੂੰ ਸ਼ੰਭੂ ਥਾਣੇ ਦਾ ਘਿਰਾਓ ਕਰਦੇ ਹੋਏ ਜ਼ਬਰ ਵਿਰੋਧੀ ਧਰਨਾ ਦੇਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਇਸ ਮੋਰਚੇ ਰਾਹੀਂ ਅਸੀਂ ਮੰਗ ਕਰ ਰਹੇ ਹਾਂ ਕਿ 19 ਅਤੇ 20 ਮਾਰਚ ਨੂੰ ਸ਼ੰਭੂ ਖਨੌਰੀ ਮੋਰਚਾ ਉਠਾਉਣ ਵੇਲੇ ਸ਼ੰਭੂ ਬਾਰਡਰ ਪੁਲਿਸੀਆ ਤਸ਼ਦਦ ਕਰਦੇ ਹੋਏ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮਕੇ ਤੇ ਥਾਣਾ ਸ਼ੰਭੂ ਦੇ ਐਸਐਚਓ ਹਰਪ੍ਰੀਤ ਸਿੰਘ ਵੱਲੋਂ ਲਾਠੀਚਾਰਜ ਕਰਨ ਅਤੇ ਕਿਸਾਨ ਮਜ਼ਦੂਰ ਅਤੇ ਬੀਬੀਆਂ ਨਾਲ ਬਦਸਲੂਕੀ ਅਤੇ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾ ਨੂੰ ਬਰਖਾਸਤ ਕੀਤਾ ਜਾਵੇ। ਕਿਸਾਨਾਂ ਦੀਆਂ ਚੋਰੀ ਹੋਈਆਂ ਟਰਾਲੀਆਂ ਅਤੇ ਹੋਰ ਸਮਾਨ ਲੱਭਣ ਵਿੱਚ ਮਦਦ ਕਰਨ ਵਾਲੇ ਨੌਜਵਾਨਾਂ ਤੇ ਸਿਆਸੀ ਰੰਜਿਸ਼ ਤਹਿਤ ਕਰਵਾਏ ਗਏ ਪਰਚੇ ਰੱਦ ਕੀਤੇ ਜਾਣ। ਉਨਾਂ ਕਿਹਾ ਕਿ ਸਭ ਨੂੰ ਪਤਾ ਹੈ ਕਿ ਗੁਰਲਾਲ ਸਿੰਘ ਘਨੌਰ ਐਮਐਲਏ ਆਮ ਆਦਮੀ ਪਾਰਟੀ ਅਤੇ ਉਹਨਾਂ ਦੇ ਕੁਝ ਸਮਰਥਕਾਂ ਵੱਲੋਂ ਸ਼ੰਭੂ ਬਾਰਡਰ ਤੋਂ ਟਰਾਲੀਆਂ ਅਤੇ ਹੋਰ ਸਮਾਨ ਚੋਰੀ ਹੋਣ ਵਿੱਚ ਜ਼ਿਕਰ ਆ ਰਿਹਾ ਹੈ ਸੋ ਉਹਨਾਂ ’ਤੇ ਬਣਦੀ ਕਾਰਵਾਈ ਤਹਿਤ ਪਰਚੇ ਦਰਜ ਕੀਤੇ ਜਾਣ।

ਉਹਨਾਂ ਕਿਹਾ ਕਿ ਚੋਰੀ ਹੋਏ ਸਮਾਨ ਜਿਵੇਂ ਟਰਾਲੀਆਂ, ਟਰੈਕਟਰ, ਫਰਿਜਾਂ, ਏਸੀ, ਕੂਲਰ, ਪੱਖੇ, ਲੰਗਰ ਦਾ ਸਮਾਨ, ਸਿਲੰਡਰ ਭੱਠੀਆਂ, ਸੋਲਰ ਪੈਨਲ, ਸ਼ੈੱਡ, ਫਰਨੀਚਰ, ਇਨਵਰਟਰ, ਬੈਟਰੇ ਜਨਰੇਟਰ, ਵਾਸ਼ਿੰਗ ਮਸ਼ੀਨਾਂ, ਸਾਊਂਡ ਸੈਟ ਮੋਟਰਸਾਈਕਲ ਸਮਰਸੀਬਲ ਮੋਟਰਾਂ ਆਦਿ ਸਮਾਨ ਦੀ ਭਰਪਾਈ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇ। ਉਹਨਾਂ ਮੰਗ ਕੀਤੀ ਕਿ ਸਾਲ ਤੋਂ ਵੱਧ ਸਮਾਂ ਚੱਲੇ ਇਸ ਮੋਰਚੇ ਦੌਰਾਨ 480 ਦੇ ਕਰੀਬ ਕਿਸਾਨ ਜ਼ਖਮੀ ਹੋਏ ਜਿਹਨਾਂ ਵਿੱਚ ਅਤਿ ਗੰਭੀਰ ਜ਼ਖਮੀਆਂ ਨੂੰ 25 ਲੱਖ ਰੁਪਏ ਮੁਆਵਜ਼ਾ ਅਤੇ ਨੌਕਰੀ, ਗੰਭੀਰ ਜ਼ਖਮੀਆਂ ਨੂੰ 15 ਲੱਖ ਰੁਪਏ ਮੁਆਵਜ਼ਾ, ਜ਼ਖਮੀਆਂ ਨੂੰ 5 ਲੱਖ ਰੁਪਏ ਮੁਆਵਜ਼ਾ ਅਤੇ ਸਾਧਾਰਨ ਜ਼ਖਮੀਆਂ ਨੂੰ 1 ਲੱਖ ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ, ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਬਣਦੀ ਮੁਆਵਜਾ ਰਾਸ਼ੀ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵਾਅਦੇ ਅਨੁਸਾਰ ਜਲਦ ਦਿੱਤੀ ਜਾਵੇ।

ਉਹਨਾਂ ਕਿਹਾ ਕਿ ਪਹਿਲੇ ਦਿੱਲੀ ਅੰਦੋਲਨ ਅਤੇ ਕਿਸਾਨ ਅੰਦੋਲਨ 2 ਦੌਰਾਨ ਪਾਏ ਗਏ ਸਾਰੇ ਪੁਲਿਸ ਕੇਸ ਵਾਪਸ ਲਏ ਜਾਣ। ਗੁਰਦਾਸਪੁਰ ਅੰਮ੍ਰਿਤਸਰ ਅਤੇ ਤਰਨ ਤਾਰਨ ਵਿੱਚ ਭਾਰਤ ਮਾਲਾ ਪ੍ਰੋਜੈਕਟ ਲਈ ਬਿਨਾਂ ਮੁਆਵਜ਼ਾ ਦਿੱਤੇ ਜ਼ਬਰੀ ਜਮੀਨਾਂ ’ਤੇ ਕਬਜ਼ੇ ਕਰਨ ਦੀ ਸਰਕਾਰ ਵੱਲੋਂ ਕੀਤੀ ਗਈ ਪੁਲਿਸੀਆ ਕਾਰਵਾਈ ਦੀ ਸਖਤ ਸ਼ਬਦਾਂ ਚ ਨਿਖੇਧੀ ਕੀਤੀ ਅਤੇ ਕਿਹਾ ਕਿ ਬਹੁਤ ਜਲਦ ਇਸ ਕਾਰਵਾਈ ਦੇ ਖਿਲਾਫ ਤਿੱਖਾ ਐਕਸ਼ਨ ਕੀਤਾ ਜਾ ਰਿਹਾ ਹੈ।

ਸਾਂਝਾ ਕਰੋ

ਪੜ੍ਹੋ

ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਭੇਜਣ ਵਾਲੇ ਦੋ

ਅੰਮ੍ਰਿਤਸਰ, 4 ਮਈ – ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਮਹੱਤਵਪੂਰਨ...