
ਅਖਾਣ ਹੈ ਕਿ ਸਮਾਂ ਕਿਸੇ ਦਾ ਮਿੱਤ ਨਹੀਂ ਪਰ ਜੇ ਗੰਭੀਰਤਾ ਨਾਲ਼ ਘੋਖਿਆ ਜਾਏ ਤਾਂ ਇਸ ਪਦਾਰਥਵਾਦੀ ਦੌਰ ਵਿੱਚ ਜੇ ਕੋਈ ਸੱਚਾ ਦੋਸਤ, ਮਿੱਤਰ ਤੇ ਯਾਰ ਹੈ ਤਾਂ ਉਹ ਸਮਾਂ ਹੀ ਹੈ। ਅਜੋਕੇ ਪਦਾਰਥਵਾਦੀ ਯੁੱਗ ਵਿੱਚ ਸੱਚਾ ਦੋਸਤ ਢੂੰਢਣਾ ਬਹੁਤ ਮੁਸ਼ਕਿਲ ਹੈ। ਸਭ ਦਾ ਮੋਹ ਪਿਆਰ ਪਦਾਰਥ ਦੇ ਨਾਲ਼ ਹੈ। ਰਿਸ਼ਤੇਦਾਰ, ਨਾਤੀ, ਮਿੱਤਰ ਪਿਆਰੇ ਉਦੋਂ ਤੱਕ ਤੁਹਾਡੇ ਨਾਲ਼ ਹਨ ਜਦੋਂ ਤੱਕ ਗਰਜ਼ ਪੂਰੀ ਹੁੰਦੀ ਰਹਿੰਦੀ ਹੈ ਜਾਂ ਕਾਨੂੰਨੀ ਖ਼ਾਨਾਪੂਰਤੀ ਲਈ ਉਨ੍ਹਾਂ ਨੂੰ ਤੁਹਾਡੀ ਲੋੜ ਹੈ। ਜਦੋਂ ਲੋੜ ਪੂਰੀ ਹੋ ਗਈ ਜਾਂ ਕਿਸੇ ਮਜਬੂਰੀ ਵੱਸ ਨਾਂਹ ਹੋ ਗਈ ਤਾਂ ਫਿਰ ਤੂੰ ਕੌਣ ਤੇ ਮੈਂ ਕੌਣ, ਕੋਈ ਰਿਸ਼ਤਾ ਨਹੀਂ, ਕੋਈ ਸਾਂਝ ਭਿਆਲ਼ੀ ਨਹੀਂ। ਮਨੁੱਖ ਨੂੰ ਇਸ ਪਾਸਿਓਂ ਗੁਰਬਾਣੀ ਸੁਚੇਤ ਕਰਦੀ ਆ ਰਹੀ ਹੈ।
ਸਮਾਜ ਵਿੱਚ ਵਾਪਰਦੀਆਂ ਘਟਨਾਵਾਂ ਤੇ ਦੁਰਘਟਨਾਵਾਂ ਸਾਨੂੰ ਸੁਚੇਤ ਕਰਦੀਆਂ ਹਨ ਪਰ ਅਸੀਂ ਓਹਨਾਂ ਨੂੰ ਰੱਬ/ਕੁਦਰਤ ਨਾਲ਼ ਜੋੜ ਕੇ ਖੁਦ ਜੁੰਮੇਵਾਰੀ ਲੈਣ ਤੋਂ ਕਿਨਾਰਾ ਕਰ ਲੈਂਦੇ ਹਾਂ। ਕੁਦਰਤ ਦਾ ਇਹ ਚੱਕਰਵਿਊ ਮਨੁੱਖ ਨੂੰ ਜੋੜਦਾ ਵੀ ਹੈ ਤੇ ਤੋੜਦਾ ਵੀ ਹੈ। ਅਸੀਂ ਜੁੜਨ ਦੀ ਬਜਾਏ ਟੁੱਟਣ ਦਾ ਕੁੱਝ ਅਜਿਹਾ ਮਾਹੌਲ ਸਿਰਜਦੇ ਹਾਂ ਕਿ ਜਦੋਂ ਤੜੱਕ ਕਰਕੇ ਕੋਈ ਟੁੱਟਦਾ ਹੈ ਜਾਂ ਕੋਈ ਕੁਦਰਤੀ ਭਾਣਾ ਵਰਤਦਾ ਹੈ ਤਾਂ ਅਸੀਂ ਸੰਵਾਦ ਕਰਨ ਦੀ ਬਜਾਏ ਚੁੱਪ ਕਰ ਜਾਂਦੇ ਹਾਂ ਜਾਂ ਬਹਿਸ ਕਰਨ ਲਗਦੇ ਹਾਂ। ਬਹਿਸ ਤੇ ਸੰਵਾਦ ਵਿਚਲੇ ਅੰਤਰ ਨੂੰ ਸਮਝੇ ਬਗੈਰ ਅਸੀਂ ਪਾਣੀ ਵਿੱਚ ਮਧਾਣੀ ਪਾ ਕੇ ਰਿੜਕਦੇ ਰਹਿੰਦੇ ਹਾਂ। ਅਸੀਂ ਅਕਸਰ ਬੇਲੋੜੇ ਮੁੱਦਿਆਂ ਨੂੰ ਫੋਕਸ ਕਰਦੇ ਹਾਂ। ਕਿਸੇ ਮਸਲੇ ਦੀਆਂ ਜੜ੍ਹਾਂ ਤੇ ਉਸਦੀਆਂ ਗੁੰਝਲ਼ਾਂ ਨੂੰ ਸਮਝੇ ਬਗੈਰ ਸ਼ਬਦ ਜਾਲ਼ ਬੁਣਦੇ ਹਾਂ। ਇਸ ਸ਼ਬਦ ਜਾਲ਼ ਵਿੱਚ ਫਸ ਕੇ ਅਸੀਂ ਪਾਣੀ ਬਿਨਾਂ ਤੜਫ਼ਦੀ ਮੱਛੀ ਵਾਂਗੂੰ ਸਹਿਕਦੇ ਹਾਂ, ਛਟਪਟਾਉਦੇ ਹਾਂ ਤੇ ਕਿਸੇ ਹੋਰ ਦੇ ਸਿਰ ਦੋਸ਼ ਮੜ੍ਹਕੇ ਖੁੱਦ ਨੂੰ ਬਰੀ ਕਰ ਲੈਂਦੇ ਹਾਂ। ਇਹ ‘ਵਖਤੁ’ ਕਿਸੇ ਦੇ ਪਿਓ ਦੀ ਜਾਗੀਰ ਨਹੀਂ, ਕੀ ਪਤਾ ਪਰਛਾਵਾਂ ਕਦੋਂ ਢਲ਼ ਜਾਵੇ। ਵਖਤੁ ਬਦਲਿਆ ਦੇਰ ਨਹੀਂ ਲੱਗਦੀ। ਵਖਤੁ ਰੁਕਦਾ ਨਹੀਂ, ਇਹ ਸਦਾ ਤੁਰਦਾ ਹੈ।
ਵਖਤੁ ਵੀਚਾਰੇ ਸੁ ਬੰਦਾ ਹੋਇ।
ਹੁਣ ਗੱਲ ਕਰਦੇ ਵਰਤਮਾਨ ਦੇ ਵਿੱਚ ਵਾਪਰਦੇ ਵਰਤਾਰਿਆਂ ਦੀ ! ਅੱਤ ਖੁਦਾ ਦਾ ਵੈਰ ਹੁੰਦਾ ਹੈ। ਅੱਤ ਦਾ ਅੰਤ ਨੇੜੇ ਹੁੰਦਾ ਹੈ। ਆਤਸ਼ਬਾਜ਼ੀ ਇਕ ਵਾਰ ਪੂਰੀ ਤਾਕਤ ਦੇ ਨਾਲ਼ ਅਸਮਾਨ ਵੱਲ ਚੜ੍ਹਦੀ ਹੈ ਤੇ ਕੁਝ ਹੀ ਪਲਾਂ ਬਾਅਦ ਸਿਰ ਪਰਨੇ ਧਰਤੀ ਤੇ ਆ ਡਿੱਗਦੀ ਹੈ। ਇਕ ਵਾਰ ਚੱਲਿਆ ਤੀਰ ਭਾਂਵੇਂ ਵਾਪਸ ਕਮਾਨ ਵੱਲ ਨਹੀਂ ਮੁੜਦਾ ਪਰ ਨਵਾਂ ਤੀਰ ਚਲਾਉਣ ਤੋਂ ਪਹਿਲਾਂ ਕੁਝ ਸੋਚ ਵਿਚਾਰ ਤੇ ਦੂਜੇ ਨਾਲ਼ ਨਾ ਸਹੀ ਖੁਦ ਨਾਲ ਸੰਵਾਦ ਕਰ ਲੈਣਾ ਚਾਹੀਦਾ ਹੈ। ਸਮਾਜ ਵਿੱਚ ਰਹਿੰਦਿਆਂ ਮਨੁੱਖ ਨੂੰ ਚਾਹੀਦਾ ਬਹੁਤ ਕੁੱਝ ਹੈ ਪਰ ਮਿਲ਼ਦਾ ਓਹੀ ਕੁਝ ਹੈ ਜੋ ਉਸਨੇ ਬੀਜਿਆ ਹੁੰਦਾ ਹੈ। ਸਮਾਜ ਵਿੱਚ ਡਿਗਰੀਆਂ ਦਾ ਨਹੀਂ ਕਲਾ ਦਾ ਮੁੱਲ ਪੈਂਦਾ ਹੈ ਪਰ ਸ਼ਰਤ ਹੈ ਕਿ ਕਲਾ ਦਾ ਕੋਈ ਪਾਰਖੂ ਹੋਵੇ। ਜੌਹਰੀ ਹੀ ਹੀਰਾ ਪਰਖਦਾ ਹੈ ਤੇ ਗਿਆਨਹੀਣ ਹੀਰੇ ਨੂੰ ਗਧੇ ਦੇ ਗਲ਼ ਵਿੱਚ ਪਾ ਕੇ ਬਜ਼ਾਰ ਵਿੱਚ ਬੇਗਾਨਾ ਭਾਰ ਢੋਂਦਾ ਹੈ । ਸਮਾਜ ਵਿੱਚ ਹੁਣ ਕਲਾ ਦੀ ਨਹੀਂ ਸਗੋਂ ਡਿਗਰੀਆਂ ਤੇ ਮਾਇਆ ਦਾ ਬੋਲਬਾਲਾ ਹੈ। ਮਨੁੱਖ ਅਤੇ ਸੋਚ ਵਿਕਾਊ ਹੈ।
ਘਰ ਤੇ ਸਮਾਜ ਹੁਣ ਬਾਜ਼ਾਰ ਤੇ ਮੰਡੀ ਵਿੱਚ ਬਦਲ ਗਿਆ ਹੈ। ਹੁਣ ਮਨੁੱਖ ਵਸਤੂਆਂ ਨਹੀਂ, ਵਸਤੂਆਂ ਮਨੁੱਖ ਨੂੰ ਖਰੀਦਦੀਆਂ ਹਨ । ਸਮਾਜ ਵਿੱਚ ਹਰ ਕੁਝ ਵਿਕਾਊ ਹੈ। ਇਸੇ ਕਰਕੇ ਸ਼ਾਤਰ ਮਨੁੱਖ ਲਹਿਰਾਂ ਦਾ ਵੀ ਮੁੱਲ ਵੱਟ ਜਾਂਦੇ ਹਨ । ਇਹ ਕੌੜਾ ਸੱਚ ਹੈ ਕਿ ਵੱਟਿਆ ਤੇ ਖੱਟਿਆ ਨਾਲ਼ ਨਹੀਂ ਜਾਂਦਾ। ਇਸੇ ਕਰਕੇ ਹੁਣ ਮਨੁੱਖ ਨਹੀਂ ਜਿਉਂਦਾ, ਵਸਤੂਆਂ ਜਿਉਦੀਂਆਂ ਹਨ। ਮਨੁੱਖ ਤਾਂ ਉਸੇ ਦਿਨ ਮਰ ਜਾਂਦਾ ਹੈ, ਜਿਸ ਦਿਨ ਉਸਦੇ ਮਨ ਵਿੱਚੋਂ ਮਨੁੱਖਤਾ ਮਰ ਜਾਂਦੀ ਹੈ । ਤਾਂਹੀਂ ਇਸ ਸਮੇਂ ਮਰ ਚੁੱਕੇ ਮਨੁੱਖਾਂ ਦੀ ਅਬਾਦੀ ਵਧ੍ਹ ਰਹੀ ਹੈ। ਜਿਉਂਦੇ ਤੇ ਜਾਗਦੇ ਮਨੁੱਖ ਘਟ ਰਹੇ ਹਨ। ਸਰਮਾਇਆ ਤੇ ਜਾਇਦਾਦ ਵਧਾਉਣ ਦੀ ਲਾਲਸਾ ਵਿੱਚ ਮਨੁੱਖ ਸਭ ਕੁਝ ਭੁੱਲ ਗਿਆ ਹੈ। ਉਸਦੇ ਅੰਦਰੋਂ ਸਬਰ, ਸੰਤੋਖ, ਰਹਿਮ, ਦਇਆ ਸਭ ਮਨਫ਼ੀ ਹੋ ਗਏ ਹਨ।
ਗਿਆਨ ਦੇ ਬੇਹਿਸਾਬੇ ਪਸਾਰੇ ਨੇ ਮਨੁੱਖ ਨੂੰ ਮਨੁੱਖ ਨਾਲੋਂ ਹੀ ਨਹੀਂ ਸਗੋਂ ਆਪਣੇ ਆਪ ਨਾਲੋਂ ਵੀ ਤੋੜ ਦਿੱਤਾ ਹੈ । ਮਨੁੱਖ ਆਪਣੀ ਲਾਸ਼ ਖੁਦ ਮੋਢਿਆਂ ਉਤੇ ਚੁੱਕੀ ਦੌੜ ਰਿਹਾ ਹੈ ਤੇ ਉਡ ਵੀ ਰਿਹਾ ਹੈ। ਮਨੁੱਖ ਦੀ ਹਾਲਤ ਤਿੱਤਲੀ ਦੀ ਭਟਕਣ ਤੇ ਪਾਣੀ ਦੇ ਬੁਲਬਲੇ ਵਰਗੀ ਹੋ ਗਈ ਹੈ। ਕੋਈ ਵੱਡਾ ਤੇ ਛੋਟਾ ਹੋ ਸਕਦਾ ਹੈ ਪਰ ਅੰਤ ਸਭ ਦਾ ਇਕੋ ਜਿਹਾ ਹੀ ਹੈ। ਵਖਤੁ ਦੀ ਚਾਲ ਤੇ ਵਖਤੁ ਦੀ ਕਦਰ ਕਰਨ ਵਾਲੇ ਸਦਾ ਟਿਕਾਅ ਵਿੱਚ ਰਹਿੰਦੇ ਹਨ । ਵਖਤੁ ਨੂੰ ਹੱਥਾਂ ਵਿੱਚ ਫੜ੍ਹਨ ਦੀ ਕੋਸ਼ਿਸ਼ ਕਰਨ ਵਾਲ਼ੇ ਖੁਦ ਨੂੰ ਹੀ ਨਹੀਂ ਸਗੋਂ ਆਲ਼ਾ ਦੁਆਲ਼ਾ ਵੀ ਸਾੜ ਲੈਂਦੇ ਹਨ। ਹੁਣ ਉਹ ਹੱਥ, ਜਿਹਨਾਂ ਨੇ ਆਪਣਾ ਵਖਤੁ ਬਿਗਾਨੇ ਹੱਥਾਂ ਵਿੱਚ ਫੜਾਇਆ ਹੈ , ਸਵਾਲ ਕਰਦੇ ਹਨ, ਪਰ ਉਹਨਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦੇਂਦਾ। ਨਵ ਰਹੱਸਵਾਦੀ ਕਵੀ ਭਾਈ ਵੀਰ ਸਿੰਘ ਲਿਖਦੇ ਹਨ :-
“ਰਹੀ ਵਾਸਤੇ ਘੱਤ
‘ਸਮੇਂ’ ਨੇ ਇਕ ਨਾ ਮੰਨੀ,
ਫੜ ਫੜ ਰਹੀ ਧਰੀਕ
‘ਸਮੇਂ’ ਖਿਸਕਾਈ ਕੰਨੀ !”
ਵਚਨਬੱਧਤਾ ਤੇ ਪ੍ਰਤੀਬੱਧਤਾ ਤੋਂ ਦੂਰ ਹੋ ਰਹੀ ਲੋਕਾਈ ਖੁਦ ਨੂੰ ਤੇ ਮਗਰ ਆ ਰਹੀ ਭੀੜ ਨੂੰ ਖੂਹ ਵਿੱਚ ਡੇਗਣ ਲਈ ਜਾ ਰਹੀ ਹੈ । ਬਹੁਗਿਣਤੀ ਮਨੁੱਖ ਦਿਮਾਗ਼ੋਂ ਪੈਦਲ ਯਾਤਰਾਵਾਂ ਕਰ ਰਹੇ ਹਨ । ਉਹ ਦਿਮਾਗ਼ ਤੋਂ ਨਹੀਂ ਸਗੋਂ ਕੰਨਾਂ ਤੋਂ ਕੰਮ ਲੈਂਦੇ ਹਨ । ਸੁਣੀਆਂ ਤੇ ਸੁਣਾਈਆਂ ਮਨਘੜਤ ਗੱਲਾਂ ਉਤੇ ਅੱਖਾਂ ਮੀਚ ਕੇ ਭਰੋਸਾ ਕਰਦੇ ਹਨ ਪਰ ਉਨ੍ਹਾਂ ਦੀ ਨਰਕ ਬਣੀ ਜ਼ਿੰਦਗੀ ਨਹੀਂ ਬਦਲਦੀ। ਸਾਧਾਂ ਦੇ ਡੇਰੇ ਤੇ ਹੋਰ ਧਾਰਮਿਕ ਅਸਥਾਨਾਂ ਦੇ ਪੁਜਾਰੀ ਤੇ ਬਾਬੇ ਬਿਨਾਂ ਕੋਈ ਸਾਰਥਕ ਕੰਮ ਕੀਤਿਆਂ ਪਲ਼ੀ ਜਾਂਦੇ ਹਨ । ‘ਬਾਬਿਆਂ ਦੇ ਕਿਹੜੇ ਨੇ ਟਰਾਲੇ ਚੱਲਦੇ’ ਵਾਲੀ ਗੱਲ ਸਹੀ ਹੈ । ਦੁਨੀਆਂ ਵਿੱਚ ਅੰਧ ਵਿਸ਼ਵਾਸ਼ੀ ਲੋਕਾਂ ਦੀ ਕਿਰਪਾ ਦੇ ਨਾਲ਼ ਇਹਨਾਂ ਦੀਆਂ ਵੱਡੀਆਂ ਵੱਡੀਆਂ ਆਲੀਸ਼ਾਨ ਇਮਾਰਤਾਂ ਬਣ ਜਾਂਦੀਆਂ ਹਨ ਪਰ ਬਾਬਿਆਂ ਦੇ ਚਰਨ ਸੇਵਕਾਂ ਦੀ ਜੂਨ ਨਹੀਂ ਸੌਰਦੀ। ਜੇ ਕੋਈ ਉਨ੍ਹਾਂ ਨੂੰ ਕੋਈ ਅਕਲ ਦੀ ਗੱਲ ਦੱਸੇ ਤਾਂ ਉਹ ਗਲ਼ ਪੈਣ ਨੂੰ ਆਉਂਦੇ ਹਨ।
ਵਖਤੁ ਦੀ ਕਦਰ ਕਰਨ ਵਾਲ਼ਿਆਂ ਦੀ ਗਿਣਤੀ ਸੁੰਗੜ ਰਹੀ ਹੈ। ਇਸੇ ਕਰਕੇ ਬੰਦੇ ਦੀਆਂ ਭਾਵਨਾਵਾਂ ਬਹੁਤ ਛੇਤੀ ਭੜਕ ਜਾਂਦੀਆਂ ਹਨ। ਜਦੋਂ ਬੰਦੇ ਦੀਆਂ ਭਾਵਨਾਵਾਂ ਛੇਤੀ ਛੇਤੀ ਭੜਕਣ ਲੱਗ ਜਾਣ ਤਾਂ ਧਰਮ ਤੇ ਸਿਆਸਤ ਦੇ ਠੇਕੇਦਾਰਾਂ ਦੀ ਆਮਦਨ ਵਿੱਚ ਚੋਖਾ ਵਾਧਾ ਹੁੰਦਾ ਹੈ। ਵਖਤੁ ਵੀਚਾਰਨ ਵਾਲ਼ੇ ਸਦਾ ਸਬਰ ਸੰਤੋਖ ਦੀ ਜ਼ਿੰਦਗੀ ਜਿਉਂਦੇ ਹਨ। ਉਹ ਸਦਾ ਖੁਸ਼ ਰਹਿੰਦੇ ਹਨ। ਉਹ ਆਪਣੇ ਘਰ ਵਿੱਚ ਚੁਪ ਰਹਿੰਦੇ ਹਨ। ਖਾ ਪੀ ਕੇ ਸੌਂਦੇ ਹਨ। ਆਜ਼ਾਦ ਦੀਆਂ ਗੱਲਾਂ ਕਰਦੇ ਹਨ। ਗੁਲਾਮ ਮਨੁੱਖ ਆਜ਼ਾਦੀ ਦਾ ਨਾਅਰਾ ਲਗਾ ਕੇ, ਵਕਤ ਤੇ ਅਸਲ ਮੁੱਦਿਆਂ ਨੂੰ ਠੰਡੇ ਬਸਤੇ ਵਿੱਚ ਪਾਉਣ ਦਾ ਧਰਮ ਦੀ ਆੜ ਵਿੱਚ ਲੋਕਾਈ ਨੂੰ ਨਸ਼ਿਆਂ ਦੀ ਦਲਦਲ ਦੇ ਔਗੁਣ ਦੱਸਦਾ ਹੈ। ਵਕਤ ਕਿਸੇ ਦੇ ਬਾਪ ਦਾ ਨਹੀਂ, ਕੀ ਪਤਾ ਕਦ ਕਰਵਟ ਬਦਲ ਲਵੇ। ਅਰਸ਼ ਤੋਂ ਫਰਸ਼ ਉਤੇ ਲੈ ਆਵੇ। ਸਮੇਂ ਦੇ ਨਾਲ ਨਾਲ ਤੁਰਨਾ ਹੁਣ ਲੋੜ ਹੈ। ਵਕਤ ਨੂੰ ਪਛਾਣਨ ਦੀ ਜ਼ਰੂਰਤ ਹੈ।
ਬੁੱਧ ਸਿੰਘ ਨੀਲੋਂ
9464370823