
ਪਣਜੀ, 3 ਮਈ – ਉੱਤਰੀ ਗੋਆ ਵਿਚ ਇਕ ਮੰਦਰ ਉਤਸਵ ਦੌਰਾਨ ਭਗਦੜ ਮਚਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਅੱਜ ਸਵੇਰੇ ਸ਼ਿਰਗਾਓ ਪਿੰਡ ਦੇ ਸ੍ਰੀ ਲੈਰਾਈ ਦੇਵੀ ਮੰਦਰ ਵਿੱਚ ਵਾਪਰੀ। ਉਨ੍ਹਾਂ ਕਿਹਾ ਕਿ ਗੋਆ, ਮਹਾਰਾਸ਼ਟਰ ਅਤੇ ਕਰਨਾਟਕ ਤੋਂ ਹਜ਼ਾਰਾਂ ਸ਼ਰਧਾਲੂ ਤਿਉਹਾਰ ਲਈ ਮੰਦਰ ਵਿਚ ਇਕੱਠੇ ਹੋਏ ਸਨ, ਹਾਲਾਂਕਿ ਭਗਦੜ ਦੇ ਸਹੀ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਲਗਾਇਆ ਜਾਵੇਗਾ।
ਸੂਬੇ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਕਿਹਾ ਕਿ ਘੱਟੋ-ਘੱਟ 30 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਅੱਠ ਦੀ ਹਾਲਤ ਗੰਭੀਰ ਹੈ ਅਤੇ ਦੋ ਨੂੰ ਬੰਬੋਲੀਮ ਦੇ ਗੋਆ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਪੁਸਾ ਦੇ ਉੱਤਰੀ ਗੋਆ ਜ਼ਿਲ੍ਹਾ ਹਸਪਤਾਲ ਵਿੱਚ ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਨੂੰ ਮ੍ਰਿਤਕ ਲਿਆਂਦਾ ਗਿਆ।