ਬੰਗਲਾਦੇਸ਼ੀ ਬਾਂਗ

ਢਾਕਾ, 3 ਮਈ – ਬੰਗਲਾਦੇਸ਼ ਦੇ ਰਿਟਾਇਰਡ ਮੇਜਰ ਜਨਰਲ ਏ ਐੱਲ ਐੱਮ ਫਜ਼ਲੁਰ ਰਹਿਮਾਨ ਨੇ ਆਪਣੀ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਜੇ ਭਾਰਤ ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ’ਤੇ ਹਮਲਾ ਕਰਦਾ ਹੈ ਤਾਂ ਬੰਗਲਾਦੇਸ਼ ਨੂੰ ਵੀ ਭਾਰਤ ਵਿੱਚ ਵੜ ਕੇ ਸਾਰੇ ਸੱਤ ਉੱਤਰ-ਪੂਰਬੀ ਰਾਜਾਂ ’ਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ। ਬੰਗਲਾਦੇਸ਼ ਰਾਈਫਲਜ਼ (ਜਿਸ ਨੂੰ ਅੱਜਕੱਲ੍ਹ ਬਾਰਡਰ ਗਾਰਡ ਬੰਗਲਾਦੇਸ਼ ਕਹਿੰਦੇ ਹਨ) ਦੇ ਸਾਬਕਾ ਮੁਖੀ ਰਹਿਮਾਨ ਨੂੰ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਦਾ ਕਰੀਬੀ ਸਮਝਿਆ ਜਾਂਦਾ ਹੈ।

ਉਸ ਨੇ ਇਹ ਵੀ ਕਿਹਾ ਹੈ ਕਿ ਇਸ ਕੰਮ ਵਿੱਚ ਚੀਨ ਦਾ ਸਹਿਯੋਗ ਲਿਆ ਜਾਣਾ ਚਾਹੀਦਾ ਹੈ। ਰਹਿਮਾਨ ਨੇ ਫੇਸਬੁੱਕ ’ਤੇ ਬੰਗਾਲੀ ਵਿੱਚ ਲਿਖਿਆ ਹੈ, ‘‘ਜੇ ਭਾਰਤ ਪਾਕਿਸਤਾਨ ’ਤੇ ਹਮਲਾ ਕਰਦਾ ਹੈ ਤਾਂ ਬੰਗਲਾਦੇਸ਼ ਨੂੰ ਭਾਰਤ ਦੇ ਸੱਤ ਉੱਤਰ-ਪੂਰਬੀ ਰਾਜ ਹੜੱਪ ਲੈਣੇ ਚਾਹੀਦੇ ਹਨ। ਮੈਂ ਮਹਿਸੂਸ ਕਰਦਾ ਹਾਂ ਕਿ ਇਸ ਲਈ ਚੀਨ ਨਾਲ ਸਾਂਝਾ ਮਿਲਟਰੀ ਗੱਠਜੋੜ ਕਰਨ ਲਈ ਵਿਚਾਰ ਸ਼ੁਰੂ ਕਰ ਦੇਣੀ ਜ਼ਰੂਰੀ ਹੈ। ਰਹਿਮਾਨ ਦੀ ਇਹ ਟਿੱਪਣੀ ਉਦੋਂ ਸਾਹਮਣੇ ਆਈ ਹੈ, ਜਦੋਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜਿਦ ਦੇ ਬੰਗਲਾਦੇਸ਼ ਵਿੱਚੋਂ ਭੱਜ ਕੇ ਭਾਰਤ ਆਉਣ ਤੇ ਬੰਗਲਾਦੇਸ਼ ਵਿੱਚ ਹਿੰਦੂਆਂ ’ਤੇ ਹਮਲਿਆਂ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਨਿੱਘਰੇ ਸੰਬੰਧਾਂ ਨੂੰ ਲੀਹ ’ਤੇ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ।

ਮੁਹੰਮਦ ਯੂਨਸ ਨੇ ਵੀ ਮਾਰਚ ’ਚ ਚੀਨ ਦੇ ਦੌਰੇ ਦੌਰਾਨ ਭਾਰਤ ਦੇ ਉੱਤਰ-ਪੂਰਬੀ ਰਾਜਾਂ ਦਾ ਜ਼ਿਕਰ ਕੀਤਾ ਸੀ। ਉਸ ਨੇ ਕਿਹਾ ਸੀ, ‘‘ਭਾਰਤ ਦੇ ਪੂਰਬ ਵਿੱਚ ਸੱਤ ਰਾਜਾਂ ਨੂੰ ਸੱਤ ਭੈਣਾਂ ਕਹਿੰਦੇ ਹਨ। ਇਹ ਭਾਰਤ ਦਾ ਪਹਾੜਾਂ ਨਾਲ ਘਿਰਿਆ ਇਲਾਕਾ ਹੈ। ਇਨ੍ਹਾਂ ਦੀ ਸਮੁੰਦਰ ਤੱਕ ਪਹੁੰਚ ਨਹੀਂ ਹੈ। ਬੰਗਲਾਦੇਸ਼ ਹੀ ਖਿੱਤੇ ਵਿੱਚ ਸਮੁੰਦਰ ਦਾ ਇਕੱਲਾ ਰਾਖਾ ਹੈ ਅਤੇ ਇਹ ਚੀਨ ਨੂੰ ਆਰਥਿਕ ਲਾਭ ਲੈਣ ਲਈ ਵੱਡਾ ਮੌਕਾ ਬਣ ਸਕਦਾ ਹੈ।

ਸਾਂਝਾ ਕਰੋ

ਪੜ੍ਹੋ