
ਬੇਂਗਲੁਰੂ, 3 ਮਈ – ਸ਼ਹਿਰ ਵਿੱਚ ਕਰਿਆਨੇ ਦਾ ਸਮਾਨ ਪਹੁੰਚਾਉਣ ਲਈ ਡਰੋਨ ਸੇਵਾ ਸ਼ੁਰੂ ਹੋ ਗਈ ਹੈ। ਦੱਖਣੀ ਬੇਂਗਲੁਰੂ ਵਿੱਚ ਪ੍ਰੈਸਟਿਜ ਫਾਲਕਨ ਸਿਟੀ ਐਸੋਸੀਏਸ਼ਨ ਨੇ ਬਿੱਗ ਬਾਸਕਟ ਤੇ ਡਰੋਨ ਕੰਪਨੀ ਸਕਾਈ ਏਅਰ ਮੋਬਿਲਿਟੀ ਨਾਲ ਕਰਾਰ ਕੀਤਾ ਹੈ ਤੇ ਉਸਦੇ ਨਿਵਾਸੀਆਂ ਨੂੰ ਕਰਿਆਨਾ, ਦਵਾਈਆਂ ਤੇ ਰੋਜ਼ਾਨਾ ਲੋੜ ਦੀਆਂ ਹੋਰ ਚੀਜ਼ਾਂ 5-10 ਮਿੰਟਾਂ ਵਿੱਚ ਮਿਲਣ ਲੱਗ ਪਈਆਂ ਹਨ।
ਇਸ ਨਾਲ ਇਲਾਕੇ ਵਿੱਚ ਸਮਾਨ ਲੈ ਕੇ ਆਉਣ ਵਾਲੇ ਦੋ ਪਹੀਆ ਵਾਹਨਾਂ ਤੇ ਹੋਰ ਗੱਡੀਆਂ ਦਾ ਆਉਣਾ-ਜਾਣਾ ਘੱਟ ਗਿਆ ਹੈ। ਪ੍ਰਦੂਸ਼ਣ ਤੋਂ ਵੀ ਕੁਝ ਰਾਹਤ ਮਿਲੀ ਹੈ। ਡਰੋਨ ਸਵੇਰੇ 7 ਵਜੇ ਤੋਂ ਰਾਤ 8 ਵਜੇ ਤਕ ਉੱਡਦਾ ਹੈ। ਕੰਪਨੀ ਇਸ ਵੇਲੇ ਦੋ ਡਰੋਨ ਚਲਾ ਰਹੀ ਹੈ ਤੇ ਹੋਰ ਇਲਾਕੇ ਕਵਰ ਕਰਨ ਲਈ ਇਨ੍ਹਾਂ ਦੀ ਗਿਣਤੀ 25-30 ਕਰਨ ਦੀ ਯੋਜਨਾ ਹੈ।