
ਲੁਧਿਆਣਾ, 30 ਅਪ੍ਰੈਲ – ਕਹਿੰਦੇ ਹਨ ਕਿ ਜੇਕਰ ਕੁਝ ਕਰਨ ਦੀ ਚਾਹਤ ਹੋਵੇ ਤਾਂ ਕੋਈ ਤੁਹਾਡੀ ਕਾਮਯਾਬੀ ਦੇ ਵਿੱਚ ਰੁਕਾਵਟ ਨਹੀਂ ਬਣ ਸਕਦਾ। ਕੁਝ ਅਜਿਹਾ ਹੀ ਲੁਧਿਆਣਾ ਦੇ ਬੇਹੱਦ ਗਰੀਬ ਪਰਿਵਾਰ ਨਾਲ ਸੰਬੰਧਿਤ ਪਵਨ ਪੂਹਲ ਨੇ ਕਰ ਦਿਖਾਇਆ ਹੈ। ਜਿਸ ਨੇ ਐਮਬੀਬੀਐਸ ਦੀ ਡਿਗਰੀ ਹਾਸਿਲ ਕੀਤੀ ਹੈ। ਉਸ ਦੇ ਪਰਿਵਾਰ ‘ਚ ਪਿਛਲੇ ਤਿੰਨ ਪੀੜੀਆਂ ਤੋਂ ਉਹ ਇਕਲੋਤਾ ਬਣਿਆ ਹੈ ਜੋ ਇੰਨਾ ਪੜ੍ਹ ਲਿਖ ਕੇ ਡਾਕਟਰੀ ਦੀ ਡਿਗਰੀ ਹਾਸਿਲ ਕਰ ਪਾਇਆ ਹੈ। ਉਹ ਬਹੁਤ ਗਰੀਬ ਪਰਿਵਾਰ ਤੋਂ ਸੰਬੰਧਤ ਹੈ ਅਤੇ ਉਸ ਦੇ ਮਾਤਾ ਪਿਤਾ ਦਰਜਾ ਚਾਰ ਦੀ ਨੌਕਰੀ ਕਰਦੇ ਰਹੇ ਹਨ। ਡਬਲ ਸ਼ਿਫਟਾਂ ਲਾ ਕੇ ਉਨ੍ਹਾਂ ਨੇ ਆਪਣੇ ਬੱਚੇ ਨੂੰ ਪੜਾ ਲਿਖਾ ਕੇ ਅੱਜ ਇਸ ਮੁਕਾਮ ‘ਤੇ ਪਹੁੰਚਾਇਆ ਹੈ।
ਬੱਚਿਆਂ ਨੂੰ ਪੜਾਉਣ ਲਈ ਮਾਂ ਪਿਓ ਨੇ ਦਿਨ ਰਾਤ ਕੀਤਾ ਇੱਕ
ਪਵਨ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਪਿਛਲੀਆਂ ਤਿੰਨ ਪੀੜੀਆਂ ਤੋਂ ਉਸ ਦਾ ਪਰਿਵਾਰ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਜਿਸ ਕਰਕੇ ਪਰਿਵਾਰ ਅਤੇ ਉਸ ਦੇ ਪਰਿਵਾਰ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਨੇ ਡਾਕਟਰੀ ਦੀ ਡਿਗਰੀ ਕੀਤੀ ਹੋਵੇ। ਪਰਿਵਾਰ ਬਾਬਾ ਭੀਮ ਰਾਓ ਅੰਬੇਡਕਰ ਤੋਂ ਪ੍ਰਭਾਵਿਤ ਹੈ। ਜਿਸ ਕਰਕੇ ਬੱਚਿਆਂ ਨੂੰ ਪੜਾਉਣ ਦੇ ਲਈ ਮਾਂ ਪਿਓ ਨੇ ਦਿਨ ਰਾਤ ਇੱਕ ਕਰ ਦਿੱਤਾ। ਪਵਨ ਨੂੰ ਪੜਾਉਣ ਦੇ ਲਈ ਉਨ੍ਹਾਂ ਨੇ ਕਿਸੇ ਤੋਂ ਨਾ ਹੀ ਕਰਜ਼ਾ ਲਿਆ ਤੇ ਨਾ ਹੀ ਕੋਈ ਆਰਥਿਕ ਮਦਦ ਮੰਗੀ। ਆਪਣੇ ਬੇਟੇ ਦੇ ਵਿੱਚ ਆਪਣਾ ਸੁਫ਼ਨਾ ਦੇਖਿਆ ਅਤੇ ਉਸ ਨੂੰ ਬੇਟੇ ਨੇ ਸਕਾਰ ਕਰਕੇ ਵਿਖਾਇਆ।
ਭਾਈਚਾਰੇ ਵੱਲੋਂ ਸਨਮਾਨਿਤ
ਪਵਨ ਪੂਹਲ ਨੂੰ ਉਸ ਦੇ ਭਾਈਚਾਰੇ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਅਤੇ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਹੈ ਉਹ ਬਾਕੀ ਨੌਜਵਾਨਾਂ ਦੇ ਲਈ ਪ੍ਰੇਰਨਾ ਦਾ ਸਰੋਤ ਬਣਿਆ ਹੈ। ਉਸ ਦੇ ਭਰਾ ਅਤੇ ਉਸ ਦੇ ਚਾਚੇ ਨੇ ਕਿਹਾ ਹੈ ਕਿ ਸਾਨੂੰ ਖੁਸ਼ੀ ਹੈ ਕਿ ਸਾਡੇ ਭਾਈਚਾਰੇ ਵਿੱਚੋਂ ਕੋਈ ਨੌਜਵਾਨ ਇੰਨਾ ਪੜ੍ਹ ਲਿਖ ਕੇ ਡਾਕਟਰ ਦੀ ਡਿਗਰੀ ਹਾਸਿਲ ਕਰ ਸਕਿਆ ਹੈ। ਪਰਿਵਰ ਦੇ ਮੈਂਬਰਾਂ ਨੇ ਕਿਹਾ ਕਿ ਸਾਡੀ ਸ਼ੁੱਭਕਾਮਨਾਵਾਂ ਉਸ ਦੇ ਨਾਲ ਹੈ ਤਾਂ ਜੋ ਅੱਗੇ ਜਾ ਕੇ ਉਹ ਹੋਰ ਤਰੱਕੀ ਕਰੇ।