
ਲਿਸਬਨ, 30 ਅਪ੍ਰੈਲ – ਯੂਰਪ ‘ਚ ਕਈ ਘੰਟਿਆਂ ਦੇ ਬਲੈਕਆਊਟ ਤੋਂ ਬਾਅਦ ਆਖ਼ਰ ਮੰਗਲਵਾਰ ਦੀ ਸਵੇਰ ਨੂੰ ਬਿਜਲੀ ਸਪਲਾਈ ਪੂਰੀ ਤਰ੍ਹਾਂ ਬਹਾਲ ਹੋ ਗਈ। ਰਿਪੋਰਟ ਮੁਤਾਬਕ ਯੂਰਪ ਦੇ ਤਿੰਨ ਦੇਸ਼ ਸਪੇਨ, ਪੁਰਤਗਾਲ ਤੇ ਫ਼ਰਾਂਸ ਕਈ ਘੰਟੇ ਤਕ ਹਨੇਰੇ ’ਚ ਡੁੱਬੇ ਰਹੇ ਸੀ, ਜਿਸ ਕਾਰਨ ਆਮ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ। ਕਿਉਂਕਿ ਅਚਾਨਕ ਇਸ ਤਰ੍ਹਾਂ ਬਿਜਲੀ ਸਪਲਾਈ ਠੱਪ ਹੋਣ ਕਰਕੇ ਮੈਟਰੋ ਰੇਲ ਸੇਵਾ ਵੀ ਬੰਦ ਹੋ ਗਈ, ਲੱਖਾਂ ਘਰ ਹਨੇਰੇ ’ਚ ਡੁੱਬ ਗਏ ਅਤੇ ਕਈ ਸਾਰੇ ਲੋਕ ਤਾਂ ਲਿਫ਼ਟਾਂ ’ਚ ਵੀ ਫ਼ਸ ਗਏ ਸੀ।
ਮੰਗਲਵਾਰ ਨੂੰ ਸਪੇਨ ਅਤੇ ਪੁਰਤਗਾਲ ਵਿਚ ਬਿਜਲੀ ਲਗਭਗ ਪੂਰੀ ਤਰ੍ਹਾਂ ਬਹਾਲ ਹੋ ਤਾਂ ਗਈ, ਪਰ ਇਸ ਬਾਰੇ ਬਹੁਤ ਸਾਰੇ ਸਵਾਲ ਬਾਕੀ ਹਨ ਕਿ ਆਖ਼ਰ ਬਲੈਕਆਉਟ ਦਾ ਕੀ ਕਾਰਨ ਸੀ। ਦੇਸ਼ ਦੇ ਬਿਜਲੀ ਆਪਰੇਟਰ ਰੈੱਡ ਇਲੈਕਟਰੀਕਾ ਨੇ ਕਿਹਾ ਕਿ ਮੰਗਲਵਾਰ ਸਵੇਰੇ 7 ਵਜੇ ਤਕ ਸਪੇਨ ਵਿਚ 99 ਪ੍ਰਤੀਸ਼ਤ ਤੋਂ ਵੱਧ ਬਿਜਲੀ ਬਹਾਲ ਹੋ ਗਈ ਸੀ। ਪੁਰਤਗਾਲੀ ਗਰਿੱਡ ਆਪਰੇਟਰ R5N ਨੇ ਮੰਗਲਵਾਰ ਸਵੇਰੇ ਕਿਹਾ ਕਿ ਕੱਲ੍ਹ ਦੇਰ ਰਾਤ ਤੋਂ ਸਾਰੇ 89 ਪਾਵਰ ਸਬਸਟੇਸ਼ਨ ਵਾਪਸ ਔਨਲਾਈਨ ਹੋ ਗਏ ਸਨ ਅਤੇ ਸਾਰੇ 6.4 ਮਿਲੀਅਨ ਗਾਹਕਾਂ ਨੂੰ ਬਿਜਲੀ ਬਹਾਲ ਕਰ ਦਿਤੀ ਗਈ ਸੀ। ਮੰਗਲਵਾਰ ਸਵੇਰ ਤਕ ਜੀਵਨ ਆਮ ਵਾਂਗ ਹੋ ਗਿਆ ਸੀ।