ਮਿੰਨੀ ਕਹਾਣੀ/ਚਿੱਟਾ ਦੁਪੱਟਾ/ਪ੍ਰਤਾਪ ‘ਪਾਰਸ’ ਗੁਰਦਾਸਪੁਰੀ

ਦਲੇਰ ਸਿੰਘ ਮੱਧਵਰਗੀ ਪਰਿਵਾਰ ਵਿੱਚ ਪੈਦਾ ਹੋਇਆ ਮਾਂ ਦੇ ਲਾਡਾਂ ਦਾ ਵਿਗਾੜਿਆ ਹੋਇਆ ਉਹ ਪੁੱਤਰ ਸੀ, ਜਿਸ ਨੇ ਆਪਣੀ ਤਾਂ ਸਾਰੀ ਜ਼ਿੰਦਗੀ ਬਰਬਾਦ ਕੀਤੀ ਹੀ ਸੀ, ਆਪਣੇ ਚੰਗੇ-ਭਲੇ ਪਰਿਵਾਰ ’ਤੇ ਤਸਕਰ ਦਾ ਲੇਬਲ ਲਾ ਕੇ ਰੱਖ ਦਿੱਤਾ ਸੀ। ਉਸ ਦੇ ਮਾਂ-ਬਾਪ ਕੋਰੇ ਅਨਪੜ੍ਹ ਸਨ ਜਿਸ ਕਰਕੇ ਉਸ ਨੂੰ ਪੜ੍ਹਾਉਣ ਬਾਰੇ ਸੋਚਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਸੀ। ਦਲੇਰ ਸਿੰਘ ਜਵਾਨੀ ਦੇ ਸ਼ੁਰੂ ਵਿੱਚ ਹੀ ਪਿੰਡ ਦੇ ਗ਼ਲਤ ਮੁੰਡਿਆਂ ਨਾਲ ਬੈਠਣ-ਉੱਠਣ ਲੱਗ ਪਿਆ ਸੀ। ਪਿੰਡ ਬਾਰਡਰ ਨੇੜੇ ਹੋਣ ਕਰਕੇ ਗੁਆਂਢੀ ਦੇਸ਼ੋਂ ਅਫ਼ੀਮ, ਢਾਕੇ ਦੀ ਮਲਮਲ ਅਤੇ ਸੋਨੇ ਆਦਿ ਦੀ ਤਸਕਰੀ ਕਰਨ ਲੱਗਿਆ ਕਿਉਂਕਿ ਉਸ ਵੇਲੇ ਬਾਰਡਰ ’ਤੇ ਕੰਡਿਆਲੀ ਤਾਰ ਨਹੀਂ ਸੀ ਲੱਗੀ। ਉਹ ਪਾਂਡੀ ਦੇ ਕੰਮ ਤੋਂ ਸ਼ੁਰੂ ਹੋ ਕੇ ਥੋੜ੍ਹੇ ਸਮੇਂ ਵਿੱਚ ਹੀ ਵੱਡਾ ਤਸਕਰ ਬਣ ਗਿਆ। ਉਹ ਕਈ ਵਾਰ ਫੜਿਆ ਵੀ ਗਿਆ ਪਰ ਰਿਸ਼ਵਤ ਦੇ ਜ਼ੋਰ ’ਤੇ ਛੁੱਟ ਜਾਂਦਾ ਕਿਉਂਕਿ ਉਸ ਦੇ ਪਿੱਛੇ ਵੱਡੇ ਬਲੈਕੀਏ ਵੀ ਖੜ੍ਹੇ ਹੁੰਦੇ ਸਨ। ਇਸ ਤਰ੍ਹਾਂ ਉਸ ਦਾ ਇਹ ਧੰਦਾ ਨਿਰੰਤਰ ਚਲਦਾ ਰਿਹਾ।

ਇਸ ਅਰਸੇ ਵਿੱਚ ਉਸ ਦਾ ਵਿਆਹ ਵੀ ਹੋ ਗਿਆ ਤੇ ਇੱਕ ਪੁੱਤਰ ਵੀ ਪੈਦਾ ਹੋ ਗਿਆ। ਪੋਤਰਾ ਹੋਣ ਦੇ ਕੁਝ ਸਮੇਂ ਬਾਅਦ ਹੀ ਦਲੇਰ ਸਿੰਘ ਦੇ ਮਾਂ-ਪਿਓ ਉਸ ਦੇ ਗ਼ੈਰਕਾਨੂੰਨੀ ਧੰਦੇ ਦਾ ਸੰਤਾਪ ਹੰਢਾਉਂਦੇ ਵਾਰੋ-ਵਾਰੀ ਦੁਖੀ ਹੀ ਜਹਾਨੋਂ ਰੁਖ਼ਸਤ ਹੋ ਗਏ। ਦਲੇਰ ਸਿੰਘ ’ਤੇ ਮਾਪਿਆਂ ਦੇ ਇਸ ਤਰ੍ਹਾਂ ਤੁਰ ਜਾਣ ਦਾ ਵੀ ਕੋਈ ਅਸਰ ਨਾ ਹੋਇਆ। ਉਸ ਦਾ ਤਸਕਰੀ ਦਾ ਕੰਮ ਲਗਾਤਾਰ ਜਾਰੀ ਸੀ। ਇੱਕ ਵਾਰ ਦਲੇਰ ਸਿੰਘ ਨਸ਼ੇ ਦੀ ਇੱਕ ਵੱਡੀ ਖੇਪ ਨਾਲ ਪੁਲੀਸ ਦੇ ਹੱਥੇ ਚੜ੍ਹ ਗਿਆ। ਅਫਸਰ ਬਦਲੇ ਹੋਣ ਕਰਕੇ ਉਸ ਦਾ ਪੈਸੇ ਦੇ ਕੇ ਛੁੱਟਣਾ ਮੁਸ਼ਕਿਲ ਹੋ ਗਿਆ। ਨਵੇਂ ਆਏ ਇਸ ਇਮਾਨਦਾਰ ਅਫਸਰ ਨੇ ਦਲੇਰ ਸਿੰਘ ਅੱਗੇ ਛੁੱਟਣ ਲਈ ਇੱਕ ਸ਼ਰਤ ਰੱਖ ਦਿੱਤੀ ਕਿ ਉਹ ਤਸਕਰੀ ਕਰਦੇ ਲੋਕਾਂ ਦੀ ਮੁਖ਼ਬਰੀ ਕਰੇ, ਨਹੀਂ ਤਾਂ ਉਹ ਉਸ ਨੂੰ ਇਸ ਤਰ੍ਹਾਂ ਜੇਲ੍ਹ ਵਿੱਚ ਠੋਕੇਗਾ ਕਿ ਅੰਤਲੇ ਸਾਹ ਤੱਕ ਜੇਲ੍ਹ ਵਿੱਚ ਹੀ ਰਹੇਗਾ।ਦਲੇਰ ਸਿੰਘ ਕੋਲ ਮੁਖ਼ਬਰੀ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ ਸੀ ਪਰ ਉਹ ਆਪਣੇ ਸਾਥੀਆਂ ਨਾਲ ਗੱਦਾਰੀ ਵੀ ਨਹੀਂ ਕਰਨਾ ਚਹੁੰਦਾ ਸੀ।

ਅਖੀਰ ਉਹ ਇਸ ਕੰਮ ਲਈ ਸਹਿਮਤ ਹੋ ਗਿਆ। ਉਸ ਅਫਸਰ ਨੇ ਦਲੇਰ ਸਿੰਘ ਜ਼ਰੀਏ ਕਈ ਕਹਿੰਦੇ ਕਹਾਉਂਦੇ ਬਲੈਕੀਏ ਮਾਲ ਸਮੇਤ ਫੜ ਕੇ ਜੇਲ੍ਹਾਂ ਵਿੱਚ ਡੱਕ ਦਿੱਤੇ ਜਿਸ ਬਦਲੇ ਉਸ ਨੂੰ ਸਰਕਾਰ ਨੇ ਤਰੱਕੀ ਅਤੇ ਚੋਖੇ ਇਨਾਮ ਵੀ ਦਿੱਤੇ। ਉਸ ਅਫਸਰ ਨੇ ਦਲੇਰ ਸਿੰਘ ਨੂੰ ਉਸ ਦਾ ਬਣਦਾ ਇਨਾਮ ਵੀ ਦਿੱਤਾ, ਜਿਸ ਤੋਂ ਦਲੇਰ ਸਿੰਘ ਸੰਤੁਸ਼ਟ ਸੀ। ਹੁਣ ਦਲੇਰ ਸਿੰਘ ਜ਼ਿਆਦਾ ਰੂਪੋਸ਼ ਹੀ ਰਹਿੰਦਾ। ਦਰਅਸਲ, ਉਸ ਦੀ ਮੁਖ਼ਬਰੀ ਦੀ ਭਿਣਕ ਤਸਕਰਾਂ ਨੂੰ ਵੀ ਪੈ ਚੁੱਕੀ ਸੀ ਕਿਉਂਕਿ ਉਹ ਹੁਣ ਤਸਕਰੀ ਦਾ ਧੰਦਾ ਪਹਿਲਾਂ ਵਾਂਗ ਦਿਲਚਸਪੀ ਨਾਲ ਨਹੀਂ ਕਰਦਾ ਸੀ, ਜਿਸ ਦਾ ਕਾਰਨ ਇਹੋ ਸੀ ਕਿ ਉਹ ਤਾਂ ਹੁਣ ਸਿਰਫ਼ ਮੁਖ਼ਬਰੀ ਲਈ ਹੀ ਤਸਕਰਾਂ ਨਾਲ ਜਾਂਦਾ-ਆਉਂਦਾ ਸੀ।

ਉਸ ਇਮਾਨਦਾਰ ਅਫਸਰ ਨੂੰ ਦਲੇਰ ਸਿੰਘ ’ਤੇ ਕਦੇ-ਕਦੇ ਮਨ ਹੀ ਮਨ ਗੁੱਸਾ ਵੀt ਆਉਂਦਾ ਸੀ ਕਿ ਇਸ ਵੱਲੋਂ ਨਸ਼ੇ ਦੀ ਕੀਤੀ ਤਸਕਰੀ ਨਾਲ ਕਿੰਨੀਆਂ ਮਾਵਾਂ ਦੇ ਪੁੱਤ ਨਸ਼ੇ ਦੇ ਵਹਿਣ ਵਿੱਚ ਵਹਿ ਗਏ ਹੋਣਗੇ। ਜਦੋਂ ਉਸ ਅਫਸਰ ਨੇ ਆਪਣੇ ਏਰੀਏ ਵਿੱਚ ਪੈਂਦੇ ਬਾਰਡਰ ਤੋਂ ਤਸਕਰੀ ਤਕਰੀਬਨ ਬੰਦ ਕਰ ਦਿੱਤੀ ਤਾਂ ਉਸ ਨੇ ਇੱਕ ਪੁਰਾਣੇ ਮੁਕੱਦਮੇ ਵਿੱਚ ਸ਼ਮੂਲੀਅਤ ਕਾਰਨ ਦਲੇਰ ਸਿੰਘ ਉੱਤੇ ਵੀ ਪਰਚਾ ਦਰਜ ਕਰਕੇ ਉਸ ਨੂੰ ਜੇਲ੍ਹ ਵਿੱਚ ਡੱਕ ਦਿੱਤਾ। ਇਸ ਦਾ ਦਲੇਰ ਸਿੰਘ ਨੂੰ ਬਹੁਤ ਗੁੱਸਾ ਲੱਗਾ ਪਰ ਉਸ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਉਸ ਅਫਸਰ ਨੇ ਉਸ ਨੂੰ ਜੇਲ੍ਹ ਵਿੱਚ ਡੱਕ ਕੇ ਉਸ ਦੀ ਕੀਤੀ ਮੁਖ਼ਬਰੀ ਦਾ ਮੁੱਲ ਮੋੜਿਆ ਸੀ। ਅਫਸਰ ਨੂੰ ਗੁਪਤ ਇਤਲਾਹ ਮਿਲ ਚੁੱਕੀ ਸੀ ਕਿ ਜੇਲ੍ਹ ਵਿੱਚ ਬੰਦ ਪੁਰਾਣੇ ਤਸਕਰ ਬਹੁਤ ਜਲਦੀ ਉਸ ਦਾ ਕਤਲ ਕਰਵਾਉਣ ਵਾਲੇ ਸਨ। ਇਸ ਦਾ ਪਤਾ ਦਲੇਰ ਸਿੰਘ ਨੂੰ ਕਾਫ਼ੀ ਸਮੇਂ ਬਾਅਦ ਚੱਲਿਆ।

ਵਕਤ ਆਪਣੇ ਵਹਾਅ ਨਾਲ ਚੱਲਦਾ ਰਿਹਾ। ਉਸ ਅਫਸਰ ਦੇ ਬੱਚੇ ਵੱਡੀਆਂ ਕਲਾਸਾਂ ਵਿੱਚ ਪਹੁੰਚ ਗਏ ਸਨ। ਪੜ੍ਹਾਈ ਜ਼ਿਆਦਾ ਔਖੀ ਹੋਣ ਕਰਕੇ ਉਸ ਨੂੰ ਕਿਸੇ ਅਜਿਹੇ ਅਧਿਆਪਕ ਦੀ ਲੋੜ ਸੀ ਜੋ ਬੱਚਿਆਂ ਨੂੰ ਘਰ ਆ ਕੇ ਪੜ੍ਹਾ ਸਕੇ। ਘਰ ਦੇ ਕਿਸੇ ਨੌਕਰ ਜ਼ਰੀਏ ਉਸ ਨੂੰ ਇੱਕ ਲੋੜਵੰਦ ਵਧੀਆ ਲੜਕਾ ਮਿਲ ਗਿਆ ਜੋ ਥੋੜ੍ਹੇ ਪੈਸਿਆਂ ਵਿੱਚ ਹੀ ਘਰ ਆ ਕੇ ਪੜ੍ਹਾਉਣ ਲਈ ਰਾਜ਼ੀ ਹੋ ਗਿਆ। ਉਸ ਲੜਕੇ ਦੇ ਮਿਹਨਤ ਨਾਲ ਪੜ੍ਹਾਉਣ ਸਦਕਾ ਉਸ ਅਫਸਰ ਦੇ ਬੱਚੇ ਪੰਜਾਬ ਦੀ ਮੈਰਿਟ ਵਿੱਚ ਆ ਗਏ। ਖ਼ੁਸ਼ ਹੋਏ ਅਫਸਰ ਨੇ ਉਸ ਲੜਕੇ ਨੂੰ ਇਸ ਖ਼ੁਸ਼ੀ ਦੇ ਮੌਕੇ ਕੁਝ ਮੰਗਣ ਨੂੰ ਕਿਹਾ। ਇੱਕ-ਦੋ ਵਾਰ ਨਾਂਹ ਕਰਦਿਆਂ ਉਹ ਲੜਕਾ ਬੋਲਿਆ, ‘‘ਸਰ, ਮੇਰੇ ਪਿਤਾ ਜੀ ਬਹੁਤ ਦੇਰ ਤੋਂ ਕਿਸੇ ਕੇਸ ਵਿੱਚ ਜੇਲ੍ਹ ’ਚ ਬੰਦ ਹਨ। ਉਨ੍ਹਾਂ ਨੂੰ ਰਿਹਾਅ ਕਰਾਉਣ ਵਿੱਚ ਤੁਸੀਂ ਜੇ ਮੇਰੀ ਮਦਦ ਕਰ ਸਕੋ ਤਾਂ ਮੈਂ ਤੁਹਾਡਾ ਸਦਾ ਰਿਣੀ ਰਹਾਂਗਾ।’’ ‘‘ਕਾਕਾ, ਕੀ ਨਾਮ ਹੈ ਤੇਰੇ ਪਿਤਾ ਦਾ?’’ ‘‘ਸਰ ਦਲੇਰ ਸਿੰਘ।’’

‘‘ਓ ਮਾਈ ਗੌਡ…, ਦਲੇਰ ਸਿੰਘ ਤੇਰਾ ਪਿਤਾ ਹੈ?’’ ‘‘ਕਿਉਂ ਸਰ, ਤੁਸੀਂ ਮੇਰੇ ਪਿਤਾ ਜੀ ਨੂੰ ਜਾਣਦੇ ਹੋ?’’ ਉਸ ਅਫਸਰ ਨੇ ਦਲੇਰ ਸਿੰਘ ਦੇ ਲੜਕੇ ਨੂੰ ਆਪਣੇ ਕਲਾਵੇ ਵਿੱਚ ਲੈਂਦਿਆਂ ਕਿਹਾ, ‘‘ਪੁੱਤਰ, ਮੇਰੇ ਤੋਂ ਵੱਧ ਸ਼ਾਇਦ ਦਲੇਰ ਸਿੰਘ ਨੂੰ ਹੋਰ ਕੋਈ ਵੀ ਨਾ ਜਾਣਦਾ ਹੋਵੇ। ਤੇਰਾ ਪਿਤਾ ਬਹੁਤ ਵੱਡਾ ਤਸਕਰ ਹੈ ਜਿਸ ਨੂੰ ਮੈਂ ਚਾਹ ਕੇ ਵੀ ਨਹੀਂ ਛੱਡ ਸਕਦਾ। ਬੇਟਾ, ਤੇਰੇ ਪਿਤਾ ਨੇ ਤਸਕਰੀ ਕਰਦਿਆਂ-ਕਰਦਿਆਂ ਆਮ ਘਰਾਂ ਦੇ ਬੱਚਿਆਂ ਨੂੰ ਨਸ਼ੇ ਦੀ ਲਤ ਲਾਈ ਹੈ ਪਰ ਉਸ ਨੇ ਮੇਰੇ ਸੰਪਰਕ ਵਿੱਚ ਆ ਕੇ ਇਸ ਇਲਾਕੇ ਦੇ ਵੱਡੇ-ਵੱਡੇ ਤਸਕਰ ਵੀ ਫੜਵਾਏ ਹਨ। ਇਸ ਦੀ ਭਿਣਕ ਉਨ੍ਹਾਂ ਤਸਕਰਾਂ ਨੂੰ ਲੱਗ ਚੁੱਕੀ ਹੈ। ਉਹ ਹੁਣ ਤੇਰੇ ਪਿਤਾ ਨੂੰ ਮਰਵਾਉਣਾ ਚਾਹੁੰਦੇ ਹਨ। ਇਸ ਲਈ ਮੈਂ ਨਹੀਂ ਚਾਹੁੰਦਾ ਕਿ ਬੁਰੇ ਕੰਮ ਤਿਆਗ ਕੇ ਜੇਕਰ ਤੇਰੇ ਪਿਤਾ ਨੇ ਸਮਾਜ ਲਈ ਕੁਝ ਚੰਗਾ ਕੰਮ ਕੀਤਾ ਹੈ ਤਾਂ ਉਸ ਦਾ ਕੋਈ ਕਤਲ ਕਰ ਦੇਵੇ। ਹਾਂ ਸੱਚ ਕਾਕਾ, ਸਾਡੇ ਡਿਪਾਰਟਮੈਂਟ ਵਿੱਚ ਡਾਇਰੈਕਟ ਏ.ਐੱਸ.ਆਈ. ਦੀਆਂ ਅਸਾਮੀਆਂ ਨਿਕਲੀਆਂ ਨੇ। ਤੂੰ ਉਹ ਅਪਲਾਈ ਕਰ ਦੇ। ਮੈਂ ਤੇਰੀ ਜਿੰਨੀ ਵੀ ਹੋ ਸਕਿਆ ਮਦਦ ਕਰਾਂਗਾ।’’

ਦੀਪਇੰਦਰ ਨੇ ਗ੍ਰੈਜੂਏਸ਼ਨ ਤਾਂ ਚੰਗੇ ਨੰਬਰਾਂ ਵਿੱਚ ਕੀਤੀ ਹੀ ਹੋਈ ਸੀ ਤੇ ਕੱਦ-ਕਾਠ ਵੀ ਪਰਮਾਤਮਾ ਵੱਲੋਂ ਹੀ ਵਧੀਆ ਸੀ। ਉਸ ਨੇ ਉਸ ਅਫਸਰ ਦੇ ਕਹਿਣ ’ਤੇ ਫਾਰਮ ਭਰ ਦਿੱਤੇ। ਉਸ ਅਫਸਰ ਦੀ ਪ੍ਰੇਰਨਾ ਅਤੇ ਮਦਦ ਸਦਕਾ ਉਹ ਪੰਜਾਬ ਪੁਲੀਸ ਵਿੱਚ ਭਰਤੀ ਹੋ ਗਿਆ। ਇਸ ਸਾਰੀ ਪ੍ਰਕਿਰਿਆ ਬਾਰੇ ਉਸ ਅਫਸਰ ਨੇ ਦੀਪਇੰਦਰ ਅਤੇ ਉਸ ਦੀ ਮਾਂ ਨੂੰ ਦਲੇਰ ਸਿੰਘ ਨੂੰ ਨਾ ਦੱਸਣ ਬਾਰੇ ਕਿਹਾ ਹੋਇਆ ਸੀ। ਉਹ ਟ੍ਰੇਨਿੰਗ ਕਰਕੇ ਵਾਪਸ ਉਸ ਅਫਸਰ ਨੂੰ ਮਿਲਣ ਉਸ ਦੇ ਘਰ ਆਇਆ। ਦੀਪਇੰਦਰ ਨੂੰ ਵਰਦੀ ਵਿੱਚ ਵੇਖ ਕੇ ਉਸ ਅਫਸਰ ਨੂੰ ਇੰਝ ਲੱਗਾ ਜਿਵੇਂ ਉਸ ਦਾ ਆਪਣਾ ਪੁੱਤਰ ਸਾਹਮਣੇ ਖੜ੍ਹਾ ਹੋਵੇ। ਸੀਨੀਅਰ ਸੁਪਰਡੰਟ ਪੁਲੀਸ ਬਣ ਚੁੱਕੇ ਗੁਰਪ੍ਰਤਾਪ ਸਿੰਘ ਨੇ ਖ਼ੁਸ਼ ਹੋਏ ਨੇ ਸੋਚਿਆ ਕਿ ਇਸ ਖ਼ੁਸ਼ੀ ਦੇ ਮੌਕੇ ਇੱਕ ਪੁੱਤਰ ਨੂੰ ਪੁਲੀਸ ਅਫਸਰ ਦੇ ਰੂਪ ਵਿੱਚ ਉਸ ਦੇ ਪਿਤਾ ਨਾਲ ਮਿਲਾ ਕੇ ਅਜੀਬ ਜਿਹੇ ਚਾਅ ਨੂੰ ਬਿਲਕੁਲ ਨੇੜਿਓਂ ਮਾਣੇਗਾ।

ਦਲੇਰ ਸਿੰਘ ਨੂੰ ਇਹ ਕਹਿ ਕੇ ਮੁਲਾਕਾਤ ਲਈ ਬੁਲਾਇਆ ਗਿਆ ਕਿ ਤੈਨੂੰ ਮਿਲਣ ਕੋਈ ਵਰਦੀਧਾਰੀ ਪੁਲੀਸ ਅਫਸਰ ਆਇਆ ਹੈ। ਉਸ ਦੇ ਜ਼ਿਹਨ ਵਿੱਚ ਉਹ ਪੁਰਾਣੀ ਰੀਲ ਘੁੰਮਣ ਲੱਗ ਪਈ ਕਿ ‘ਸ਼ਾਇਦ ਕੋਈ ਨਵਾਂ ਅਫਸਰ ਆਇਆ ਹੋਵੇਗਾ ਜੋ ਮੇਰਾ ਰਿਕਾਰਡ ਵੇਖ ਕੇ ਆਪਣੀ ਤਰੱਕੀ ਲਈ ਮੈਨੂੰ ਵਰਤਣਾ ਚਾਹੁੰਦਾ ਹੋਵੇਗਾ।’ ਸੋਚਾਂ ਦੇ ਠੇਡੇ ਖਾਂਦਾ ਉਹ ਜਦੋਂ ਜੇਲ੍ਹ ਦੀ ਡਿਉਢੀ ਵਿੱਚ ਪਹੁੰਚਿਆ ਤਾਂ ਉਸ ਨੂੰ ਉਹ ਵਰਦੀਧਾਰੀ ਥਾਣੇਦਾਰ ਆਪਣੇ ਦੀਪਇੰਦਰ ਦੀ ਨੁਹਾਰ ਦਿੰਦਾ ਲੱਗਿਆ, ਪਰ ਉਹ ਇਹ ਤਾਂ ਸੋਚ ਵੀ ਨਹੀਂ ਸਕਦਾ ਸੀ ਕਿ ਇੱਕ ਬਦਨਾਮ ਤਸਕਰ ਦਾ ਮੁੰਡਾ ਥਾਣੇਦਾਰ ਵੀ ਹੋ ਸਕਦਾ ਹੈ।

ਦਲੇਰ ਸਿੰਘ ਦੇ ਸਾਹਮਣੇ ਆਉਂਦਿਆਂ ਹੀ ਦੀਪਇੰਦਰ ਨੇ ਦੌੜ ਕੇ ਆਪਣੇ ਪਿਤਾ ਨੂੰ ਕਲਾਵੇ ਵਿੱਚ ਭਰ ਲਿਆ ਤੇ ਸਾਲਾਂ ਤੋਂ ਬਾਪ ਦੀ ਛੋਹ ਲਈ ਤਪਦਾ ਦਿਲ ਇੱਕ ਗਲਵਕੜੀ ਨਾਲ ਹੀ ਠਾਰ ਲਿਆ। ਪਿਤਾ ਦਲੇਰ ਸਿੰਘ ਇਹ ਇੱਕ ਸੁਪਨੇ ਵਾਂਗ ਵੇਖ ਰਿਹਾ ਸੀ। ਹੁਣ ਉਸ ਨੂੰ ਇਹ ਹਕੀਕਤ ਪਤਾ ਲੱਗੀ। ਇਹ ਹਸੀਨ ਪਲਾਂ ਨੂੰ ਦੂਰ ਖੜ੍ਹਾ ਉਹ ਅਫਸਰ ਬਹੁਤ ਸ਼ਿੱਦਤ ਨਾਲ ਦੇਖ ਅੰਦਰ ਹੀ ਅੰਦਰ ਖ਼ੁਸ਼ ਹੋ ਰਿਹਾ ਸੀ। ਉਸ ਅਫਸਰ ’ਤੇ ਝਾਤੀ ਪੈਂਦਿਆਂ ਹੀ ਦਲੇਰ ਸਿੰਘ ਨੂੰ ਸਾਰੀ ਕਹਾਣੀ ਸਮਝਣ ਵਿੱਚ ਦੇਰ ਨਾ ਲੱਗੀ। ਉਹ ਅਗਾਂਹ ਹੋ ਕੇ ਉਸ ਅਫਸਰ ਦੇ ਪੈਰੀਂ ਜਾ ਡਿੱਗਾ। ‘‘ਸਾਹਬ ਜੀ, ਹੁਣ ਚਾਹੇ ਮੈਨੂੰ ਕੋਈ ਕੱਲ੍ਹ ਨੂੰ ਹੀ ਮਾਰ ਕੇ ਟੰਗ ਜਾਵੇ। ਤੁਸੀਂ ਮੇਰੀ ਰਿਹਾਈ ਦਾ ਪ੍ਰਬੰਧ ਕਰੋ। ਮੈਂ ਆਪਣੀ ਜ਼ਿੰਦਗੀ ਦੇ ਬਚੇ ਚਾਰ ਦਿਨ ਆਪਣੇ ਪੁੱਤਰ ਨਾਲ ਰਹਿਣਾ ਚਾਹੁੰਦਾ ਹਾਂ।’’

ਐੱਸਐੱਸਪੀ ਗੁਰਪ੍ਰਤਾਪ ਸਿੰਘ ਨੇ ਜੇਲ੍ਹ ਸੁਪਰਡੰਟ ਨਾਲ ਗੱਲਬਾਤ ਕਰਕੇ ਦਲੇਰ ਸਿੰਘ ਦਾ ਨੇਕਚਲਣੀ ਦਾ ਕੇਸ ਤਿਆਰ ਕਰਕੇ ਸਰਕਾਰ ਨੂੰ ਭੇਜ ਦਿੱਤਾ। ਇੱਕ ਮਹੀਨੇ ਵਿੱਚ ਹੀ ਦਲੇਰ ਸਿੰਘ ਦੀ ਰਿਹਾਈ ਦੇ ਆਰਡਰ ਕਰਵਾ ਦਿੱਤੇ। ਅੱਜ ਦਲੇਰ ਸਿੰਘ ਸਾਲਾਂ ਬਾਅਦ ਆਪਣੇ ਪਿੰਡ ਨੂੰ ਆਪਣੇ ਵਰਦੀਧਾਰੀ ਪੁੱਤਰ ਨਾਲ ਗੱਡੀ ’ਚ ਬਹਿ ਕੇ ਜਾ ਰਿਹਾ ਸੀ। ਉਸ ਨੂੰ ਉਹ ਸਮਾਂ ਵੀ ਯਾਦ ਆ ਰਿਹਾ ਸੀ ਜਦੋਂ ਕਦੇ ਪੁਲੀਸ ਉਸ ਨੂੰ ਇਨ੍ਹਾਂ ਰਸਤਿਆਂ ਤੋਂ ਫੜ ਕੇ ਲਿਜਾਇਆ ਕਰਦੀ ਸੀ।

ਉਹ ਆਪਣੇ ਪਿੰਡ ਵਾਲਾ ਮੋੜ ਮੁੜਨ ਹੀ ਲੱਗੇ ਸਨ ਕਿ ਪਹਿਲਾਂ ਤੋਂ ਮਿਲ ਚੁੱਕੀ ਇਤਲਾਹ ਅਨੁਸਾਰ ਘਾਤ ਲਗਾ ਕੇ ਬੈਠੇ ਜੇਲ੍ਹ ਵਿੱਚ ਬੰਦ ਤਸਕਰਾਂ ਦੇ ਕਾਰਿੰਦਿਆਂ ਨੇ ਦਲੇਰ ਸਿੰਘ ’ਤੇ ਸਿਸ਼ਤ ਬੰਨ੍ਹ ਕੇ ਦੋ ਫਾਇਰ ਮਾਰੇ ਤੇ ਦਲੇਰ ਸਿੰਘ ਥਾਂ ’ਤੇ ਹੀ ਢੇਰੀ ਹੋ ਗਿਆ। ਦੋਸ਼ੀ ਸ਼ਾਮ ਦੇ ਘੁਸਮੁਸੇ ਦਾ ਲਾਹਾ ਲੈ ਕੇ ਫਰਾਰ ਹੋ ਗਏ ਜੋ ਇਕ ਬੁਝਾਰਤ ਹੀ ਬਣੇ ਰਹੇ ਕਿ ਉਹ ਕੌਣ ਸਨ ਅਤੇ ਕਿਸ ਦੇ ਆਦਮੀ ਸਨ। ਬੇਸ਼ੱਕ, ਦਲੇਰ ਸਿੰਘ ਤਸਕਰ ਸੀ, ਪਰ ਦੀਪਇੰਦਰ ਦਾ ਤਾਂ ਪਿਤਾ ਹੀ ਸੀ। ਉਸ ਦਾ ਤਾਂ ਅਜੇ ਆਪਣੇ ਬਾਪ ਨਾਲ ਰੱਜ ਕੇ ਗੱਲਾਂ ਕਰਨ ਦਾ ਚਾਅ ਵੀ ਪੂਰਾ ਨਹੀਂ ਸੀ ਹੋਇਆ।

ਦਲੇਰ ਸਿੰਘ ਦੀ ਮੌਤ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਉਸ ਦੀ ਲਾਸ਼ ਉਸ ਦੇ ਘਰ ਲਿਆਂਦੀ ਗਈ। ਦਿਨ ਚੜ੍ਹਦੇ ਐੱਸ.ਐੱਸ.ਪੀ. ਗੁਰਪ੍ਰਤਾਪ ਸਿੰਘ ਵੀ ਆ ਗਿਆ। ਦਲੇਰ ਸਿੰਘ ਦੀ ਲਾਸ਼ ਵੇਖ ਕੇ ਉਸ ਨੂੰ ਆਪਣੀ ਲਿਖੀ ਉਸ ਚਿੱਠੀ ’ਤੇ ਅਫ਼ਸੋਸ ਹੋ ਰਿਹਾ ਸੀ ਕਿ ਉਹ ਦਲੇਰ ਸਿੰਘ ਦੀ ਸਜ਼ਾ ਮੁਆਫ਼ ਨਾ ਕਰਵਾਉਂਦਾ ਤਾਂ ਅੱਜ ਇਹ ਭਾਣਾ ਨਾ ਵਰਤਦਾ। ਸਸਕਾਰ ਕਰਕੇ ਘਰ ਆਈ ਦਲੇਰ ਸਿੰਘ ਦੀ ਪਤਨੀ ਨਾਲ ਪਿੰਡ ਦੀਆਂ ਔਰਤਾਂ ਅਫ਼ਸੋਸ ਕਰਦਿਆਂ ਕਹਿੰਦੀਆਂ, ‘‘ਭੈਣੇ, ਸਿਰ ਦੇ ਸਾਈਂ ਬਿਨਾਂ ਵੀ ਕਾਹਦੀ ਜ਼ਿੰਦਗੀ ਹੁੰਦੀ ਏ, ਹੁਣ ਤਾਂ ਸਬਰ ਹੀ ਕਰਨਾ ਪੈਣੈ। ਚੱਲ ਮਾਲਕ ਆਪੇ ਸਹਾਈ ਹੋਊ।’’ ਦਲੇਰ ਸਿੰਘ ਦੀ ਪਤਨੀ ਦੁਖੀ ਹੋਈ ਬੋਲਦੀ, ‘‘ਭੈਣੇ, ਸਬਰ ਤਾਂ ਪਰਮਾਤਮਾ ਤੋਂ ਪਹਿਲਾਂ ਹੀ ਬਹੁਤ ਮਿਲਿਆ ਹੋਇਐ। ਬੱਸ ਆਹ ਚਿੱਟਾ ਦੁਪੱਟਾ ਹੀ ਹੁਣ ਮਿਲਿਆ ਏ। ਹੁਣ ਪਰਮਾਤਮਾ ਅੱ­ਗੇ ਮੇਰੀ ਬੱਸ ਇਹ ਹੀ ਅਰਦਾਸ ਏ ਕਿ ਇਸ ਘਰ ’ਤੇ ਦੁਬਾਰਾ ਤਸਕਰੀ ਦਾ ਦਾਗ ਨਾ ਲੱਗੇ। ਇਹ ਉਮਰ ਭਰ ਅੱਖੀਆਂ ’ਚੋਂ ਵਗੇ ਪਾਣੀ ਨਾਲ ਵੀ ਨਹੀਂਓ ਧੋਇਆ ਜਾਂਦਾ ਭੈਣੇ!’’

ਸਾਂਝਾ ਕਰੋ

ਪੜ੍ਹੋ

NSC ਦੀ ਮੀਟਿੰਗ ‘ਚ ਪਾਕਿਸਤਾਨ ਨੇ ਭਾਰਤ

24, ਅਪ੍ਰੈਲ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ...