ਨਵੀਂ ਦਿੱਲੀ, 24 ਅਪ੍ਰੈਲ – ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇੱਕ ਸਖ਼ਤ ਸੰਦੇਸ਼ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲਗਾਮ ਅਤਿਵਾਦੀ ਹਮਲੇ ਵਿੱਚ 26 ਨਾਗਰਿਕਾਂ ਦੀ ਜਾਨ ਚਲੀ ਗਈ ਸੀ। ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਕਿ ਭਾਰਤ ਕਿਸੇ ਵੀ ਹਾਲਤ ਵਿੱਚ ਪਾਕਿਸਤਾਨ ਨਾਲ ਕੋਈ ਵੀ ਦੁਵੱਲੀ ਲੜੀ ਨਹੀਂ ਖੇਡੇਗਾ।
ਭਾਰਤੀ ਟੀਮ ਨੇ ਆਖ਼ਰੀ ਵਾਰ 2008 ਵਿੱਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਉਦੋਂ ਟੀਮ ਇੰਡੀਆ ਨੇ ਏਸ਼ੀਆ ਕੱਪ ਵਿੱਚ ਹਿੱਸਾ ਲਿਆ ਸੀ। ਵੈਸੇ, ਭਾਰਤੀ ਟੀਮ ਨੇ 2005-06 ਤੋਂ ਬਾਅਦ ਦੁਵੱਲੀ ਲੜੀ ਲਈ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ। ਕਸ਼ਮੀਰ ਵਿੱਚ ਸ਼ਾਂਤੀ ਭੰਗ ਕਰਨ ਵਾਲੇ ਅਤੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਵਿੱਚ ਡਰ ਪੈਦਾ ਕਰਨ ਵਾਲੇ ਅਤਿਵਾਦੀ ਹਮਲਿਆਂ ਬਾਰੇ ਸ਼ੁਕਲਾ ਨੇ ਕਿਹਾ, “ਅਸੀਂ ਪਾਕਿਸਤਾਨ ਨਾਲ ਦੁਵੱਲੀ ਲੜੀ ਨਹੀਂ ਖੇਡਾਂਗੇ। ਅਸੀਂ ਪੀੜਤਾਂ ਦੇ ਨਾਲ ਖੜ੍ਹੇ ਹਾਂ ਅਤੇ ਅਤਿਵਾਦੀ ਹਮਲੇ ਦੀ ਨਿੰਦਾ ਕਰਦੇ ਹਾਂ। ਸਾਡੀ ਸਰਕਾਰ ਜੋ ਵੀ ਕਹੇ, ਅਸੀਂ ਉਹੀ ਕਰਾਂਗੇ।”