
ਚੰਡੀਗੜ੍ਹ, 24 ਅਪ੍ਰੈਲ – ਚੰਡੀਗੜ੍ਹ ਦੇ ਨਾਗਰਿਕਾਂ ਨੂੰ ਪ੍ਰਾਪਰਟੀ ਟੈਕਸ ਤੋਂ ਵੱਡੀ ਰਾਹਤ ਮਿਲੀ ਹੈ। ਸਾਲ 2025-26 ਲਈ ਪ੍ਰਾਪਰਟੀ ਟੈਕਸ ਦੀਆਂ ਵਧੀਆਂ ਦਰਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਘਟਾ ਦਿੱਤੀਆਂ ਹਨ। ਇਹ ਫੈਸਲਾ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਆਮ ਲੋਕਾਂ ਅਤੇ ਜਨਤਕ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਗਿਆ। ਪ੍ਰਸ਼ਾਸਕ ਨੇ ਨਾ ਸਿਰਫ਼ ਨਾਗਰਿਕਾਂ ਤੋਂ ਫੀਡਬੈਕ ਲਿਆ, ਸਗੋਂ ਚੰਡੀਗੜ੍ਹ ਦੇ ਮੌਜੂਦਾ ਮੇਅਰ ਅਤੇ ਸਾਬਕਾ ਮੇਅਰਾਂ ਨਾਲ ਵੀ ਇਸ ਮੁੱਦੇ ‘ਤੇ ਗੰਭੀਰ ਗੱਲਬਾਤ ਕੀਤੀ। ਇਸ ਤੋਂ ਬਾਅਦ, ਪ੍ਰਸ਼ਾਸਨ ਨੇ ਜਨਤਕ ਹਿੱਤ ਵਿੱਚ ਇਹ ਮਹੱਤਵਪੂਰਨ ਫੈਸਲਾ ਲਿਆ ਅਤੇ ਵਧੀਆਂ ਹੋਈਆਂ ਪ੍ਰਾਪਰਟੀ ਟੈਕਸ ਦਰਾਂ ਨੂੰ ਸੋਧਣ ਦਾ ਇਤਿਹਾਸਕ ਕਦਮ ਚੁੱਕਿਆ। ਇਸ ਫੈਸਲੇ ਨਾਲ ਸ਼ਹਿਰ ਦੇ ਲੱਖਾਂ ਵਸਨੀਕਾਂ ਅਤੇ ਕਾਰੋਬਾਰੀਆਂ ‘ਤੇ ਆਰਥਿਕ ਬੋਝ ਕਾਫ਼ੀ ਹੱਦ ਤੱਕ ਘੱਟ ਜਾਵੇਗਾ।
ਰਾਜਪਾਲ ਨੂੰ ਮਿਲੇ 10 ਸਾਬਕਾ ਮੇਅਰ
ਚੰਡੀਗੜ੍ਹ ਵਿੱਚ ਪ੍ਰਾਪਰਟੀ ਟੈਕਸ ਵਿੱਚ ਵਾਧੇ ਨੂੰ ਲੈ ਕੇ ਚੰਡੀਗੜ੍ਹ ਦੇ ਮੌਜੂਦਾ ਮੇਅਰ ਹਰਪ੍ਰੀਤ ਕੌਰ ਬਬਲਾ ਤੋਂ ਇਲਾਵਾ 10 ਸਾਬਕਾ ਮੇਅਰਾਂ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਵਿੱਚ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਸਾਰਿਆਂ ਨੇ ਰਾਜਪਾਲ ਨੂੰ ਪ੍ਰਾਪਰਟੀ ਟੈਕਸ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਅਤੇ ਜਨਤਾ ‘ਤੇ ਬੋਝ ਨਹੀਂ ਪਾਇਆ ਜਾਣਾ ਚਾਹੀਦਾ। ਜਿਸ ਤੋਂ ਬਾਅਦ ਰਾਜਪਾਲ ਨੇ ਸਾਰਿਆਂ ਨੂੰ ਭਰੋਸਾ ਦਿੱਤਾ। ਅਨੂਪ ਗੁਪਤਾ, ਰਵੀਕਾਂਤ, ਆਸ਼ਾ ਜਸਵਾਲ, ਅਰੁਣ ਸੂਦ, ਦੇਵੇਸ਼ ਮੋਦਗਿਲ, ਹਰਪ੍ਰੀਤ ਕੌਰ ਬਬਲਾ, ਸਰਵਜੀਤ ਕੌਰ, ਪੂਨਮ ਸ਼ਰਮਾ, ਰਾਜੇਸ਼ ਕਾਲੀਆ, ਕੁਲਦੀਪ ਕੁਮਾਰ, ਸੁਭਾਸ਼ ਚਾਵਲਾ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ।