
ਪਹਿਲਗਾਮ ਦੇ ਬੈਸਾਰਨ ਦੀਆਂ ਖ਼ੂਨ ਨਾਲ ਭਿੱਜੀਆਂ ਚਰਾਗਾਹਾਂ ਹੁਣ ਇੱਕ ਦਰਦਨਾਕ ਕਾਰਨ ਨੇ ਹਮੇਸ਼ਾ ਲਈ ਯਾਦਾਂ ’ਚ ਵਸਾ ਦਿੱਤੀਆਂ ਹਨ। ਅਤਿਵਾਦੀ ਹਮਲੇ ’ਚ ਕਰੀਬ 26 ਸੈਲਾਨੀਆਂ ਦੀ ਹੱਤਿਆ ਨੇ ਪੂਰੇ ਮੁਲਕ ਨੂੰ ਝੰਜੋੜ ਦਿੱਤਾ ਹੈ ਅਤੇ ਕਸ਼ਮੀਰ ਦੀ ਰੂਹ ਵੀ ਵਿੰਨ੍ਹ ਕੇ ਰੱਖ ਦਿੱਤੀ ਹੈ। ਮਰਨ ਵਾਲਿਆਂ ਵਿੱਚ ਪੂਰੇ ਦੇਸ਼ ਦੇ ਲੋਕ ਸ਼ਾਮਿਲ ਸਨ, ਜਿਨ੍ਹਾਂ ’ਚ ਕਰਨਾਟਕ ਦੇ ਸ਼ਿਵਮੋਗਾ ਵਰਗੇ ਛੋਟੇ ਸ਼ਹਿਰਾਂ ਤੋਂ ਆਏ ਲੋਕ ਵੀ ਸ਼ਾਮਿਲ ਸਨ। ਉਹ ਸ਼ਾਂਤੀਪੂਰਨ ਸੁੱਖ-ਮੌਜ ਲੈਣ ਲਈ ਕਸ਼ਮੀਰ ਆਏ ਸਨ। ਉਨ੍ਹਾਂ ਦੀਆਂ ਮੌਤਾਂ ਨੇ ਉਭਾਰਿਆ ਹੈ ਕਿ ਇਹ ਤ੍ਰਾਸਦੀ ਸਿਰਫ਼ ਜੰਮੂ ਤੇ ਕਸ਼ਮੀਰ ਬਾਰੇ ਨਹੀਂ ਹੈ, ਬਲਕਿ ਰਾਸ਼ਟਰੀ ਫੱਟ ਹੈ।
ਅਹਿਮ ਨੁਕਤਾ ਇਹ ਹੈ ਕਿ ਇਸ ਪੀੜਾ ਦੇ ਵਿਚਕਾਰ, ਕੁਝ ਡੂੰਘਾ ਵਾਪਰਿਆ ਹੈ- ਵਾਦੀ ਦੇ ਲੋਕਾਂ ਨੇ ਇਕਜੁੱਟ ਹੋ ਕੇ ਬੁਲੰਦ ਆਵਾਜ਼ ’ਚ ਮਨੁੱਖਤਾ ਖ਼ਿਲਾਫ਼ ਇਸ ਘਿਨਾਉਣੇ ਅਪਰਾਧ ਦੀ ਨਿਖੇਧੀ ਕੀਤੀ ਹੈ। ਪਿਛਲੇ 35 ਸਾਲਾਂ ਵਿੱਚ ਪਹਿਲੀ ਵਾਰ, ਕਸ਼ਮੀਰ ਵਾਦੀ ਅਤਿਵਾਦੀ ਹਮਲੇ ਖ਼ਿਲਾਫ਼ ਬੰਦ ਹੋਈ ਹੈ। ਬੁੱਧਵਾਰ ਨੂੰ ਬੰਦ ਦੇ ਸੱਦੇ ਦੇ ਮੱਦੇਨਜ਼ਰ ਸ੍ਰੀਨਗਰ ਵਿੱਚ ਜ਼ਿਆਦਾਤਰ ਕਾਰੋਬਾਰ ਅਤੇ ਦੁਕਾਨਾਂ ਬੰਦ ਰਹੇ। ਲਾਊਡਸਪੀਕਰਾਂ ਤੋਂ ਇਕਜੁੱਟਤਾ ਦੀ ਅਪੀਲ ਕੀਤੀ ਗਈ ਅਤੇ ਗ਼ਲੀਆਂ ਲੋਕਾਂ ਨਾਲ ਭਰ ਗਈਆਂ, ਜਿਨ੍ਹਾਂ ਗਹਿਰਾ ਦੁੱਖ ਤੇ ਗੁੱਸਾ ਜ਼ਾਹਿਰ ਕੀਤਾ। “ਸ਼ਰਮਿੰਦਗੀ ਤੇ ਝੁਕੇ ਹੋਏ ਸਿਰਾਂ ਨਾਲ” ਉਨ੍ਹਾਂ ਇਕਸੁਰ ਹੋ ਕੇ ਕਿਹਾ ਕਿ ਇਹ ਕਸ਼ਮੀਰ ਦੀ ਮਹਿਮਾਨ ਨਿਵਾਜ਼ੀ ਅਤੇ ਅਮਨ ਦੀ ਭਾਵਨਾ ਨਾਲ ਦਗ਼ਾ ਹੈ। ਕਸ਼ਮੀਰ ਵਾਦੀ ਦੀ ਸਿਆਸਤ ਲਈ ਇਸ ਭਾਵਨਾ ਦੇ ਅਰਥ ਬਹੁਤ ਡੂੰਘੇ ਅਤੇ ਸਪਸ਼ਟ ਸੁਨੇਹਾ ਦੇਣ ਵਾਲੇ ਹਨ।
ਹਮਲਾ, ਜਿਸ ਦੀ ਜ਼ਿੰਮੇਵਾਰੀ ਲਸ਼ਕਰ-ਏ-ਤੋਇਬਾ ਨਾਲ ਜੁੜੇ ‘ਦਿ ਰਿਜ਼ਿਸਟੰਸ ਫਰੰਟ’ ਨੇ ਲਈ ਹੈ, ਦਾ ਮਕਸਦ ਮੁੜ ਭੈਅ ਪੈਦਾ ਕਰਨਾ ਅਤੇ ਸਖ਼ਤ ਮਿਹਨਤ ਨਾਲ ਪਰਤੀ ਸ਼ਾਂਤੀ ਨੂੰ ਭੰਗ ਕਰਨਾ ਹੈ। ਸਾਲ 2024 ਵਿੱਚ 35 ਲੱਖ ਤੋਂ ਵੱਧ ਸੈਲਾਨੀ ਜੰਮੂ ਕਸ਼ਮੀਰ ਆਏ ਹਨ ਅਤੇ ਪਹਿਲਗਾਮ ਵਰਗੀਆਂ ਥਾਵਾਂ ਦਾ 70 ਪ੍ਰਤੀਸ਼ਤ ਰੁਜ਼ਗਾਰ ਸੈਰ-ਸਪਾਟੇ ਨਾਲ ਜੁਡਿ਼ਆ ਹੋਇਆ ਹੈ। ਇਸ ਤਰ੍ਹਾਂ ਖੇਤਰ ਦੀ ਨਾਜ਼ੁਕ ਰਿਕਵਰੀ ਦਾਅ ਉੱਤੇ ਲੱਗ ਗਈ ਹੈ। ਕਈ ਸਥਾਨਕ ਲੋਕ ਜਿਨ੍ਹਾਂ ਸੈਰ-ਸਪਾਟੇ ਨਾਲ ਸਬੰਧਿਤ ਕਾਰੋਬਾਰ ’ਚ ਨਿਵੇਸ਼ ਲਈ ਕਰਜ਼ਾ ਲਿਆ ਹੋਇਆ ਸੀ, ਤਬਾਹਕੁਨ ਨੁਕਸਾਨ ਦਾ ਸਾਹਮਣਾ ਕਰ ਰਹੇ ਕਿਉਂਕਿ ਵੱਡੇ ਪੱਧਰ ’ਤੇ ਬੁਕਿੰਗ ਰੱਦ ਹੋ ਰਹੀ ਹੈ। ਇਹ ਸਾਰਾ ਖਮਿਆਜ਼ਾ ਸਥਾਨਕ ਲੋਕਾਂ ਨੂੰ ਭੁਗਤਣਾ ਪੈਣਾ ਹੈ। ਇਸੇ ਦੌਰਾਨ ਸਰਕਾਰੀ ਮਸ਼ੀਨਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣਾ ਵਿਦੇਸ਼ ਦੌਰਾ ਵਿਚਾਲੇ ਛੱਡਣ ਤੋਂ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਤੁਰੰਤ ਜ਼ਮੀਨੀ ਹਕੀਕਤਾਂ ਦਾ ਮੁਲਾਂਕਣ ਕਰਨ ਲਈ ਪਹੁੰਚਣਾ- ਕਾਫ਼ੀ ਸਰਗਰਮੀ ਦਿਖਾ ਰਹੀ ਹੈ।