ਮੁੜ ਵਿਵਾਦਾਂ ’ਚ ਘਿਰਿਆ ਰਾਮਦੇਵ

ਯੋਗ ਗੁਰੂ ਰਾਮਦੇਵ ਪਹਿਲਾਂ ਵਾਂਗ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਗੁਮਰਾਹਕੁਨ ਦਾਅਵੇ ਕਰਨ ਦੀ ਰਾਮਦੇਵ ਦੀ ਆਦਤ ਨੇ ਉਨ੍ਹਾਂ ਦੀ ਦਿੱਲੀ ਹਾਈ ਕੋਰਟ ਤੋਂ ਬਣਦੀ ਝਾੜ-ਝੰਬ ਕਰਵਾ ਦਿੱਤੀ ਹੈ। ਪਤੰਜਲੀ ਦਾ ‘ਗੁਲਾਬ ਸ਼ਰਬਤ’ ਵੇਚਣ ਲਈ ਪੂਰੀ ਵਾਹ ਲਾਉਂਦਿਆਂ ਉਨ੍ਹਾਂ ਦੋਸ਼ ਲਾਇਆ ਸੀ ਕਿ ਸ਼ਰਬਤ ਬਣਾਉਣ ਵਾਲਾ ਇੱਕ ਹੋਰ ਮਸ਼ਹੂਰ ਬਰਾਂਡ ‘ਸ਼ਰਬਤ ਜਹਾਦ’ ਕਰ ਰਿਹਾ ਹੈ। ਉਨ੍ਹਾਂ ਸ਼ਰਬਤ ਦੇ ਨਿਰਮਾਤਾ ‘ਹਮਦਰਦ’ ਜਾਂ ਇਸ ਦੇ ਬਰਾਂਡ ‘ਰੂਹ ਅਫ਼ਜ਼ਾ’ ਦਾ ਨਾਂ ਨਹੀਂ ਲਿਆ, ਪਰ ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਸੀ ਜਦੋਂ ਉਨ੍ਹਾਂ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਸ ਸ਼ਰਬਤ ਤੋਂ ਕਮਾਇਆ ਜਾ ਰਿਹਾ ਪੈਸਾ ਮਦਰੱਸੇ ਅਤੇ ਮਸਜਿਦਾਂ ਬਣਾਉਣ ਉੱਤੇ ਲਗਾਇਆ ਜਾ ਰਿਹਾ ਹੈ।

ਇਹ ਤੱਥ ਕਿ ਉਸ ਰਾਜ (ਉੱਤਰਾਖੰਡ) ਵਿੱਚ ਮੁਸਲਿਮ/ਮੁਗ਼ਲ ਸਬੰਧਾਂ ਵਾਲੀਆਂ ਕਈ ਥਾਵਾਂ ਦੇ ਨਾਂ ਹਾਲ ਹੀ ਵਿੱਚ ਬਦਲੇ ਗਏ ਹਨ, ਜਿੱਥੇ ਪਤੰਜਲੀ ਦਾ ਕਾਰੋਬਾਰੀ ਹੈੱਡਕੁਆਰਟਰ ਹੈ, ਨੇ ਸ਼ਾਇਦ ਰਾਮਦੇਵ ਨੂੰ ਉਤਸ਼ਾਹਿਤ ਕੀਤਾ ਹੋਵੇਗਾ ਕਿ ਉਹ ਧਰੁਵੀਕਰਨ ਦੇ ਪਰਖ਼ੇ-ਵਰਤੇ ਤਰੀਕੇ ਨੂੰ ਅਪਣਾਏ; ਜਾਂ ਸ਼ਾਇਦ ਉਹ ਉੱਤਰ ਪ੍ਰਦੇਸ਼ (ਯੂਪੀ) ਵਿੱਚ ਕੀਤੇ ਜਾ ਰਹੇ ‘ਬੁਲਡੋਜ਼ਰ ਇਨਸਾਫ਼’ ਅਤੇ ਭਾਰਤੀ ਜਨਤਾ ਪਾਰਟੀ ਸ਼ਾਸਿਤ ਕਈ ਹੋਰ ਰਾਜਾਂ ’ਚ ਸੁਪਰੀਮ ਕੋਰਟ ਦੀ ਹੁਕਮ-ਅਦੂਲੀ ਨਾਲ ਢਾਹੀਆਂ ਜਾ ਰਹੀਆਂ ਇਮਾਰਤਾਂ ਤੋਂ ਪ੍ਰੇਰਿਤ ਸਨ। ਕੁਝ ਵੀ ਹੋਵੇ, ਹਾਈ ਕੋਰਟ ਨੇ ਇਸ ਵੰਡਪਾਊ ਖੇਡ ਦਾ ਪਰਦਾਫਾਸ਼ ਕਰਨ ਵਿੱਚ ਪੂਰੀ ਫੁਰਤੀ ਦਿਖਾਈ। ਜਸਟਿਸ ਅਮਿਤ ਬਾਂਸਲ ਨੇ ਕਿਹਾ ਕਿ ਰਾਮਦੇਵ ਦੇ ਕਥਨ ਅਜਿਹੇ ਹਨ ਜਿਨ੍ਹਾਂ ਦਾ ਕੋਈ ਬਚਾਅ ਨਹੀਂ ਹੋ ਸਕਦਾ ਤੇ ਇਸ ਨੇ ਅਦਾਲਤ ਦੀ ਜ਼ਮੀਰ ਨੂੰ ਹਲੂਣ ਕੇ ਰੱਖ ਦਿੱਤਾ ਹੈ।

ਰਾਮਦੇਵ ਨੂੰ ਲੱਗਦਾ ਸੀ ਕਿ ਉਹ ਆਪਣੀ ਇਸ ਤਰ੍ਹਾਂ ਦੀ ਟੁੱਟੀ-ਭੱਜੀ ਕਾਰੋਬਾਰੀ ਸਮਝ ਨਾਲ ਰੂਹ ਅਫਜ਼ਾ ਵਿੱਚ ਫ਼ਿਰਕੂ ਨਫ਼ਰਤ ਦਾ ਜ਼ਹਿਰ ਘੋਲ ਸਕਦੇ ਹਨ, ਜਿਹੜਾ ਹਮੇਸ਼ਾ ਆਪਣੇ ‘ਕੁਦਰਤੀ ਤੌਰ ’ਤੇ ਤਰੋ-ਤਾਜ਼ਾ’ ਕਰਨ ਵਾਲੇ ਸੁਆਦ ਉੱਤੇ ਖ਼ਰਾ ਉਤਰਿਆ ਹੈ। ਅਦਾਲਤ ਦੀ ਫਿਟਕਾਰ ਤੋਂ ਬਾਅਦ, ਰਾਮਦੇਵ ਨੇ ਸੋਸ਼ਲ ਮੀਡੀਆ ਅਕਾਊਂਟ ਤੋਂ ਆਪਣੀ ਵਿਵਾਦਿਤ ਸ਼ਬਦਾਂ ਵਾਲੀ ਪੋਸਟ ਅਤੇ ਵੀਡੀਓ ਤੁਰੰਤ ਹਟਾਉਣ ਦਾ ਵਾਅਦਾ ਕੀਤਾ ਹੈ; ਹਾਲਾਂਕਿ, ਇਹ ਉਮੀਦ ਕਰਨੀ ਅਜੇ ਠੀਕ ਨਹੀਂ ਹੋਵੇਗੀ ਕਿ ਉਹ ਜਲਦੀ ਖ਼ੁਦ ’ਚ ਸੁਧਾਰ ਲਿਆਉਣਗੇ। ਸਿਰਫ਼ ਅੱਠ ਮਹੀਨੇ ਪਹਿਲਾਂ ਹੀ ਸੁਪਰੀਮ ਕੋਰਟ ਨੇ ਉਨ੍ਹਾਂ ਖ਼ਿਲਾਫ਼ ਹੱਤਕ ਦੀ ਕਾਰਵਾਈ ਬੰਦ ਕੀਤੀ ਸੀ। ਇਸ ਤੋਂ ਪਹਿਲਾਂ ਰਾਮਦੇਵ ਨੇ ਅਦਾਲਤ ਵਿੱਚ ਹਲਫ਼ਨਾਮਾ ਦਿੱਤਾ ਸੀ ਕਿ ਉਹ ਪਤੰਜਲੀ ਆਯੁਰਵੈਦ ਉਤਪਾਦਾਂ ਦੀ ਪ੍ਰਭਾਵਸ਼ੀਲਤਾ ਸਬੰਧੀ ਗੁਮਰਾਹਕੁਨ ਇਸ਼ਤਿਹਾਰਬਾਜ਼ੀ ਬੰਦ ਕਰ ਦੇਣਗੇ। ਸੁਪਰੀਮ ਕੋਰਟ ਨੇ ਉਦੋਂ ਚਿਤਾਵਨੀ ਦਿੱਤੀ ਸੀ ਕਿ ਜੇ ਇਸ ਦੇ ਹੁਕਮ ਦੀ ਕੋਈ ਉਲੰਘਣਾ ਹੋਈ ਤਾਂ ਇਹ ‘ਸਖ਼ਤ ਕਾਰਵਾਈ’ ਕਰੇਗਾ।

ਸਾਂਝਾ ਕਰੋ

ਪੜ੍ਹੋ

NSC ਦੀ ਮੀਟਿੰਗ ‘ਚ ਪਾਕਿਸਤਾਨ ਨੇ ਭਾਰਤ

24, ਅਪ੍ਰੈਲ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ...