ਸੱਚਮੁੱਚ ਸਿੱਖਿਆ ਕ੍ਰਾਂਤੀ ਦੀ ਲੋੜ / ਗੁਰਮੀਤ ਸਿੰਘ ਪਲਾਹੀ

ਅੱਜ ਜਿਵੇਂ ਸਿਆਸਤਦਾਨ ਇੱਕ-ਦੂਜੇ ਨਾਲ ਵਿਵਹਾਰ ਕਰਦੇ ਹਨ, ਇੱਕ-ਦੂਜੇ ਬਾਰੇ ਬੋਲਦੇ, ਤਾਹਨੇ-ਮੇਹਨੇ ਦਿੰਦੇ, ਇੱਕ-ਦੂਜੇ ਦੇ ਪੋਤੜੇ ਫੋਲਦੇ,  ਇੱਕ-ਦੂਜੇ ਤੇ ਊਜਾਂ ਲਾਉਂਦੇ ਹਨ, ਕੀ ਇਹ ਕਿਸੇ ਸਿਖਿਅਤ ਸਖ਼ਸ਼ੀਅਤ ਦਾ ਵਿਵਹਾਰ  ਹੈ? ਲੋਕਾਂ ਦੇ ਮਸਲਿਆਂ ਨੂੰ ਨਾ ਸਮਝਣਾ, ਕੁਰਸੀ ਯੁੱਧ ਨੂੰ ਅਹਿਮੀਅਤ ਦੇਣੀ, ਨੈਤਿਕਤਾ ਦਾ ਪੱਲਾ ਹੱਥੋਂ ਛੱਡ ਦੇਣਾ, ਕਿਸ ਕਿਸਮ ਦੀ ਸਿਆਸਤ ਹੈ? ਪੰਜਾਬ ਦੇ ਪੜ੍ਹੇ-ਲਿਖੇ ਕਿੰਨੇ ਸਿਆਸਤਦਾਨ, ਲੋਕਾਂ ਦਾ ਦਰਦ ਪਛਾਣਦੇ ਹਨ, ਲੋਕਾਂ ਦੇ ਮਸਲਿਆਂ ਦਾ ਹੱਲ ਲੱਭਣ ਲਈ ਡੂੰਘਾਈ  ‘ਚ ਅਧਿਐਨ ਕਰਦੇ ਹਨ, ਆਪਣੇ ਸੂਬੇ ਦਾ ਕੇਸ ਉਪਰਲੀ ਅਦਾਲਤ, ਜਾਂ ਉਪਰਲੀ ਸਰਕਾਰ ਤੱਕ ਲੈ ਕੇ ਜਾਂਦੇ ਹਨ?

ਕੀ ਸਿਆਸਤਦਾਨ ਪੰਜਾਬ ਦੀ ਆਪਣੀ ਖੇਤੀ ਨੀਤੀ ਬਣਾ ਸਕੇ ਜਾਂ ਵਿਦਵਾਨਾਂ, ਪੜਾਕੂਆਂ, ਪਾਰਖੂਆਂ ਤੋਂ ਬਣਵਾ ਸਕੇ? ਕੀ ਪੰਜਾਬ ਦੀ ਸਿੱਖਿਆ ਨੀਤੀ ਬਣਵਾ ਸਕੇ? ਜਿਸ ਦੀ ਲੋੜ ਅੱਜ ਦੇ ਸਮੇਂ ‘ਚ ਵਧੇਰੇ ਹੈ ਪੰਜਾਬੀਆਂ ਨੂੰ । ਕੀ ਇਹ ਸਭ ਕੁਝ ਸਿੱਖਿਆ ਦੀ ਘਾਟ ਦਾ ਸਿੱਟਾ ਨਹੀਂ ਹੈ?

ਗੱਲ ਇਕੱਲੀ ਸਿਆਸਤਦਾਨਾਂ ਦੀ ਹੀ ਨਹੀਂ ਹੈ। ਗੱਲ ਧਾਰਮਿਕ ਸਖ਼ਸ਼ੀਅਤਾਂ ਅਤੇ ਸਮਾਜਕ ਸੇਵਕਾਂ ਨਾਲ ਵੀ ਜੁੜੀ ਹੋਈ ਹੈ। ਗੱਲ ਸੂਬੇ ਦੇ ਵਿਚਾਰਵਾਨਾਂ, ਲੇਖਕਾਂ, ਬੁੱਧੀਜੀਵੀਆਂ ਨਾਲ ਵੀ ਜੁੜੀ ਹੋਈ ਹੈ, ਜਿਹੜੇ ਆਪਣਾ ਬਣਦਾ-ਸਰਦਾ  ਰੋਲ ਨਿਭਾਉਣ ਤੋਂ ਅੱਖਾਂ ਮੀਟਕੇ ਸਿਰਫ਼ ਆਪਣੇ “ਰੋਟੀ ਪਾਣੀ” ਦੇ ਚੱਕਰ ‘ਚ ਅੱਖਾਂ ਮੀਟੀ ਬੈਠੇ ਰਹੇ? ਕਿੰਨੇ ਕੁ ਨੀਤੀਵਾਨ, ਵਿਚਾਰਵਾਨ ਇਹੋ ਜਿਹੇ ਹਨ, ਜਿਹੜੇ ਗਰਕ ਹੋ ਰਹੇ, ਉਜੜ ਰਹੇ ਪੰਜਾਬ ਦੀਆਂ ਸਮੱਸਿਆਵਾਂ ਦੇ ਕਾਰਨਾਂ ਨੂੰ ਲੋਕਾਂ ਸਾਹਵੇਂ ਲਿਆ ਰਹੇ ਹਨ? ਜਿਹੜਾ ਕਿ ਉਹਨਾ ਦਾ ਫ਼ਰਜ਼ ਹੈ। ਯੂਨੀਵਰਸਿਟੀਆਂ ਸੁੱਤੀਆਂ ਪਈਆਂ ਹਨ। ਹਜ਼ਾਰਾਂ ਲੋਕ ਸਿਰਫ਼ ਖੋਜ਼ ਦੇ ਨਾਅ ‘ਤੇ ਪੀ.ਐੱਚ.ਡੀ. ਕਰਦੇ ਹਨ, ਆਪਣਾ ਕਰੀਅਰ ਬਨਾਉਣ ਲਈ, ਪੈਸੇ ਕਮਾਉਣ ਲਈ ਅਤੇ ਬੱਸ ਸਰਖ਼ਰੂ ਹੋ ਜਾਂਦੇ ਹਨ। ਭੁੱਲ ਹੀ ਗਏ ਹਨ ਸਿੱਖਿਆ ਦੇ ਅਰਥ! ਭੁੱਲ ਹੀ ਗਏ ਹਨ ਕਿ ਵਿਦਵਾਨਾਂ, ਖੋਜ਼ੀਆਂ ਦਾ ਫਰਜ਼ ਲੋਕਾਂ ਨੂੰ ਚਾਨਣਾ ਦੇਣਾ ਹੈ, ਸਿਰਫ਼ ਵਾਹ ਵਾਹ ਖੱਟਣਾ ਜਾਂ ਚੇਲਿਆਂ, ਬਾਲਕਿਆਂ ਤੋਂ ਵਾਹ-ਵਾਹ ਕਰਵਾਉਣਾ ਨਹੀਂ।

ਆਜ਼ਾਦੀ ਉਪਰੰਤ ਪੰਜਾਬ ਦੋ ਹਿੱਸਿਆਂ ‘ਚ ਵੰਡਿਆ ਗਿਆ। ਲੱਖਾਂ ਬੱਚੇ, ਸਕੂਲਾਂ ਤੋਂ ਬਾਂਝੇ ਹੋ ਗਏ। ਗਰਮ-ਸਰਦ ਸਮਿਆਂ ‘ਚ ਪੰਜਾਬ ਦੀ ਸਿੱਖਿਆ ਮਧੋਲੀ ਗਈ। ਸਮਾਂ ਬੀਤਣ ‘ਤੇ ਬੇਰੁਜ਼ਗਾਰੀ ਵਧੀ। ਪ੍ਰਵਾਸ ਵਧਿਆ। ਆਇਲਿਟਸ  ਨੇ ਪੰਜਾਬ ਦੀ ਸਿੱਖਿਆ ਤੇ ਸਿੱਖਿਆ ਸੰਸਥਾਵਾਂ ਰੋਲ ਦਿੱਤੀਆਂ, ਬੰਦ ਕਰਵਾ ਦਿੱਤੀਆਂ। ਕਿਹੜੀ ਸਰਕਾਰ ਕਾਰਨ ਜਾਣ ਸਕੀ ਕਿ ਇਹ ਪ੍ਰਵਾਸ ਨੌਜਵਾਨਾਂ ਦੀ ਮਜ਼ਬੂਰੀ ਕਿਉਂ ਬਣ ਰਿਹਾ ਹੈ?

ਬੇਰੁਜ਼ਗਾਰੀ, ਨਸ਼ਿਆਂ ਦਾ ਵਗਦਾ ਦਰਿਆ, ਸਿੱਖਿਆ ਦੀ ਘਾਟ ਦਾ ਹੀ ਤਾਂ ਸਿੱਟਾ ਹੈ। ਸਿੱਖਿਆ  ਹੋਏਗੀ, ਚੰਗੀ ਖੇਤੀ ਹੋਏਗੀ। ਸਿੱਖਿਆ ਹੋਏਗੀ ਰੁਜ਼ਗਾਰ ਹੋਏਗਾ, ਕਾਰੋਬਾਰ ਹੋਏਗਾ। ਪਰ ਜੇਕਰ ਸਿੱਖਿਆ ਦੇ ਮੁੱਢਲੇ ਅਧਿਕਾਰ ਨੂੰ ਸਰਕਾਰਾਂ ਭੁੱਲਕੇ ਪਬਲਿਕ ਸਕੂਲਾਂ ਰਾਹੀਂ ਲੋਕਾਂ ਤੋਂ ਪੈਸਾ ਬਟੋਰਨ ਦੇ ਚੱਕਰ ‘ਚ ਆਪਣਾ ਫ਼ਰਜ਼ ਹੀ ਭੁੱਲ ਜਾਣਗੀਆਂ ਤਾਂ ਉਸ ਖਿੱਤੇ ਦੇ ਲੋਕਾਂ ਦਾ ਆਖ਼ਰ ਹਾਲ  ਕੀ ਹੋ ਜਾਏਗਾ? ਉਹੋ ਹਾਲ ਹੋਏਗਾ, ਜੋ ਪੰਜਾਬ ਦੇ ਲੋਕਾਂ ਦਾ  ਇਸ ਵੇਲੇ ਹੋਇਆ ਪਿਆ ਹੈ। ਲੱਖ ਸਰਕਾਰ ਇਹ ਕਹੇ ਕਿ ਪੰਜਾਬ ਦੇ ਸਰਾਕਰੀ ਸਕੂਲਾਂ ਦਾ ਢਾਂਚਾ ਸੁਧਾਰ ਦਿੱਤਾ ਹੈ, ਇਸਨੂੰ ਪਬਲਿਕ ਸਕੂਲਾਂ ਦੇ ਹਾਣ ਦਾ ਕਰ  ਦਿੱਤਾ ਹੈ ਕਹਿਣ ਨੂੰ ਇਹ ਸਿੱਖਿਆ ਕ੍ਰਾਂਤੀ ਹੈ ਪਰ ਅੱਜ ਵੀ ਸਰਕਾਰੀ ਸਕੂਲ ਆਮ ਆਦਮੀ ਦੀ ਆਖ਼ਰੀ ਮਜ਼ਬੂਰੀ ਬਣੇ ਹੋਏ ਹਨ, ਜਿਥੇ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਮਨੋ ਨਹੀਂ, ਬੇਬਸੀ ‘ਚ ਭੇਜਦਾ ਹੈ। ਹਾਲ ਪਬਲਿਕ ਸਕੂਲਾਂ ਦਾ ਵੀ ਇਹੋ ਹੈ, ਜਿਥੇ ਸਿੱਖਿਆ ਦਿੱਤੀ ਨਹੀਂ ਜਾਂਦੀ,  ਵੇਚੀ ਜਾਂਦੀ ਹੈ। ਹਾਲ ਪ੍ਰੋਫੈਸ਼ਨਲ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਪ੍ਰੋਫੈਸ਼ਨਲ ਕਾਲਜਾਂ ਦਾ ਵੀ ਇਹੋ ਹੈ। ਸਵਾਲ ਉੱਠਦਾ ਹੈ ਕਿ ਕੀ ਸਿੱਖਿਆ ਕੋਈ ਵੇਚਣ ਵਾਲੀ ਚੀਜ਼ ਹੈ?

ਪੰਜਾਬ ‘ਚ 17 ਯੂਨੀਵਰਸਿਟੀਆਂ ਹਨ, ਜੋ ਸਰਕਾਰੀ ਜਾਂ ਸਰਕਾਰੀ ਸਹਾਇਤਾ ਪ੍ਰਾਪਤ  ਹਨ। 14 ਪ੍ਰਾਈਵੇਟ ਪ੍ਰੋਫੈਸ਼ਨਲ ਯੂਨੀਵਰਸਿਟੀਆਂ ਹਨ। 8 ਮੈਡੀਕਲ ਕਾਲਜ ਹਨ। ਦਰਜਨਾਂ ਇੰਜੀਨੀਅਰਿੰਗ ਟੈਕਨੌਲੌਜੀ ਕਾਲਜ ਹਨ। ਆਰਟਸ ਕਾਲਜਾਂ ਦੀ ਗਿਣਤੀ ਸੈਂਕੜਿਆਂ ਵਿਚ ਹੈ। ਪਬਲਿਕ ਮਾਡਲ ਸਕੂਲ ਥਾਂ-ਥਾਂ ਖੁਲ੍ਹੇ ਹੋਏ ਹਨ। ਪਰ ਇਹਨਾ ਸਾਰਿਆਂ ਤੋਂ ਵੱਧ ਮਨਜ਼ੂਰਸ਼ੂਦਾ ਅਤੇ ਗ਼ੈਰ-ਮਨਜ਼ੂਰਸ਼ੁਦਾ ਆਇਲਿਟਸ ਸੈਂਟਰ ਹਨ। ਪਰ ਬਹੁਤ ਹੀ ਘੱਟ ਗਿਣਤੀ ‘ਚ ਪੀ.ਸੀ.ਐੱਸ., ਆਈ.ਏ.ਐੱਸ., ਆਈ.ਪੀ.ਐੱਸ., ਕੰਪੀਟੀਸ਼ਨ ਦੀ ਤਿਆਰੀ ਕਰਵਾਉਣ ਵਾਲੇ ਸੈਂਟਰ ਹਨ।

ਲਗਭਗ ਹਰ ਪਿੰਡ ਅਤੇ ਹਰ ਸ਼ਹਿਰ ‘ਚ ਸਰਕਾਰੀ ਪ੍ਰਾਇਮਰੀ ਸਕੂਲ ਹੈ, ਤੇ ਵੱਡੀ ਗਿਣਤੀ ‘ਚ ਮਿਡਲ, ਹਾਈ, ਹਾਇਰ ਸੈਕੰਡਰੀ ਸਕੂਲ ਹਨ। ਉਸ ਸੂਬੇ ‘ਚ ਜਿਥੇ ਸਕੂਲਾਂ, ਕਾਲਜਾਂ, ਪ੍ਰੋਫੈਸ਼ਨਲ  ਕਾਲਜਾਂ ਦੀ ਭਰਮਾਰ ਹੋਵੇ ਉਥੇ ਇਹਨਾ ਵਿਦਿਅਕ ਸੰਸਥਾਵਾਂ ‘ਚ ਜਦੋਂ ਅਸਲ ਸਿੱਖਿਆ ਦੀ ਘਾਟ ਹੋਵੇ, ਤਾਂ ਸਵਾਲ ਚੁੱਕਣਾ ਤਾਂ ਬਣਦਾ ਹੀ ਹੈ ਕਿ  ਇਹ  ਸਿੱਖਿਆ ਅਦਾਰੇ ਆਖ਼ਰ ਖੋਲ੍ਹੇ ਹੀ ਕਿਉਂ ਗਏ ਹੋਏ ਹਨ? ਕੀ ਇਹਨਾ ਦੇ ਖੋਲ੍ਹਣ ਪਿੱਛੇ ਸੇਵਾ ਭਾਵਨਾ ਹੈ, ਜਾਂ ਕਾਰੋਬਾਰੀ ਭਾਵਨਾ? ਕਦੇ ਮਿਸ਼ਨਰੀ ਲੋਕਾਂ ਨੇ ਪੰਜਾਬ ਨੂੰ ਸਿੱਖਿਅਤ ਕਰਨ ਲਈ ਆਰੀਆ, ਖ਼ਾਲਸਾ, ਕ੍ਰਿਸੀਚੀਅਨ ਸਕੂਲ ਖੋਲ੍ਹੇ ਸਨ। ਪਰ ਸਰਕਾਰੀ ਨੀਤੀਆਂ ਨੇ ਇਹਨਾ ਸੰਸਥਾਵਾਂ ਨੂੰ ਨਿਹੱਥੇ ਕਰ ਦਿੱਤਾ। ਪਬਲਿਕ ਸਕੂਲਾਂ, ਪ੍ਰੋਫੈਸ਼ਨਲ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਇਹ ਸੰਸਥਾਵਾਂ ਨੂੰ ਪਿੱਛੇ ਧੱਕ ਕੇ, ਸਰਕਾਰੀ ਸਕੂਲਾਂ, ਕਾਲਜਾਂ ਦੀ ਫੱਟੀ-ਵਸਤਾ ਵੀ ਪੋਚ ਦਿੱਤਾ।

ਅੱਜ ਸੂਬੇ ਦੇ ਸਿੱਖਿਆ ਪੱਖੋਂ ਹਾਲਾਤ ਮਾੜੇ ਹਨ। ਬਾਵਜੂਦ ਇਸ ਸਭ ਕੁਝ ਦੇ ਕਿ ਸਰਕਾਰ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੀ ਹੈ। ਸਕੂਲਾਂ ‘ਚ ਟੀਚਰਾਂ ਦੀ ਘਾਟ ਹੈ। ਸਕੂਲਾਂ ‘ਚ ਵਿਦਿਆਰਥੀਆਂ  ਦੀ ਘਾਟ ਹੈ। ਸਕੂਲਾਂ ‘ਚ ਬੁਨਿਆਦੀ ਢਾਂਚੇ ਦੀ ਕਮੀ ਹੈ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਸਕੂਲਾਂ ਵਿੱਚ ਕੱਚੇ, ਪੱਕੇ ਠੇਕੇ ‘ਤੇ, ਕਮੇਟੀ ਵਾਲੇ ਟੀਚਰ ਪੜ੍ਹਾਈ ਕਰਵਾ ਰਹੇ ਹਨ। ਕਮੇਟੀ ਵਾਲੇ ਟੀਚਰਾਂ ਦੀ ਤਨਖ਼ਾਹ 2000 ਰੁਪਏ ਮਹੀਨਾ ਜਾਂ ਤਿੰਨ ਹਜ਼ਾਰ ਰੁਪਏ ਮਹੀਨਾ ਹੈ। ਇਹ ਕਿਸ ਕਿਸਮ ਦੀ ਪੜ੍ਹਾਈ ਪਰੋਸੀ ਜਾ ਰਹੀ ਹੈ? ਕਈ  ਪ੍ਰਾਈਵੇਟ ਸਕੂਲ ਇਹੋ ਜਿਹੇ ਹਨ ਜਿਥੇ ਖਾਤਿਆਂ ‘ਚ ਤਨਖ਼ਾਹਾਂ ਦੇਣ ਸਮੇਂ ਪੂਰਾ ਗ੍ਰੇਡ ਦਿੱਤਾ ਜਾ ਰਿਹਾ ਹੈ ਪਰ ਤਨਖ਼ਾਹਾਂ ਵਾਪਿਸ ਜਮ੍ਹਾਂ ਕਰਵਾਈਆਂ ਜਾ ਰਹੀਆਂ ਹਨ। ਇਹੋ  ਜਿਹੇ ਅਧਿਆਪਕ  ਕਿਹੋ ਜਿਹੀ ਸਿੱਖਿਆ ਦੇਣਗੇ? ਨਵੇਂ ਸਰਕਾਰੀ ਕਾਲਜ ਖੋਲ੍ਹੇ ਜਾ ਰਹੇ ਹਨ, ਟੀਚਰ ਇਥੇ  ਵੀ ਠੇਕੇ ‘ਤੇ ਹਨ।

ਅੱਜ ਪੰਜਾਬ ਚ ਸਿੱਖਿਆ ਦਾ ਹਾਲ ਕੀ ਹੈ? ਪ੍ਰਾਇਮਰੀ, ਮਿਡਲ ਸਰਕਾਰੀ ਸਕੂਲਾਂ ਚ ਟੀਚਰਾਂ ਦੀ ਘਾਟ ਹੈ। ਪੰਜ ਪੰਜ ਕਲਾਸਾਂ ਲਈ ਇੱਕ ਅਧਿਆਪਕ। ਬੀਤੇ ਸਮਿਆਂ ‘ਚ ਵਿਦਿਆਰਥੀ ਤੱਪੜ ਤੇ ਬੈਠਦੇ ਸੀ, ਚੰਗੇ ਗਿਆਨਵਾਨ ਟੀਚਰਾਂ ਤੋਂ ਪੜ੍ਹਦੇ ਸੀ। ਆਲੇਦੁਆਲੇ ਨੂੰ ਵੇਖਦੇ ਸੀ, ਚੰਗੀ ਸੋਚ ਬਣਦੀ ਸੀ। ਹੁਣ ਸੋਚ ਉਤੇ ਪਰਦਾ ਪੈ ਗਿਆ ਹੈ। ਪਬਲਿਕ ਸਕੂਲ ਮਾਂਬੋਲੀ ਪੰਜਾਬੀ ਤੋਂ ਪ੍ਰਹੇਜ ਕਰਦੇ ਹਨ, ਮਾਪੇ ਬੱਚਿਆਂ ਨੂੰ ਬਾਹਰਵੀਂ ਪਾਸ ਤੋਂ ਬਾਅਦ ਸਿੱਧਾ ਆਇਲਿਟਸ ਕਰਵਾਕੇ ਬੇਗਾਨੇ ਮੁਲਕਾਂ ਚ ਭੇਜ ਰਹੇ ਹਨ। ਬਰੇਨ ਡਰੇਨ ਹੋ ਰਿਹਾ, ਧੰਨ  ਦੀ ਇਥੋਂ ਨਿਕਾਸੀ ਹੋ ਰਹੀ ਹੈ। ਇਥੇ ਖੋਲ੍ਹੇ ਆਰਟਸ ਕਾਲਜ, ਪ੍ਰੋਫੈਸ਼ਨਲ ਕਾਲਜ ਬੰਦ ਹੋ ਰਹੇ ਹਨ, ਸੀਟਾਂ ਨਹੀਂ ਭਰੀਆਂ ਜਾ ਰਹੀਆਂ। ਯੂਨੀਵਰਸਿਟੀਆਂ ਜਿਹਨਾ ਵਿਚਾਰਵਾਨ ਪੈਦਾ ਕਰਨੇ ਹਨ, ਪ੍ਰੋਫੈਸਰਾਂ, ਅਧਿਆਪਕਾਂ ਤੋਂ ਸੱਖਣੀਆਂ ਹਨ। ਸਰਕਾਰਾਂ ਨੇ,  ਸਿੱਖਿਆ ਸਿਸਟਮ ਨੇ ਅਧਿਆਪਕਾਂ ਨੂੰ ਚੁੱਪਚਾਪ ਦੁੱਖ ਸਹਿਣ ਵਾਲੇ ਮਜ਼ਦੂਰ ਬਣਾ ਦਿੱਤਾ ਹੈ।

ਪੰਜਾਬ ਨੂੰ ਸੱਚੀਂ-ਮੁੱਚੀ ਸਿੱਖਿਆ ਕ੍ਰਾਂਤੀ ਦੀ ਲੋੜ ਹੈ। ਪੰਜਾਬ “ਸਿੱਖਿਆ ਦੇ ਖੇਤਰ” ‘ਚ ਸੰਕਟ ‘ਚ ਹੈ। ਉਸੇ ਕਿਸਮ ਦੇ ਸੰਕਟ ‘ਚ ਜਿਵੇਂ ਦੇ ਸੰਕਟ ‘ਚ ਪੰਜਾਬ ਦਾ ਸਭਿਆਚਾਰ ਹੈ। ਪੰਜਾਬ ਦੀ ਧਰਤੀ ਹੈ, ਜੋ ਪਾਣੀ ਦੀ ਥੁੜੋਂ ਕਾਰਨ ਮਾਰੂਥਲ ਹੋਣ ਵੱਲ ਅੱਗੇ ਵੱਧ ਰਹੀ ਹੈ।  ਪੰਜਾਬੀ ਭਾਈਚਾਰੇ ਦਾ, ਪੰਜਾਬ ਦੀ ਧਰਤੀ ਦਾ ਮੂਲ ਸਿਧਾਂਤ ਪੰਚਾਇਤੀ ਸੱਥ ਟੁਟ ਚੁੱਕੀ ਹੈ। ਫ਼ੈਸਲੇ ਹੁਣ ਪਰਿਆ ‘ਚ ਨਹੀਂ, ਅਦਾਲਤੀ, ਥਾਣਿਆਂ ਜਾਂ ਸਿਆਸੀ ਢੁੱਠਾ ਵਾਲੇ ਲੋਕਾਂ ਦੇ ਦਰਾਂ ‘ਤੇ ਹੁੰਦੇ ਹਨ। ਆਪਸੀ ਵਿਚਾਰ ਵਟਾਂਦਰਾ ਸੱਥਾਂ ‘ਚੋਂ ਗਾਇਬ ਕਰ ਦਿੱਤਾ ਗਿਆ ਹੈ। ਤਾਕਤ ਪੈਸਿਆਂ ਵਾਲਿਆਂ ਹੱਥ  ਫੜਾ ਦਿੱਤੀ ਗਈ ਹੈ।

ਸਿਆਸਤਦਾਨ ਦੀ ਤਰਜੀਹ ਹੁਣ ਜਨ ਕਲਿਆਣ ਜਾਂ ਲੋਕ ਸਰੋਕਰ ਨਹੀਂ, ਸਿਰਫ਼ ਚੋਣ ਸਮੀਕਰਣ ਰਹਿ ਗਈ ਹੈ। ਉਹਨਾ ਦੀ ਤਰਜੀਹ ਲੋਕਾਂ ਨੂੰ ਨਿਕੰਮੇ,ਅਸਿਖਿਅਤ ਰੱਖਣ ਵੱਲ ਵਧੇਰੇ ਹੈ ਤਾਂ ਕਿ ਕੋਈ ਸਵਾਲ ਹੀ ਨਾ ਉਠੇ ਪਰ ਸਿੱਖਿਆ ਸਵਾਲ ਉਠਾਉਂਦੀ ਹੈ, ਸਿੱਖਿਆ ਵਿਚਾਰ ਪੈਦਾ ਕਰਦੀ ਹੈ, ਸਿੱਖਿਆ ਅਤੇ ਕਿਤਾਬ ਮਨ ਅਤੇ ਤਨ ਨੂੰ ਤਾਕਤਵਰ ਕਰਦੀ ਹੈ।

ਪੰਜਾਬ ਦਾ ਵਿਰਸਾ, ਪੰਜਾਬ ਦੀ ਬੋਲੀ ਬਹੁਤ ਅਮੀਰ ਹੈ। ਪੰਜਾਬ ਦੇਸ਼ ਦਾ ਅੰਨ ਦਾਤਾ ਹੈ। ਪੰਜਾਬ ਪੂਰੇ ਦੇਸ਼ ਵਿੱਚ ਆਪਣੀ ਵੱਖਰੀ ਪਛਾਣ ਰੱਖਦਾ ਹੈ। ਪੰਜਾਬ ਕਦੇ ਪੰਜ ਦਰਿਆਵਾਂ ਦੀ ਧਰਤੀ ਸੀ।  ਇਹ ਖਿੱਤੇ ਦਾ ਸਭ ਤੋਂ ਸਿਆਣਾ ਇਲਾਕਾ ਸੀ, ਜਿਥੇ ਸਿਆਣੇ ਲੋਕ ਵਸਦੇ ਸਨ, ਜਿਥੇ ਰੂਹਾਨੀ ਰੂਹਾਂ ਨੇ ਜਨਮ ਲਿਆ। ਲਿਖਣਾਪੜ੍ਹਨਾ, ਵਿਚਾਰਨਾ ਜਿਹਨਾ ਦੇ ਲਹੂ ਚ ਸੀ ਅਤੇ ਲਹੂ ਚ ਸੀ ਆਪਣੀ ਅਣਖ ਲਈ ਖੜਨਾ, ਮਰਨਾ। ਚੰਗਾ ਵਾਤਾਵਰਨ, ਵਸਦੇ ਦਰਿਆ, ਜਰਖੇਜ਼ ਜ਼ਮੀਨ ਜਿਹਨਾ ਦਾ ਧੰਨ ਸੀ।

ਸਿਆਸੀ ਖੇਡਾਂ ਇਸਦਾ ਲੱਕ ਤੋੜਿਆ ਅਤੇ ਪੰਜਾਬ ਢਾਈ ਦਰਿਆਵਾਂ ਤੱਕ ਸੀਮਤ ਕਰ ਦਿੱਤਾ ਗਿਆ। ਵੱਢਵਢਾਂਗਾ, ਭਾਈਮਾਰ, ਸਾਜਿਸ਼ਾਂ, ਸਵਾਰਥੀ ਸੋਚ ਪਿੱਠਛੁਰਾ ਇਹਨਾ ਦੇ ਪੱਲੇ ਪਾ ਦਿੱਤਾ ਗਿਆ। ਗਿਆਨ ਤੋਂ ਦੂਰ ਕਰਕੇ ਸਿਆਣਿਆਂ ਤੇ ਯੋਧਿਆਂ ਨੂੰ ਐਸਾ ਲਪੇਟਿਆ ਸੰਕੀਰਨ ਸੋਚ ਨਾਲ ਕਿ ਅੱਜ ਸੋਚੋਂ ਹਰਿਆਭਰਿਆ ਪੰਜਾਬ, ਪੰਜਾਬ ਹੀ ਨਹੀਂ ਦਿਸਦਾ। ਸਿਊਂਕ ਨਾਲ ਭੰਨਿਆ, ਬੀਮਾਰੀਆਂ ਨਾਲ  ਖਾਧਾ ਨਰਕੀ ਪੰਜਾਬ ਦਿਸਦਾ ਹੈ, ਜਿਥੇ ਨਸ਼ੇ ਹਨ। ਜਿਥੇ ਮਾਰਧਾੜ ਹੈ। ਜਿਥੇ ਧਰਤੀ ਨਾਲੋਂ ਟੁਟਿਆਂ ਕੁਨਬਾ ਹੈ, ਜਿਹੜਾ ਆਪਣੀ ਧਰਤ ਛੱਡ ਬੇਗਾਨੀ ਧਰਤੀ ਦੀ ਬੁੱਕਲ ਲੱਭਦਾ ਹੈ।

ਕਾਰਨ ਇਕੋ ਨਹੀਂ, ਪਰ ਵੱਡਾ ਹੈ ਪੰਜਾਬੀਆਂ ਸਿੱਖਿਆਸੋਚ ਨਾਲੋਂ ਮੋਹ ਤੋੜ ਲਿਆ ਹੈ। ਅਕਲ ਤੇ ਪੱਲਾ ਪਾ ਲਿਆ ਹੈ। ਸੋਚ ਨਿਰੀ ਪੁਰੀ ਵਿਵਹਾਰਿਕ ਕਰ ਲਈ ਹੈ। ਜੰਮਦੇ ਹੀ, ਮਰਨ ਤੱਕ ਚੰਗੀ ਖੱਬੀ ਖਾਨ ਜ਼ਿੰਦਗੀ ਗੁਜਾਰਨ  ਲਈ ਸਾਧਨ ਜੁਟਾਉਣ ਦੇ ਰਾਹ ਪੈ ਗਏ ਹਾਂ। ਬੱਚਿਆਂ ਨੂੰ ਇਹੋ ਜਿਹੇ ਸਸਕਾਰ ਦੇ ਰਹੇ ਹਾਂ, ਵੱਡਾ ਕਮਾਓ, ਮੌਜਾਂ ਕਰੋ। ਜੇਕਰ ਇਥੇ ਕੁਝ ਨਹੀਂ ਲੱਭਦਾ ਇਥੋਂ ਤੁਰ ਜਾਓ, ਪ੍ਰਵਾਸ ਦੇ ਰਾਹ ਪੈ ਜਾਓ, ਉਥੇ ਹਰ ਕਿਸਮ ਦੀ ਕਿਰਤ ਕਰੋ ਅਤੇ ਬੱਸ ਜ਼ਿੰਦਗੀ ਗੁਜ਼ਾਰ ਦਿਓ। ਪੰਜਾਬ ਦੀ ਸੋਚ ਕਿਥੇ ਗਈ? ਵਿਚਾਰ ਕਿਥੇ ਗਏ ? ਨੈਤਿਕ ਕਦਰਾਂਕੀਮਤਾਂ ਕਿਥੇ ਰਹਿ ਗਈਆਂ?

ਕਿੰਨੀ ਹੈਰਾਨੀ ਦੀ ਗੱਲ ਹੈ ਕਿ ਵਿਚਾਰ ਪ੍ਰਧਾਨ ਖਿੱਤੇ ਪੰਜਾਬ ਦੇ ਲੋਕ, ਹੋਰ ਹੀ ਵਹਿਣਾ ਚ ਰੁੜ ਗਏ। ਆਪਣੀ ਸਿੱਖਿਆ ਨੀਤੀ ਤੱਕ ਨਹੀਂ ਘੜ ਸਕੇ।

ਸੂਬਾ ਦਾਨਪੁੰਨਕਰਨ ਵਾਲਾ ਹੈ। ਸੋਚ ਪੰਜਾਬੀਆਂ ਦੀ ਦਯਾ ਕਰਨ ਦੀ ਹੈ। ਧਾਰਮਿਕ ਸਥਾਨਾਂ, ਡੇਰਿਆਂ ਤੇ ਰੋਣਕਾਂ ਹਨ। ਸ਼ਰਧਾ ਹੈ। ਦਿਖਾਵਾ ਹੈ। ਸੁੰਦਰ ਸਥਾਨ ਹਨ, ਪਰ ਜਿਹਨਾ ਵਿਚਾਰਾਂ ਨੇ ਬੰਦੇ ਨੂੰ ਇਨਸਾਨ ਬਨਾਉਣਾ ਹੈ, ਉਹਦੀ ਕਮੀ ਹੈ। ਅਸੀਂ ਦਾਨਪੁੰਨ ਕਰਦੇ ਹਾਂ। ਸਾਡੇ ਲਈ ਲੰਗਰ ਸੇਵਾ ਵੱਡੀ ਹੈ। ਪਰ ਪੰਜਾਬੀ ਭਾਈਚਾਰਾ ਕਿੰਨੇ ਕੁ ਸਕੂਲ, ਕਾਲਜ ਖੋਹਲਦਾ ਹੈ? ਇਸ ਲਈ ਕਿੰਨਾ ਕੁ ਦਾਨ ਦਿੰਦਾ ਹੈ? ਕਿੰਨਾ ਖਰਚਾ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਕਰਦਾ ਹੈ?

ਪੰਜਾਬੀ ਵਿਚਾਰਾਂ ਤੋਂ ਸੱਖਣਾ ਕਿਤਾਬ ਪੜ੍ਹਨ ਤੋਂ ਆਤੁਰ ਹੈ, ਨਸ਼ਾ ਤੇ ਹੋਰ ਵਸਤਾਂ ਖਰੀਦਦਾ ਹੈ, ਕਿਤਾਬ ਨਹੀਂ ਖਰੀਦਦਾ। ਪਿੰਡਾਂ , ਸ਼ਹਿਰਾਂ ਚ ਲਾਇਬ੍ਰੇਰੀਆਂ ਨਹੀਂ ਬਣਾਉਂਦਾ। ਪੀਰਾਂ, ਫ਼ਕੀਰਾਂ, ਬਾਬਿਆਂ ਨੂੰ ਪੂਜੀ ਜਾਂਦਾ ਹੈ। ਸਮਾਂ ਨਸ਼ਟ ਕਰੀ ਜਾਂਦਾ ਹੈ। ਸਰਕਾਰਾਂ ਵੀ ਇਸੇ ਰਸਤੇ ਤੁਰੀਆਂ ਹੋਈਆਂ ਹਨ। ਸਿੱਖਿਆ ਕ੍ਰਾਂਤੀ ਦੇ ਨਾਂਅ ਤੇ ਪੰਜਾਬ ਇਸ ਵੇਲੇ ਪ੍ਰਚਾਰੀ ਚਰਚਾ” ‘ਚ ਹੈਇਸ ਨਾਲ ਲੋਕਾਂ ਨੂੰ ਕੀ ਪ੍ਰਾਪਤ ਹੋਏਗਾ?

ਕੀ ਸਿਰਫ਼ ਬਣਾਏ ਜਾ ਰਹੇ ਕਮਰੇ, ਪਖ਼ਾਨੇ ਵਿਦਿਆਰਥੀਆਂ ਦੀ ਬੌਧਿਕ ਲੋੜ ਪੂਰੀ ਕਰ ਸਕਣਗੇ? ਕੀ ਅਮੈਰੀਟਸ ਸਕੂਲ, ਵਿਦਿਆਰਥੀ ਦੇ ਸਰਬ ਪੱਖੀ ਵਿਕਾਸ ਦੇ ਹਾਣ ਦੇ ਹਨ? ਕੀ ਇਹ ਸਕੂਲ ਅਤੇ ਸਧਾਰਨ ਪੇਂਡੂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਪੱਧਰ ਦਾ ਪਾੜਾ ਵੱਡਾ ਨਹੀਂ ਹੋ ਰਿਹਾ ?

ਇਸ ਸਭ ਕੁਝ ਦਾ ਅਰਥ ਇਹ ਵੀ ਨਹੀਂ ਕਿ ਪੰਜਾਬੀ ਵਿਚਾਰਵਾਨਾਂ ਦੀ ਕਮੀ ਹੈ। ਦੇਸ਼ਵਿਦੇਸ਼ ਚ ਸਿਆਣੇ ਪੰਜਾਬੀਆਂ ਦਾ ਬੋਲ ਬਾਲਾ ਹੈ, ਜਿਥੇ ਵਿਦੇਸ਼ਾਂ ਚ ਚੰਗੇ ਕਾਰੋਬਾਰੀ ਹਨ, ਸਾਇੰਸਦਾਨ ਹਨ, ਸਿੱਖਿਆ ਸ਼ਾਸਤਰੀ ਹਨ, ਉਥੇ ਪੰਜਾਬੀ ਦਾਨੀ ਪੁਰਖਾਂ ਦੀ ਵੀ ਕਮੀ ਨਹੀਂ ਹੈ।

ਲੋੜ ਹੈ ਪੰਜਾਬੀ ਲੋਕ ਬਾਕੀ ਦਿਖਾਵੇ ਛੱਡਕੇ ਸਿੱਖਿਆ ਖੇਤਰ ਚ ਅੱਗੋਂ ਪੁਲਾਘਾਂ ਭਰਨ। ਧਾਰਮਿਕ ਸਥਾਨਾਂ ਦੇ ਥਾਂ ਯੂਨੀਵਰਸਿਟੀਆਂ, ਸਕੂਲ, ਕਾਲਜ, ਲਾਇਬ੍ਰੇਰੀਆਂ ਖੋਲ੍ਹਣ, ਬੱਚਿਆਂ ਨੂੰ ਪੜ੍ਹਾਉਣ ਵੱਲ ਲੈ ਕੇ ਜਾਣ। ਇਹੀ  ਅਸਲ ਅਰਥਾਂ ਚ ਸਿੱਖਿਆ ਕ੍ਰਾਂਤੀ ਦੀ ਨੀਂਹ ਹੋ ਸਕੇਗੀ।

-ਗੁਰਮੀਤ ਸਿੰਘ ਪਲਾਹੀ

-9815802070

ਸਾਂਝਾ ਕਰੋ

ਪੜ੍ਹੋ

NSC ਦੀ ਮੀਟਿੰਗ ‘ਚ ਪਾਕਿਸਤਾਨ ਨੇ ਭਾਰਤ

24, ਅਪ੍ਰੈਲ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ...