
ਜੈਪੁਰ, 23 ਅਪ੍ਰੈਲ – ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਸੰਬੰਧਾਂ ਦੇ ਦਿ੍ਰਸ਼ਟੀਕੋਣ ਨੂੰ ਦਰਸਾਇਆ ਅਤੇ ਭਾਰਤ ਨੂੰ ਆਪਣੇ ਬਾਜ਼ਾਰਾਂ ਤੱਕ ਵਧੇਰੇ ਪਹੁੰਚ ਦੇਣ, ਵਧੇਰੇ ਅਮਰੀਕੀ ਊਰਜਾ ਅਤੇ ਰੱਖਿਆ ਹਾਰਡਵੇਅਰ ਖਰੀਦਣ ਦਾ ਸੱਦਾ ਦਿੱਤਾ। ਇੱਥੇ ਇਕ ਸਮਾਗਮ ਵਿੱਚ ਸੰਬੋਧਨ ਕਰਦਿਆਂ ਵੈਂਸ ਨੇ ਕਿਹਾ ਕਿ ਉੱਚ ਤਕਨਾਲੋਜੀ, ਰੱਖਿਆ, ਵਪਾਰ ਅਤੇ ਊਰਜਾ ਸਮੇਤ ਵਿਭਿੰਨ ਖੇਤਰਾਂ ਵਿੱਚ ਅਮਰੀਕਾ ਅਤੇ ਭਾਰਤ ਇਕੱਠੇ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਨ। ਉਨ੍ਹਾ ਕਿਹਾ ਕਿ ਭਾਰਤ ਅਤੇ ਅਮਰੀਕਾ ਦੋਵੇਂ ਸਾਂਝੀਆਂ ਤਰਜੀਹਾਂ ਦੇ ਅਧਾਰ ’ਤੇ ਇਕ ਦੁਵੱਲੇ ਵਪਾਰ ਸਮਝੌਤੇ ਵੱਲ ਕੰਮ ਕਰ ਰਹੇ ਹਨ। ਉਨ੍ਹਾ ਕਿਹਾ ਕਿ 21ਵੀਂ ਸਦੀ ਦਾ ਭਵਿੱਖ ਭਾਰਤ ਅਤੇ ਅਮਰੀਕਾ ਦੀ ਤਾਕਤ ਦੁਆਰਾ ਨਿਰਧਾਰਤ ਕੀਤਾ ਜਾਵੇਗਾ। ਵੈਂਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਪਾਰ ਅਤੇ ਟੈਕਸ ਬਾਰੇ ਨੀਤੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵਪਾਰਕ ਸੰਬੰਧ ਨਿਰਪੱਖਤਾ ’ਤੇ ਅਧਾਰਤ ਹੋਣੇ ਚਾਹੀਦੇ ਹਨ।