ਸ੍ਰੀਨਗਰ, 23 ਅਪ੍ਰੈਲ – ਜੰਮੂ-ਕਸ਼ਮੀਰ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਪਹਿਲਗਾਮ ਵਿੱਚ ਮੰਗਲਵਾਰ ਨੂੰ ਅਤਿਵਾਦੀਆਂ ਨੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ ਹੁਣ ਤੱਕ 28 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਹਨ। ਮਰਨ ਵਾਲਿਆਂ ਵਿੱਚ ਦੋ ਵਿਦੇਸ਼ੀ ਅਤੇ ਦੋ ਸਥਾਨਕ ਲੋਕ ਵੀ ਸ਼ਾਮਲ ਦੱਸੇ ਜਾ ਰਹੇ ਹਨ। ਇਹ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਘਾਟੀ ਵਿੱਚ ਸਭ ਤੋਂ ਘਾਤਕ ਅਤਿਵਾਦੀ ਹਮਲਾ ਹੈ।
ਇਸ ਕੇਂਦਰ ਸ਼ਾਸਤ ਪ੍ਰਦੇਸ਼ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸਨੂੰ ਹਾਲ ਹੀ ਦੇ ਸਾਲਾਂ ਵਿੱਚ ਆਮ ਨਾਗਰਿਕਾਂ ‘ਤੇ ਸਭ ਤੋਂ ਵੱਡਾ ਹਮਲਾ ਦੱਸਿਆ। ਫੌਜ ਨੇ ਅਤਿਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਲੋਕਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਇਸ ਦੌਰਾਨ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸੈਲਾਨੀਆਂ ‘ਤੇ ਅਤਿਵਾਦੀ ਹਮਲਾ ਦੁਪਹਿਰ 3 ਵਜੇ ਦੇ ਕਰੀਬ ਬੈਸਰਨ ਘਾਟੀ ਵਿੱਚ ਹੋਇਆ, ਜਿਸ ਵਿੱਚ ਲੰਬੇ, ਹਰੇ ਭਰੇ ਘਾਹ ਦੇ ਮੈਦਾਨ ਹਨ। ਇਸ ਨੂੰ ‘ਮਿੰਨੀ ਸਵਿਟਜ਼ਰਲੈਂਡ’ ਵੀ ਕਿਹਾ ਜਾਂਦਾ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਹਥਿਆਰਬੰਦ ਅਤਿਵਾਦੀ ਬੈਸਰਨ ਘਾਟੀ ਵਿੱਚ ਪਹਾੜ ਤੋਂ ਹੇਠਾਂ ਆਏ ਅਤੇ ਘੋੜਿਆਂ ‘ਤੇ ਸਵਾਰ ਸੈਲਾਨੀਆਂ, ਖਾਣ-ਪੀਣ ਵਾਲੀਆਂ ਥਾਵਾਂ ਅਤੇ ਪਿਕਨਿਕ ਮਨਾਉਣ ਵਾਲਿਆਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ।
ਅਤਿਵਾਦੀ ਸਿਪਾਹੀਆਂ ਅਤੇ ਪੁਲਿਸ ਵਾਂਗ ਵਰਦੀਆਂ ਵਿੱਚ ਸਨ। ਇਸ ਹਮਲੇ ਵਿੱਚ ਸੈਲਾਨੀਆਂ ਦੇ ਨਾਲ-ਨਾਲ ਸਥਾਨਕ ਲੋਕ ਵੀ ਜ਼ਖਮੀ ਹੋਏ। ਕੁਝ ਘੋੜਿਆਂ ਨੂੰ ਵੀ ਗੋਲੀ ਮਾਰੀ ਗਈ ਹੈ। ਲੋਕਾਂ ਨੇ ਕਿਹਾ ਹੈ ਕਿ ਅਤਿਵਾਦੀਆਂ ਦੀ ਗਿਣਤੀ ਪੰਜ ਸੀ। ਜਿਵੇਂ ਹੀ ਇਹ ਖ਼ਬਰ ਫੈਲੀ, ਪਾਕਿਸਤਾਨ ਸਥਿਤ ਅਤਿਵਾਦੀ ਸਮੂਹ ਲਸ਼ਕਰ-ਏ-ਤੋਇਬਾ ਦੇ ਇੱਕ ਫਰੰਟ ਸੰਗਠਨ, ਦ ਰੇਸਿਸਟੈਂਸ ਫਰੰਟ (ਟੀਆਰਐਫ) ਨੇ ਇਸ ਅਤਿਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ। ਟੀਆਰਐਫ ਨੇ ਆਪਣੇ ਇੱਕ ਪੰਨੇ ਦੇ ਸੰਦੇਸ਼ ਵਿੱਚ ਇਹ ਵੀ ਲਿਖਿਆ ਹੈ ਕਿ ਜੰਮੂ-ਕਸ਼ਮੀਰ ਵਿੱਚ ਗੈਰ-ਸਥਾਨਕ ਲੋਕਾਂ ਨੂੰ ਵਸਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਦੀ ਹਿੰਸਾ ਬਾਹਰੀ ਲੋਕਾਂ ਵਿਰੁੱਧ ਕੀਤੀ ਜਾਵੇਗੀ ਜੋ ਇੱਥੇ ਗੈਰ-ਕਾਨੂੰਨੀ ਤੌਰ ‘ਤੇ ਵਸਣ ਦੀ ਕੋਸ਼ਿਸ਼ ਕਰਨਗੇ। ਸਥਾਨਕ ਪ੍ਰਸ਼ਾਸਨ ਨੇ ਸ਼੍ਰੀਨਗਰ ਵਿੱਚ ਇੱਕ ਐਮਰਜੈਂਸੀ ਕੰਟਰੋਲ ਰੂਮ ਸਥਾਪਤ ਕੀਤਾ ਹੈ ਅਤੇ ਲੋਕਾਂ ਦੀ ਮਦਦ ਲਈ ਫ਼ੋਨ ਨੰਬਰ ਵੀ ਜਾਰੀ ਕੀਤੇ ਹਨ। ਇਹ 0194-2457543, 0194-2483651 ਹਨ ਅਤੇ ਮੋਬਾਈਲ ਨੰਬਰ 7006058623 ਵੀ ਦਿੱਤਾ ਗਿਆ ਹੈ।