
ਪੋਪ ਫਰਾਂਸਿਸ, ਜੋ ਈਸਟਰ ਦੇ ਸੋਮਵਾਰ 88 ਵਰ੍ਹਿਆਂ ਦੀ ਉਮਰ ’ਚ ਦੁਨੀਆ ਤੋਂ ਰੁਖ਼ਸਤ ਹੋ ਗਏ, ਨਾ ਸਿਰਫ਼ ਪਹਿਲੇ ਲਾਤੀਨੀ ਅਮਰੀਕੀ ਬਿਸ਼ਪ ਸਨ, ਬਲਕਿ ਕਈ ਹੋਰ ਮਾਇਨਿਆਂ ’ਚ ਵੀ ਉਹ ਆਧੁਨਿਕ ਦੌਰ ਦੇ ਸਭ ਤੋਂ ਨਿਰਾਲੇ ਪੋਪ ਸਨ। ਕਾਰਡੀਨਲ ਕੇਵਿਨ ਫੈਰਲ ਮੁਤਾਬਿਕ, ਕੁਝ ਸਮੇਂ ਤੋਂ ਉਹ ਬਿਮਾਰ ਸਨ ਤੇ ਸੋਮਵਾਰ ਸਵੇਰੇ ਉਨ੍ਹਾਂ ਆਖ਼ਿਰੀ ਸਾਹ ਲਏ। ਪੋਪ ਫਰਾਂਸਿਸ ਨੇ ਐਤਵਾਰ ਨੂੰ ਈਸਟਰ ਮੌਕੇ ਵੈਟੀਕਨ ਦੀ ਬਾਲਕਨੀ ਤੋਂ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਸਨ।
ਇਸ ਦੌਰਾਨ ਉਹ ਵ੍ਹੀਲਚੇਅਰ ਉੱਤੇ ਸਨ ਤੇ ਅਮਰੀਕਾ ਦੇ ਉਪ ਰਾਸ਼ਟਰਪਤੀ ਨਾਲ ਉਨ੍ਹਾਂ ਦੀ ਸੰਖੇਪ ਮੁਲਾਕਾਤ ਵੀ ਹੋਈ ਸੀ। ਸੁਧਾਰਕ ਦਾ ਦਿਲ ਰੱਖਦੇ ਅਧਿਆਤਮਕ ਆਗੂ, ਜੌਰਜ ਮਾਰੀਓ ਬੇਰਗੋਲੀਓ ਨਿਮਰਤਾ ਤੇ ਹਮਦਰਦੀ ਦੀ ਮੂਰਤ ਸਨ ਅਤੇ ਵੈਟੀਕਨ ਦੀਆਂ ਰੂੜੀਵਾਦੀ ਰਵਾਇਤਾਂ ਨੂੰ ਉਨ੍ਹਾਂ ਸ਼ਾਂਤ ਰਹਿੰਦਿਆਂ ਹਮੇਸ਼ਾ ਚੁਣੌਤੀ ਦਿੱਤੀ। ਸੰਨ 2013 ਵਿੱਚ ਜਿਸ ਪਲ ਉਨ੍ਹਾਂ ਸੇਂਟ ਪੀਟਰਜ਼ ਗਿਰਜਾਘਰ ਦੀ ਬਾਲਕਨੀ ’ਚ ਪੈਰ ਧਰਿਆ, ਪੋਪ ਨਾਲ ਜੁੜੀ ਠਾਠ-ਬਾਠ ਨੂੰ ਨਕਾਰਿਆ ਅਤੇ ਗ਼ਰੀਬਾਂ ਦੇ ਸੰਤ ‘ਫਰਾਂਸਿਸ’ ਦਾ ਨਾਂ ਚੁਣਿਆ, ਉਨ੍ਹਾਂ ਦੇ ਸੁਨੇਹੇ ’ਚ ਕੋਈ ਸ਼ੰਕਾ ਨਹੀਂ ਸੀ ਕਿ ਪੋਪ ਦਾ ਇਹ ਕਾਰਜਕਾਲ ਫ਼ੈਸਲੇ ਸੁਣਾਉਣ ਨਾਲੋਂ ਰਹਿਮ, ਬੇਦਖ਼ਲੀ ਨਾਲੋਂ ਸ਼ਮੂਲੀਅਤ ਅਤੇ ਤਾਕਤਵਰਾਂ ਨਾਲੋਂ ਦਬੇ-ਕੁਚਲਿਆਂ ਨੂੰ ਵੱਧ ਤਰਜੀਹ ਦੇਵੇਗਾ।
ਉਨ੍ਹਾਂ ਨੂੰ ਅਜਿਹੇ ਪੋਪ ਵਜੋਂ ਯਾਦ ਰੱਖਿਆ ਜਾਵੇਗਾ ਜਿਸ ਨੇ ਕੈਦੀਆਂ ਦੇ ਪੈਰ ਧੋਤੇ, ਅਪੋਸਟੋਲਿਕ ਮਹਿਲ ਦੀ ਬਜਾਏ ਗੈਸਟ ਹਾਊਸ ’ਚ ਰਹੇ ਅਤੇ ਸਮਲਿੰਗੀਆਂ, ਕੈਥੋਲਿਕਾਂ, ਪਰਵਾਸੀਆਂ ਤੇ ਜਲਵਾਯੂ ਸੁਧਾਰਾਂ ਨੂੰ ਇਖ਼ਲਾਕੀ ਸਪੱਸ਼ਟਤਾ ਨਾਲ ਗਲ ਲਾਇਆ। ਵਾਤਾਵਰਨ ਸਬੰਧੀ ਅਗਵਾਈ ਤੇ ਆਰਥਿਕ ਨਾ-ਬਰਾਬਰੀ ਬਾਰੇ ਉਨ੍ਹਾਂ ਦੇ ਸੁਨੇਹਿਆਂ ਨੇ ਇੱਕੀਵੀਂ ਸਦੀ ’ਚ ਕੈਥੋਲਿਕ ਸਿਧਾਂਤ ਨੂੰ ਨਵੇਂ ਸਿਰਿਓਂ ਪ੍ਰਗਟ ਕੀਤਾ।
ਬਹੁਤਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਚਰਚ ਨੂੰ ਤਾਕਤਵਰ ਸੰਸਥਾ ਵਜੋਂ ਨਹੀਂ ਲਿਆ, ਬਲਕਿ ਫੀਲਡ ਹਸਪਤਾਲ ਵਜੋਂ ਦੇਖਿਆ। ਲੋਕਾਂ ਨੂੰ ਉਹ ਉੱਥੇ ਮਿਲੇ, ਜਿੱਥੇ ਉਹ ਦੁਖੀ ਸਨ। ਪੋਪ ਫਰਾਂਸਿਸ ਨੇ ਜ਼ਿਕਰਯੋਗ ਢੰਗ ਨਾਲ ਭਾਰਤ ਦੇ ਸਾਇਰੋ-ਮਾਲਾਬਾਰ ਚਰਚ ਵਿੱਚ ਉੱਠੇ ਵਿਵਾਦ ਨੂੰ ਹੱਲ ਕੀਤਾ, ਆਰਚਬਿਸ਼ਪ ਸਾਇਰਿਲ ਵਾਸਿਲ ਨੂੰ ਮਸਲਾ ਸੁਲਝਾਉਣ ਲਈ ਆਪਣਾ ਡੈਲੀਗੇਟ ਨਿਯੁਕਤ ਕੀਤਾ।
ਆਲੋਚਕਾਂ ਨੇ ਉਨ੍ਹਾਂ ਨੂੰ ਬਹੁਤ ਅਗਾਂਹਵਧੂ ਸਮਝਿਆ ਤੇ ਪਾਦਰੀਆਂ ਦੀਆਂ ਬਦਸਲੂਕੀਆਂ ’ਤੇ ਉਨ੍ਹਾਂ ਦਾ ਪਹਿਲਾ ਹੁੰਗਾਰਾ ਜਾਂਚ-ਪੜਤਾਲ ਦੇ ਘੇਰੇ ਵਿੱਚ ਆ ਗਿਆ। ਫਿਰ ਵੀ ਫਰਾਂਸਿਸ ਅਧੀਨ ਹੋਏ ਸੁਧਾਰ ਭਾਵੇਂ ਅਧੂਰੇ, ਪਰ ਅਸਲ ਸਨ। ਮਗਰੋਂ ਵੀ ਉਨ੍ਹਾਂ ਚਰਚ ਦੀ ਨੈਤਿਕ ਸੂਈ ਨੂੰ ਹਮਦਰਦੀ ਵੱਲ ਮੋਡਿ਼ਆ। ਟਕਰਾਅ ਦੇ ਖੇਤਰਾਂ ਦੇ ਉਨ੍ਹਾਂ ਦੇ ਦੌਰੇ ਅਤੇ ਅਸਹਿਜ ਸੱਚ ਬਿਆਨਣ ਦੀ ਉਨ੍ਹਾਂ ਦੀ ਇੱਛਾ ਨੇ ਉਨ੍ਹਾਂ ਨੂੰ ਕੈਥੋਲਿਕ ਦਾਇਰੇ ਤੋਂ ਵੀ ਬਾਹਰ ਦੀ ਇਖ਼ਲਾਕੀ ਤਾਕਤ ਬਖ਼ਸ਼ੀ।