
ਲੁਧਿਆਣਾ, 22 ਅਪ੍ਰੈਲ – ਪੰਜਾਬ ਦੇ ਲੁਧਿਆਣਾ ‘ਚ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਗੁੰਮਸ਼ੁਦਾ ਦੇ ਪੋਸਟਰ ਲੱਗ ਗਏ ਹਨ। ਇਹ ਪੋਸਟਰ ਭਾਜਪਾ ਦੇ ਵਰਕਰਾਂ ਵੱਲੋਂ ਸ਼ਹਿਰ ‘ਚ ਲਾਏ ਗਏ ਹਨ। ਰਾਜਾ ਵੜਿੰਗ ‘ਤੇ ਭਾਜਪਾ ਵਰਕਰਾਂ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵੜਿੰਗ ਆਪਣੀ ਕਰੋੜਾਂ ਦੀ ਡਿਫੈਂਡਰ ਗੱਡੀ ‘ਚ ਹੂਟਰ ਬਜਾ ਕੇ ਆਉਂਦੇ ਹਨ ਅਤੇ ਹੂਟਰ ਬਜਾ ਕੇ ਹੀ ਚਲੇ ਜਾਂਦੇ ਹਨ। ਲੁਧਿਆਣਾ ਦੇ ਲੋਕਾਂ ਨੇ ਅਜਿਹਾ MP ਨਹੀਂ ਚੁਣਿਆ ਸੀ ਜੋ ਲੋਕਾਂ ਨੂੰ ਹੀ ਭੁੱਲ ਜਾਵੇ।
ਭਾਜਪਾ ਆਗੂਆਂ ਵੱਲੋਂ ਕੱਸੇ ਤੰਜ਼
ਭਾਜਪਾ ਯੂਵਾ ਮੋਰਚਾ ਦੇ ਬੁਲਾਰੇ ਕਪਿਲ ਕਤਿਆਲ ਨੇ ਕਿਹਾ ਕਿ ਹੁਣੇ ਤਾਂ ਸਿਰਫ਼ 10 ਮਹੀਨੇ ਹੋਏ ਹਨ ਲੋਕਾਂ ਨੇ ਰਾਜਾ ਵੜਿੰਗ ਨੂੰ ਚੋਣ ਜਿਤਾਈ ਹੈ, ਪਰ ਹੁਣ ਲੋਕ ਉਨ੍ਹਾਂ ਤੋਂ ਸਵਾਲ ਕਰ ਰਹੇ ਹਨ ਕਿ ਉਨ੍ਹਾਂ ਦਾ ਦਫ਼ਤਰ ਕਿੱਥੇ ਹੈ, ਉਨ੍ਹਾਂ ਦੀ ਰਿਹਾਇਸ਼ ਕਿੱਥੇ ਹੈ ਅਤੇ ਉਨ੍ਹਾਂ ਦਾ ਮੋਬਾਈਲ ਨੰਬਰ ਤੱਕ ਲੋਕਾਂ ਨੂੰ ਨਹੀਂ ਪਤਾ। ਕਤਿਆਲ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਖੁਦ ਇੱਕ ਸਭਾ ਦੌਰਾਨ ਰਾਜਾ ਵੜਿੰਗ ਨੂੰ ਡ੍ਰਾਮੇਬਾਜ ਕਹਿ ਚੁੱਕੇ ਹਨ।
ਹੁਣ ਤਾਂ ਕਾਂਗਰਸ ਦੇ ਵਰਕਿੰਗ ਪ੍ਰਧਾਨ ਨੇ ਵੀ ਲੋਕਾਂ ਵਿੱਚ ਰਾਜਾ ਵੜਿੰਗ ਬਾਰੇ ਸੱਚ ਬੋਲਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜਾ ਵੜਿੰਗ ਦੱਸਣ ਕਿ ਲੁਧਿਆਣਾ ‘ਚ ਉਨ੍ਹਾਂ ਨੇ ਹੁਣ ਤੱਕ ਕਿੰਨੇ ਵਿਕਾਸ ਕਾਰਜ ਕੀਤੇ ਹਨ ਜਾਂ ਕਿੰਨੇ ਉਦਘਾਟਨ ਕੀਤੇ ਹਨ। ਕਤਿਆਲ ਨੇ ਦਾਅਵਾ ਕੀਤਾ ਕਿ ਰਾਜਾ ਵੜਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਡਰਦੇ ਹਨ, ਕਿਉਂਕਿ ਪਿਛਲੀ ਸਰਕਾਰ ਦੌਰਾਨ ਉਨ੍ਹਾਂ ਵਲੋਂ ਕੀਤੇ ਗਏ ਕੁਝ ਕੰਮਾਂ ਕਰਕੇ ਹੁਣ ਉਨ੍ਹਾਂ ਨੂੰ ਮੁੱਖ ਮੰਤਰੀ ਤੋਂ ਡਰ ਲੱਗਣ ਲੱਗ ਪਿਆ ਹੈ।