
ਨਵੀਂ ਦਿੱਲੀ, 22 ਅਪ੍ਰੈਲ – ਰਾਹੁਲ ਗਾਂਧੀ ਨੇ ਅਮਰੀਕਾ ਵਿੱਚ ਮਹਾਰਾਸ਼ਟਰ ਚੋਣਾਂ ਦੇ ਮੁੱਦੇ ਦਾ ਜ਼ਿਕਰ ਕਰਦਿਆਂ ਚੋਣ ਕਮਿਸ਼ਨ ’ਤੇ ਸਮਝੌਤਾ ਕਰਨ ਦਾ ਦੋਸ਼ ਲਗਾਇਆ। ਉਨ੍ਹਾ ਕਿਹਾ ਕਿ ਸਿਸਟਮ ਵਿੱਚ ਇੱਕ ਵੱਡੀ ਖਰਾਬੀ ਹੈ। ਅਮਰੀਕਾ ਪਹੁੰਚੇ ਰਾਹੁਲ ਗਾਂਧੀ ਦਾ ਸਵਾਗਤ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤ੍ਰੋਦਾ ਨੇ ਕੀਤਾ। ਰਾਹੁਲ ਗਾਂਧੀ ਨੇ ਅਮਰੀਕੀ ਸ਼ਹਿਰ ਬੋਸਟਨ ਵਿੱਚ ਬ੍ਰਾਊਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਇੱਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੇ ਚੋਣ ਕਮਿਸ਼ਨ ਦੀ ਪਾਰਦਰਸ਼ਤਾ ਦਾ ਮੁੱਦਾ ਉਠਾਇਆ। ਰਾਹੁਲ ਨੇ ਕਿਹਾ ਕਿ ਚੋਣ ਕਮਿਸ਼ਨ ਸਮਝੌਤਾ ਕਰ ਗਿਆ ਹੈ। ਰਾਹੁਲ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਬਾਲਗਾਂ ਨਾਲੋਂ ਵੱਧ ਲੋਕਾਂ ਨੇ ਚੋਣਾਂ ਵਿੱਚ ਵੋਟ ਪਾਈ। ਚੋਣ ਕਮਿਸ਼ਨ ਨੇ ਸ਼ਾਮ 5.30 ਵਜੇ ਵੋਟਿੰਗ ਦੇ ਅੰਕੜੇ ਜਾਰੀ ਕੀਤੇ। 65 ਲੱਖ ਵੋਟਰਾਂ ਨੇ ਸ਼ਾਮ 5:30 ਵਜੇ ਤੋਂ 7:30 ਵਜੇ ਦੇ ਵਿਚਕਾਰ ਆਪਣੀ ਵੋਟ ਪਾਈ, ਪਰ ਇਹ ਸਰੀਰਕ ਤੌਰ ’ਤੇ ਸੰਭਵ ਨਹੀਂ।
ਰਾਹੁਲ ਨੇ ਦਲੀਲ ਦਿੱਤੀ ਕਿ ਇੱਕ ਵੋਟ ਪਾਉਣ ਵਿੱਚ ਲਗਭਗ 3 ਮਿੰਟ ਲੱਗਦੇ ਹਨ। ਜੇ ਤੁਸੀਂ ਥੋੜ੍ਹਾ ਜਿਹਾ ਹਿਸਾਬ ਲਗਾਓ, ਤਾਂ ਇਸ ਦਾ ਮਤਲਬ ਹੈ ਕਿ ਲੋਕ ਸਵੇਰੇ 2 ਵਜੇ ਤੱਕ ਲਾਈਨਾਂ ਵਿੱਚ ਖੜ੍ਹੇ ਹੁੰਦੇ, ਪਰ ਅਜਿਹਾ ਨਹੀਂ ਹੋਇਆ। ਰਾਹੁਲ ਨੇ ਦੋਸ਼ ਲਗਾਇਆ ਕਿ ਜਦੋਂ ਅਸੀਂ ਪੁੱਛਿਆ ਕਿ ਕੀ ਵੀਡੀਓਗ੍ਰਾਫੀ ਚੱਲ ਰਹੀ ਹੈ, ਤਾਂ ਉਨ੍ਹਾਂ ਇਸ ਤੋਂ ਇਨਕਾਰ ਕਰ ਦਿੱਤਾ। ਉਸ ਨੇ ਨਾ ਸਿਰਫ ਇਨਕਾਰ ਕੀਤਾ, ਸਗੋਂ ਕਾਨੂੰਨ ਵੀ ਬਦਲ ਦਿੱਤਾ। ਤੁਹਾਨੂੰ ਹੁਣ ਵੀਡੀਓਗ੍ਰਾਫੀ ਬਾਰੇ ਪੁੱਛਣ ਦੀ ਇਜਾਜ਼ਤ ਨਹੀਂ ਹੈ। ਰਾਹੁਲ ਨੇ ਕਿਹਾ ਕਿ ਇਹ ਬਿਲਕੁਲ ਸਪੱਸ਼ਟ ਹੈ ਕਿ ਚੋਣ ਕਮਿਸ਼ਨ ਨੇ ਸਮਝੌਤਾ ਕੀਤਾ ਹੈ। ਇਹ ਵੀ ਸਪੱਸ਼ਟ ਹੈ ਕਿ ਸਿਸਟਮ ਵਿੱਚ ਇਕ ਵੱਡੀ ਖਰਾਬੀ ਹੈ। ਅਸੀਂ ਮੀਡੀਆ ਅਤੇ ਹੋਰ ਸਾਧਨਾਂ ਰਾਹੀਂ ਇਸ ਮੁੱਦੇ ਨੂੰ ਜਨਤਕ ਤੌਰ ’ਤੇ ਕਈ ਵਾਰ ਉਠਾਇਆ ਹੈ।