ਬੁੱਧ ਬਾਣ/ਜਦੋਂ ਭਾਵਨਾਵਾਂ ਭੜਕਾਈਆਂ ਜਾਣ/ਬੁੱਧ ਸਿੰੰਘ ਨੀਲੋਂ


ਸਿਆਣੇ ਆਖਦੇ ਹਨ ਕਿ ਅੱਗ ਲਗਾਇਆ ਲੱਗਦੀ ਹੈ ਤੇ ਭਾਵਨਾਵਾਂ ਭੜਕਾਉਣ ਨਾਲ ਭੜਕਦੀਆਂ ਹਨ। ਇਹ ਦੋਵੇਂ ਅਲਾਮਤਾਂ ਮਨੁੱਖੀ ਜ਼ਿੰਦਗੀ ਲਈ ਖ਼ਤਰਨਾਕ ਹੁੰਦੀਆਂ ਹਨ। ਇਸੇ ਕਰਕੇ ਆਖਦੇ ਹਨ ਕਿ ਅੱਗ ਲਾ ਕੇ ਡੱਬੂ ਕੰਧ ਤੇ। ਪੰਜਾਬ ਦੇ ਵਿੱਚ ਅੱਜਕਲ੍ਹ ਅੱਗ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਲਈ ਕੋਈ ਰੜਕ ਨਹੀਂ ਛੱਡੀ। ਮਾਲਵੇ ਦੇ ਵਿੱਚ ਹਜ਼ਾਰਾਂ ਏਕੜ ਕਣਕ ਸੜ ਕੇ ਸੁਆਹ ਹੋ ਗਈ। ਲੋਕਾਂ ਦੇ ਸੁਪਨਿਆਂ ਨੂੰ ਲਾਂਬੂ ਲੱਗ ਗਿਆ ਤੇ ਉਹਨਾਂ ਦੇ ਭਾਵਨਾਵਾਂ ਸੁਆਹ ਬਣ ਗਈਆਂ ਹਨ। ਹੁਣ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਚਿਣਗ ਲਗਾਈ ਜਾ ਰਹੀ ਹੈ। ਪੰਜਾਬ ਦੇ ਲੋਕਾਂ ਦੇ ਹੱਥਾਂ ਵਿੱਚ ਬਰੂਦ ਫੜਨ ਲਈ ਉਹਨਾਂ ਨੂੰ ਉਕਸਾਇਆ ਜਾ ਰਿਹਾ ਹੈ। ਇਹ ਸੱਚ ਹੈ ਕਿ ਭਾਵਨਾਵਾਂ ਭੜਕਦੀਆਂ ਨਹੀਂ, ਸਗੋਂ ਇਹ ਭੜਕਾਈਆਂ ਜਾਂਦੀਆਂ ਹਨ। ਅੱਗ ਭੜਕਣ ਪਿੱਛੇ ਵੀ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਜਿਵੇਂ ਜੰਗਲ਼ ਦੀ ਅੱਗ ਪਿੱਛੇ ਰੁੱਖਾਂ ਦੀ ਘਸਾਈ ਤੇ ਬਸਤੀਆਂ ਦੀ ਅੱਗ ਪਿੱਛੇ ਮਨੁੱਖੀ ਲੜਾਈ। ਅੱਗ ਆਪਣੇ ਆਪ ਕਦੇ ਵੀ ਨਹੀਂ ਲੱਗਦੀ, ਸਗੋਂ ਲਾਈ ਜਾਂਦੀ ਹੈ। ਗੱਲ ਜੇ ਸਮਝ ਨਾ ਲੱਗੇ ਤਾਂ ਕਈ ਢੰਗ ਤਰੀਕਿਆਂ ਨਾਲ਼ ਸਮਝਾਈ ਜਾਂਦੀ ਹੈ। ਤਰੀਕਾ ਨਰਮ ਤੇ ਗਰਮ ਕੋਈ ਵੀ ਹੋ ਸਕਦਾ ਹੈ ਪਰ ਗੱਲ ਤਾਂ ਸਮਝਣ ਤੇ ਸਮਝਾਉਣ ਦੀ ਹੈ।ਹੁਣ ਇਹ ਪਤਾ ਨਹੀਂ ਕਿਸ ਵਾਸਤੇ ਇਹ ਹੈ ਪਰ ਗੱਲ ਹੈ ਕਮਾਲ ਦੀ। ਅਖੇ… “ਅਕਲਾਂ ਬਾਝੋਂ ਖੂਹ ਖਾਲੀ” ਹੁਣ ਖੂਹ ਤੇ ਰਹੇ ਨਹੀਂ ਪਰ ਮਸਲੇ ਵੱਡੇ ਹੋ ਗਏ ਹਨ। ਵੱਡੇ ਸਿਰ ਦੀ ਵੱਡੀ ਪੀੜ। “ਜੇ ਗਧੇ ਨੂੰ ਖੂਹ ਵਿੱਚ ਸਿੱਟਣਾ ਹੋਵੇ ਤਾਂ ਉਹਨੂੰ ਕੰਨਾਂ ਤੋਂ ਫੜ੍ਹ ਕੇ ਮੂਹਰੇ ਨੂੰ ਖਿੱਚੀ ਦਾ ਹੈ!” ਇਹ ਗੱਲਾਂ ਬੇਬੇ ਪੰਜਾਬੋ ਆਖਿਆ ਕਰਦੀ ਸੀ। “ਲਾਈਲੱਗ ਨਾ ਹੋਵੇ ਘਰ ਵਾਲ਼ਾ ਤੇ ਚੰਦਰਾ ਗੁਆਂਢ ਬੁਰਾ।” ਮਾੜਾ ਸਲਾਹਕਾਰ ਵੀ ਬੰਦੇ ਨੂੰ ਖੱਜਲ਼ ਖੁਆਰ ਕਰਦਾ ਹੈ…!” ਕਿਸੇ ਦੀ ਦਿੱਤੀ ਪੁੱਠੀ ਸਲਾਹ ਵੀ ਖੂਹ ਵਿੱਚ ਲੈ ਡਿੱਗਦੀ ਹੈ! ਜਿਵੇਂ ਦਿੱਲੀ ਦੇ ਧਾੜਵੀਆਂ ਵੱਲੋਂ ਪੰਜਾਬ ਨੂੰ ਡੂੰਘੀ ਖਾਈ ਵਿੱਚ ਸੁੱਟਿਆ ਜਾ ਰਿਹਾ ਹੈ। ਸਮੇਂ ਦਾ ਹਾਕਮ ਨਸ਼ੇ ਵਿੱਚ ਧੁੱਤ ਹੋ ਕੇ ਤਾਂਡਵ ਨਾਚ ਕਰ ਰਿਹਾ ਹੈ। ਉਸਨੂੰ ਚੜ੍ਹੀ ਤੇ ਲੱਥੀ ਦਾ ਕੋਈ ਗਿਆਨ ਨਹੀਂ ਤੇ ਡੁੱਬ ਰਹੇ ਪੰਜਾਬ ਵੱਲ ਧਿਆਨ ਨਹੀਂ। ਉਂਝ ਕਈ ਵਾਰ ਸੋਚੀ ਦਾ ਹੈ ਕਿ ਸਾਡੀਆਂ ਭਾਵਨਾਵਾਂ ਏਨੀਆਂ ਕਮਜ਼ੋਰ ਕਿਉਂ ਹਨ ਜੋ ਨਿੱਕੀਆਂ ਨਿੱਕੀਆਂ ਗੱਲਾਂ ਤੇ ਭੜਕ ਪੈਂਦੀਆਂ ਹਨ ਤੇ ਹਿਰਦਿਆਂ ਨੂੰ ਵਲੂੰਧਰਨ ਦਾ ਕਾਰਨ ਬਣਦੀਆਂ ਹਨ ? ਪਰ ਮਗਰੋਂ ਅਸਲ ਸੱਚ ਕੁੱਝ ਹੋਰ ਨਿਕਲ਼ਦਾ ਹੈ। ਸਾਨੂੰ ਅਕਲ ਕਿਉਂ ਨਹੀਂ ਆਉਂਦੀ ? ਅਸਾਂ ਅਤੀਤ ਤੋਂ ਹੁਣ ਤੱਕ ਕੋਈ ਸਬਕ ਕਿਉਂ ਨਹੀਂ ਸਿੱਖਿਆ ? ਅਸੀਂ ਸੂਰਜ ਵੱਲ ਪਿੱਠ ਕਿਉਂ ਕਰੀ ਖੜੇ ਹਾਂ ? ਅਸੀਂ ਅੱਗੇ ਜਾਣ ਦੀ ਬਜਾਏ ਪਿੱਛੇ ਵੱਲ ਕਿਉਂ ਦੌੜ ਰਹੇ ਹਾਂ ? ਸਾਡਾ ਗਿਆਨ ਦਾ ਨੇਤਰ ਕਿਉਂ ਬੰਦ ਹੋਇਆ ਪਿਆ ਹੈ ਜਦੋਂ ਕਿ “ਕੈਪਟਨ ਸਾਬ੍ਹ” ਦੀ ਕਿਰਪਾ ਨਾਲ਼ ਪੰਜਾਬ ਸਿੱਖਿਆ ਪੱਖੋਂ ਦੇਸ ਵਿੱਚ ਪਹਿਲੇ ਨੰਬਰ ਉਤੇ ਆ ਗਿਆ ਸੀ।” ਸਾਡੇ ਅੰਦਰਲੇ ਮਨੁੱਖ ਨਾਲ਼ੋਂ ਬਾਹਰਲੇ ਮਨੁੱਖ ਵੱਧ ਸ਼ੈਤਾਨ ਹਨ। ਜਿਹੜੇ ਸਾਨੂੰ ਹਰ ਮੌਸਮ ਦੀ ਬੇਮੌਸਮੀ ਸਬਜੀ ਵਾਂਗੂੰ ਵੇਚ ਜਾਂਦੇ ਹਨ। ਕੀ ਅਸੀਂ ਬਾਜ਼ਾਰੀ ਸੌਦੇ ਸੂਤ ਵਾਂਗੂੰ ਸਿਰਫ਼ ਵਿਕਣ ਵਾਸਤੇ ਹੀ ਬਣੇ ਹਾਂ ? ਹੁਣ ਤੱਕ ਸੁਣਦੇ ਆਏ ਹਾਂ ਕਿ ਮੰਡੀ ਵਿੱਚ ਫਸਲਾਂ ਵਿਕਦੀਆਂ ਹਨ ਪਰ ਹੁਣ ਤੇ ਅਕਲਾਂ, ਸ਼ਕਲਾਂ ਤੇ ਨਸਲਾਂ ਵੀ ਵਿਕਣ ਲੱਗ ਪਈਆਂ ਹਨ। ਮੰਡੀ ਦੇ ਦਲਾਲ ਸਾਨੂੰ ਵੇਚ ਕੇ ਆਪਣੀ ਦਲਾਲੀ ਖ਼ਰੀ ਕਰਦੇ ਹਨ। ਅਸੀਂ ਬਾਰਦਾਨਿਆਂ ਵਿੱਚ ਪੈ ਕੇ ਗੋਦਾਮਾਂ ਵਿੱਚ ਪੁੱਜ ਜਾਂਦੇ ਹਾਂ। ਇਹਨਾਂ ਗੋਦਾਮਾਂ ਵਿੱਚੋ ਸਮੇਂ ਸਮੇਂ ਰੁੱਤ ਮੁਤਾਬਿਕ ਵਪਾਰੀ ਸਾਨੂੰ ਫੇਰ ਮੰਡੀ ਵਿੱਚ ਵੇਚਦੇ ਹਨ ਤੇ ਮੁਨਾਫ਼ਾ ਖੱਟਦੇ ਹਨ। ਮਨੁੱਖ ਭਾਵਨਾਵਾਂ ਦੀਆਂ ਘੁੰਮਣਘੇਰੀਆਂ ਵਾਲ਼ਾ ਵਹਿਣ ਹੁੰਦਾ ਹੈ ਜਿਹੜਾ ਹੜ੍ਹ ਦੇ ਨਾਲ਼ ਆਪਣੀ ਦਿਸ਼ਾ ਬਦਲ ਲੈਂਦਾ ਹੈ। ਅਸੀਂ ਹੜ੍ਹ ਦੇ ਪਾਣੀ ਵਾਂਗੂੰ ਹਰ ਵਾਰ ਦਿਸ਼ਾਹੀਣ ਕਿਉਂ ਹੁੰਦੇ ਹਾਂ।ਅਸੀਂ ਮਨੁੱਖ ਤੋਂ ਕਠਪੁਤਲੀਆਂ ਵਿੱਚ ਕਿਉਂ ਬਦਲ ਜਾਂਦੇ ਹਾਂ ? ਇਨ੍ਹਾਂ ਗੱਲਾਂ ਦਾ ਜਿਹਨਾਂ ਦੇ ਕੋਲ਼ ਜਵਾਬ ਹੈ, ਉਹ ਚੁੱਪ ਹਨ। ਅਸੀਂ ਉਦੋਂ ਤੱਕ ਵਰਤੇ ਜਾਂਦੇ ਰਹਾਂਗੇ ਜਦ ਤੱਕ ਆਪਣੀ ਅਕਲ ਤੋਂ ਕੰਮ ਨਹੀਂ ਲੈਂਦੇ! ਅਸੀਂ ਸਦਾ ਹੀ ਭਾਵਨਾਵਾਂ ਦੇ ਵਹਿਣ ਵਿੱਚ ਵਗਣ ਵਾਲੇ ਹਾਂ। ਨਫ਼ਾ ਨੁਕਸਾਨ ਦਾ ਕਦੇ ਫ਼ਿਕਰ ਨਹੀਂ ਕਰਦੇ।ਜਿੱਧਰ ਨੂੰ ਤੁਰਦੇ ਹਾਂ, ਹੜ੍ਹ ਬਣ ਜਾਂਦੇ ਹਾਂ। ਨਤੀਜਾ ਭਾਂਵੇਂ ਘਾਟਾ ਹੋਵੇ ਜਾਂ ਫਿਰ ਮੌਤ ! ਕੋਈ ਫਰਕ ਨਹੀਂ ਦੇਖਦੇ… ਜੱਟ ਗੰਨਾ ਨੀ ਪੱਟਣ ਦੇਂਦੇ ਪਰ ਭੇਲੀ ਦੇ ਦੇਂਦੇ ਆ, ਬਿਨਾਂ ਇਹ ਸੋਚੇ ਵਿਚਾਰੇ ਕਿ ਇਹ ਕਿੰਨੇ ਗੰਨਿਆਂ ਤੋਂ ਬਣੀ ਹੈ। ਹਰੀ ਕ੍ਰਾਂਤੀ ਲਿਆਉਣ ਵਾਲ਼ਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਅਸੀਂ ਆਪਣੀਆਂ ਨਸਲਾਂ ਤੇ ਫਸਲਾਂ, ਆਪਣੇ ਜੀਵਨ ਦਾਤਿਆਂ ਪੌਣ,ਪਾਣੀ, ਧਰਤੀ ਤੇ ਕੁੱਖ ਦੇ ਕਾਤਲ ਬਣ ਜਾਵਾਂਗੇ ? ਸਾਨੂੰ ਮੁਨਾਫ਼ੇ, ਲਾਲਸਾ ਤੇ ਲਾਲਚ ਨੇ ਮਾਰਿਆ ਜਾਂ ਮਰਵਾਇਆ ਹੈ। ਸਰਕਾਰ ਦੇ ਦਲਾਲਾਂ ਨੇ ਸਾਨੂੰ ਫਸਾਇਆ । ਅਗਲਿਆਂ ਵੱਧ ਝਾੜ ਦੇ ਲਾਲਚ ਵਿੱਚ ਪਹਿਲਾਂ ਰਾੜ੍ਹ ਦਿੱਤੇ, ਫੇਰ ਵੰਞ ਉਤੇ ਚਾੜ੍ਹ ਦਿੱਤੇ। ਹੁਣ ਘੁੰਮੀ ਜਾ ਰਹੇ ਹਾਂ ਦੋ ਫਸਲਾਂ ਤੇ ਦੋ ਸਿਆਸੀ ਪਾਰਟੀਆਂ ਦੇ ਚੱਕਰ ਵਿੱਚ। ਬਦਲਾਅ ਨੇ ਲੋਕਾਂ ਨੂੰ ਕਮਲੇ ਕਰ ਦਿੱਤਾ ਹੈ। ਬਦਲਾਅ ਬੌਂਦਲਿਆ ਫਿਰਦਾ ਹੈ, ਬੌਧਿਕ ਕੰਗਾਲੀ ਦਾ ਜਨਾਜ਼ਾ ਨਿਕਲ ਗਿਆ ਹੈ। ਵਿਦਵਾਨਾਂ ਦਾ ਕਾਲ ਪੈ ਗਿਆ ਹੈ।
ਦੇਸੀ ਜੱਟ ਘੁਲਾੜੀ ਪੱਟ…
ਲੱਗੇ ਖੋਲ੍ਹਣ ਡੱਟ…
ਕੌਣ ਕਿਸੇ ਤੋਂ ਘੱਟ…
ਅਗਲਿਆਂ ਕੱਢ ਤੇ ਵੱਟ…!
ਜਿਹਨਾਂ ਨੂੰ ਪਤਾ ਸੀ ਉਹਨਾਂ ਦੀ ਹਾਲਤ ਦੀਦਾਰ ਸੰਧੂ ਦੇ ਗੀਤ ਵਰਗੀ ਸੀ – “ਖੱਟੀ ਖੱਟ ਗਏ ਮੁਰੱਬਿਆਂ ਵਾਲ਼ੇ ਤੇ ਅਸੀਂ ਰਹਿ ਗਏ ਭਾਅ ਪੁੱਛਦੇ…!” ਉਹ ਸੀ ਸਿਆਸਤਦਾਨ, ਇਹ ਬਣੇ ਰਹੇ ਵੋਟਰ… ਸਪੋਟਰ… ਪ੍ਰੋਮੋਟਰ…! ਹੁਣ ਦੱਸੋ ਕਿਹੜਾ ਪਾਸਾ ਅਸੀਂ ਛੱਡਿਆ ਹੈ ਸਮਾਜ ਦਾ? ਜਿੱਧਰ ਦੇਖੋ ਤਬਾਹੀ ਲਿਆ ਦਿੱਤੀ… ਤੇ ਸਾਡੀ ਸੋਚ, ਸਮਝ ਪਹਿਰਾਵਾ, ਖਾਣ ਪੀਣ, ਜੀਣ ਥੀਣ, ਮਰਨ ਜੰਮਣ, ਗੀਤ ਸੰਗੀਤ, ਸਾਹਿਤ, ਸਿੱਖਿਆ, ਸੱਭਿਆਚਾਰ, ਬੋਲ ਚਾਲ, ਆਦਿ ਸਭ ਕੁੱਝ ਤਬਾਹ ਕਰ ਦਿੱਤਾ ਹੈ! ਹੁਣ ਅਸੀਂ ਕੀਰਨੇ ਪਾ ਰਹੇ ਤੇ ਹਰੀ ਕ੍ਰਾਂਤੀ ਨੂੰ ਕੋਸ ਰਹੇ ਹਾਂ ! ਕਾਤਲ ਬੇਗਾਨੇ ਨਹੀਂ ਸਾਡੇ ਹੀ ਖੂਨ ਤੇ ਅਖੂਨ ਦੇ ਰਿਸ਼ਤੇਦਾਰ ਹਨ। ਜਿਹਨਾਂ ਨੇ ਅੱਜ ਇਸ ਮੋੜ ਤੇ ਲਿਆ ਕੇ ਖੜ੍ਹਾਅ ਦਿੱਤੇ, ਨਾ ਅੱਗੇ ਜਾਣ ਜੋਗੇ ਤੇ ਨਾ ਪਿੱਛੇ ਮੁੜਨ ਜੋਗੇ ਛੱਡੇ ਆਂ! ਅਸੀਂ ਦੋਸ਼ ਇੱਕ ਦੂਜੇ ਤੇ ਲਾ ਕੇ ਪਾਸਾ ਵੱਟਦੇ ਰਹੇ ਪਰ ਸਹੀ ਨੂੰ ਸਹੀ ਤੇ ਗ਼ਲਤ ਨੂੰ ਗ਼ਲਤ ਕਹਿਣ ਦਾ ਹੌਸਲਾ ਨਾ ਕਰ ਸਕੇ, ਨਤੀਜੇ ਸਾਹਮਣੇ ਆ ਗਏ ! ਸਾਨੂੰ ਅਕਲ ਨਹੀਂ ਆਉਂਦੀ । ਸਾਡੀ ਵੀ ਕਿਆ ਬਾਤ ਹੈ ਕਿ ਸਮਾਜ ਗੰਦਲਾ ਕਰਨ ਵਾਲ਼ੇ ਵੀ ਅਸੀਂ ਤੇ ਸਾਫ਼ ਕਰਨ ਵਾਲੇ ਵੀ ਅਸੀਂ ਆਪ ਹੀ ਹਾਂ ਪਰ ਸਾਡੀ ਗੱਡੀ ਦੀ ਚਾਬੀ ਤੇ ਜੀਵਨ ਦੀ ਡੋਰ ਕਿਸੇ ਹੋਰ ਦੇ ਹੱਥ ਵਿੱਚ ਹੈ… ਪਤਾ ਸਾਨੂੰ ਵੀ ਹੈ ਕਿ ਅਸੀਂ ਵਰਤੇ ਜਾ ਰਹੇ ਹਾਂ। ਅਸੀਂ ਲਾਲਸਾਵਾਂ ਦੇ ਵੱਸ ਪੈ ਗਏ ਜਾਂ ਕਹਿ ਲਓ ਪਾ ਦਿੱਤੇ ਗਏ… ਗੱਲ ਇੱਕੋ ਹੈ! ਅਸੀਂ ਗਿਆਨੀ ਤੇ ਧਿਆਨੀ ਹਾਂ ਪਰ ਅਸੀਂ ਇੱਕਮੁੱਠ ਨਾ ਹੋਏ ! ਸਿਆਸੀ, ਕਿਸਾਨ, ਮਜ਼ਦੂਰ, ਮੁਲਾਜ਼ਮ, ਸਮਾਜਕ, ਧਾਰਮਿਕ ਤੇ ਪਤਾ ਨਹੀਂ ਕਿੰਨੀਆਂ ਕੁ ਵੰਨ ਸੁਵੰਨੀਆਂ ਜਥੇਬੰਦੀਆਂ ਬਣੀਆਂ । ਪਾੜੋ ਤੇ ਰਾਜ ਕਰੋ… ਦੀ ਨੀਤੀ ਹਰ ਥਾਂ ਭਾਰੂ ਰਹੀ ਹੈ। ਹਰ ਖੇਤਰ ਵਿੱਚ “ਨੌਂ ਪੂਰਬੀਏ ਅਠਾਰਾਂ ਚੁੱਲ੍ਹੇ” ਵਾਲ਼ੀ ਗੱਲ ਬਣੀ ਹੋਈ ਹੈ… ਨਤੀਜਾ ਜ਼ੀਰੋ ਹੈ ਕਿਉਂਕਿ ਇਹਨਾਂ ਜਥੇਬੰਦੀਆਂ ਦੇ ਬਹੁਤੇ ਆਗੂ ਵਿਕਾਊ ਤੇ ਦਿਲੋਂ ਸ਼ੈਤਾਨ ਹਨ। “ਕੂੜੇ ਦੇ ਢੇਰ” ਵਧ੍ਹ ਦੇ ਗਏ ! ਜੋ ਕਦੇ ਰਾਜ ਦੇ ਗਦਾਰ ਸਨ ਅੱਜ ਰਾਜ ਗੱਦੀ ਤੱਕ ਪੁਜ ਗਏ ਹਨ ਤੇ ਸੱਚੇ ਦੇਸ਼ ਭਗਤ ਬੁਰਕੀ ਬੁਰਕੀ ਲਈ ਤਰਸ ਰਹੇ ਹਨ ! ਅਸੀਂ ਵਿਰਸੇ ਤੇ ਵਿਰਾਸਤ ਦਾ ਮਾਣ ਕਰਦੇ ਹਾਂ ਪਰ ਵਰਤਮਾਨ ਵਿੱਚ ਲੋਕਾਂ ਦੀਆਂ ਭਾਵਨਾਵਾਂ ਹੀ ਨਹੀਂ ਸਗੋਂ ਉਨ੍ਹਾਂ ਦੀ ਕਿਰਤ ਤੇ ਇੱਜ਼ਤ ਵੀ ਲੁਟੀਂਦੀ ਪੀ ਹੈ…! ਲੁੱਟਣ ਤੇ ਕੁੱਟਣ ਵਾਲੇ ਵੀ ਅਸੀਂ ਆਪ ਤੇ ਭੁੱਖ ਨੰਗ ਤੇ ਬੀਮਾਰੀ ਨਾਲ਼ ਮਰਨ ਵਾਲੇ ਵੀ ਆਪਾਂ ਹੀ! ਚੋਰ, ਗਦਾਰ ਅਗੇ ਵਧ੍ਹ ਗਏ ਤੇ ਲੋਕਾਂ ਦੀ ਆਵਾਜ਼ ਬਣਨ ਵਾਲ਼ੇ ਲੋਕ ਹਾਸ਼ੀਏ ਤੇ ਚਲੇ ਗਏ !ਸਿੱਖਿਆ ਤੇ ਸਿਹਤ ਅਦਾਰੇ ਵਪਾਰ ਬਣ ਗਏ ! ਅਸੀਂ ਗਿਆਨ ਤੇ ਅਕਲ ਵਿਹੂਣੇ ਹੋ ਗਏ ਹਾਂ ! ਇਹਨਾਂ ਅਦਾਰਿਆਂ ਦੇ ਮਾਲਕ, ਅਧਿਕਾਰੀ ਤੇ ਕਰਮਚਾਰੀ ਬੁੱਚੜ ਬਣਕੇ ਆਪਣੇ ਹਮਵਤਨਾਂ ਦਾ ਸਰੀਰਕ,ਭ ਮਾਨਸਿਕ ਤੇ ਆਰਥਿਕ ਸੋਸ਼ਣ ਕਰਨ ਲੱਗੇ! ਇਹਨਾਂ ਦੀ ਨੈਤਿਕਤਾ ਖੰਭ ਲਾ ਕੇ ਕਿੱਧਰੇ ਉਡ ਗਈ ਹੈ ਜਾਂ ਇਹਨਾਂ ਸ਼ਰਮ ਦੀ ਲੋਈ ਲਾਹ ਕੇ ਜੇਬ੍ਹ ‘ਚ ਪਾ ਲਈ ਹੈ ? ਇਕ ਦੂਜੇ ਨੂੰ ਮਾਰ ਕੇ ਅੱਗੇ ਵਧ੍ਹਣ ਦੀ ਪਰਵਿਰਤੀ ਵਧ੍ਹੀ…! ਨਿੱਜੀ ਅਦਾਰੇ ਅਸਮਾਨ ਵੱਲ ਤੇ ਜਨਤਕ ਅਦਾਰੇ ਪਤਾਲ ਵੱਲ ਵਧ੍ਹਣ ਲੱਗੇ! ਹੁਣ ਤਾਂ ਹਾਲਾਤ ਹੀ ਭੁੱਖ ਤੇ ਦੁੱਖ ਨਾਲ਼ ਮਰਨ ਵਾਲੇ ਬਣ ਗਏ ਹਨ! ਘਰਾਂ ਵਿੱਚੋਂ ‘ਘਰ’ ਹੋਣ ਦੀ ਭਾਵਨਾ ਖਤਮ ਹੋ ਗਈ ਹੈ ਤੇ ਉਹ ਮਕਾਨਾਂ ਤੇ ਦੁਕਾਨਾਂ ਵਿੱਚ ਤਬਦੀਲ ਹੋ ਰਹੇ ਹਨ ! ਘਰ ਪੱਕੇ ਪਰ ਮਨ ਕੱਚੇ ਹੋ ਗਏ ਹਨ ..ਕੋਈ ਪਹਿਰਾਵਾ ਬਦਲ ਕੇ “ਪੱਕੇ” ਹੋ ਗਏ ! ਜਿੰਨ੍ਹਾਂ ਦੀ ਚਿੱਟੀ ਦਾਹੜੀ ਸੀ, ਚਿੱਟੇ ਵਸਤਰ ਸੀ ਤੇ ਹੱਥ ਵਿਚ ਸ਼ਸਤਰ ਸੀ ਉਹ ਹਰ ਪਾਸੇ ਕਾਬਜ਼ ਹੋ ਗਏ , ਧਰਮ ਦੇ ਨਾਮ ਤੇ ਵਪਾਰ, ਵਪਾਰ ਦੇ ਨਾਮ ਤੇ ਧਰਮ, ਪਹਿਲਾਂ ਕਿਰਤ ਖੋਹੀ, ਕਿਰਤ ਖੋਹ ਕੇ “ਮੁਫਤ ਦਾ ਲੰਗਰ” ਛਕਣ ਵਾਲ਼ੇ ਭਿਖਾਰੀ ਬਣਾ ਦਿੱਤੇ! ਲੋਕਾਂ ਨੂੰ ਖਵਾ ਕੇ ਰੱਬ ਦਾ ਸ਼ੁਕਰ ਕਰਨ ਵਾਲ਼ਿਆਂ ਦੇ ਹੱਥ ਠੂਠੇ ਫੜਾ ਦਿੱਤੇ, ਗਿਆਨ ਵਿਹੂਣੇ ਅਗਿਆਨੀ, ਸਿੱਖਿਆ ਸਾਸ਼ਤਰੀ ਬਣ ਬੈਠੇ। ਸਿੱਖਿਆ ਦੇ ਮੰਦਰ ਬੁੱਚੜਖਾਨਿਆਂ ਵਿੱਚ ਬਦਲ ਗਏ ! ਘਰਾਂ ਵਿੱਚੋਂ ਪੰਜਾਬੀ ਨੌਜਵਾਨ ਤੇ ਬਜ਼ੁਰਗ ਗਾਇਬ ਕਰ ਦਿੱਤੇ। “ਚੋਰ ਉਚੱਕਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ” ਦਾ ਬੋਲਬਾਲਾ ਹੈ ! ਅਸੀਂ ਵਸਤੂਆਂ ਵਾਂਗੂੰ ਹਰ ਥਾਂ ਵਰਤੇ ਜਾਂਦੇ ਹਾਂ । ਹੁਣ ਜਦੋਂ ਸਭ ਕੁੱਝ ਗਵਾ ਲਿਆ ਹੈ, ਸਮਾਜ ਨਰਕ ਬਣਾ ਲਿਆ ਹੈ… ਹੁਣ “ਮੈਨੂੰ ਮਾਣ ਪੰਜਾਬੀ ਹੋਣ ਦਾ” ਦੀ ਫੀਲਿੰਗ ਫੇਸਬੁੱਕ ਤਾਂ ਲਈ ਜਾ ਸਕਦੀ ਹੈ ਪਰ “ਆਪਣੀ ਪੀੜ੍ਹੀ ਹੇਠਾਂ ਸੋਟਾ” ਕੌਣ ਫੇਰੂ ? ਕੌਣ ਜੁੰਮੇਵਾਰੀ ਓਟੇਗਾ? ਕੋਈ ਵੀ ਨਹੀਂ ! ਕਿਉਂ ਕਿ ਇਸ ਹਮਾਮ ਵਿੱਚ ਬਹੁਤੇ ਜਣੇ ਨੰਗੇ ਹਨ ਤੇ ਕੁਝ ਚੰਗੇ ਵੀ ਹੈਨ ਪਰ ਘੱਟ ਹਨ ਪਰ ਕਦੋਂ ਤੱਕ ਅਸੀਂ ਸਮੇਂ ਦੇ ਸੱਚ ਨੂੰ ਨਜ਼ਰ ਅੰਦਾਜ਼ ਕਰਦੇ ਰਹਾਂਗੇ ? ਕਦੋਂ ਆਪੋ ਆਪਣੀਆਂ ਪੀੜ੍ਹੀਆਂ ਹੇਠਾਂ ਸੋਟਾ ਫੇਰਨ ਲੱਗਾਂਗੇ ? ਹੁਣ ਪੰਜਾਬ ਸਿਓਂ ਨੂੰ ਇੱਕ ਵਾਰ ਫੇਰ ਪਿੱਛੇ ਵੱਲ ਨੂੰ ਧੱਕਣ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ। ਕਿਸਾਨਾਂ ਤੇ ਮਜ਼ਦੂਰਾਂ ਦੀ ਜਿੱਤ ਜਰੀ ਨਹੀਂ ਜਾ ਰਹੀ। ਚੋਰ ਤੇ ਕੁੱਤੀ, ਰਾਜਾ ਤੇ ਰੰਕ, ਸਭ ਰਲ਼ਗੱਡ ਹੋ ਗਏ ਹਨ। ਪੁਜਾਰੀਆਂ, ਵਪਾਰੀਆਂ, ਅਧਿਕਾਰੀਆਂ ਤੇ ਲਿਖਾਰੀਆਂ ਦੀ ਆਪਣੀ ਵੱਖਰੀ ਚੌਕੜੀ ਹੈ। ਉਹ ਸਾਰੇ ਰਲ਼ ਮਿਲ਼ ਕੇ ਸਮਾਜ ਦੀ ਲਾਸ਼ ਚੁੱਕੀ ਤੁਰੇ ਜਾ ਰਹੇ ਹਨ । ਜਦ ਅਕਲ, ਸ਼ਕਲ, ਨਸਲ ਤੇ ਫਸਲ ਇੱਕ ਹੋ ਜਾਣ ਤਾਂ ਮੰਡੀ ਦੇ ਭਾਅ ਡਿੱਗਦੇ ਹਨ। ਫੇਰ ਸਭ ਕੁੱਝ ਘੱਟ ਰੇਟ ਉਤੇ ਵਿਕਦਾ ਹੈ। ਹੁਣ ਭਾਵਨਾਵਾਂ ਵੇਚਣ ਤੇ ਵਿਕਾਉਣ ਵਾਲੇ ਕਿਤੇ ਵੀ ਕਿਸੇ ਵੀ ਰੂਪ ਵਿੱਚ ਮਿਲ਼ ਸਕਦੇ ਹਨ।ਗੱਲ ਜਿਉਣ ਦੀ ਹੈ । ਸਾਡੀਆਂ ਭਾਵਨਾਵਾਂ ਕਿਉਂ ਕਮਜ਼ੋਰ ਤੇ ਹੌਲ਼ੀਆਂ ਹਨ ਜੋ ਨਿੱਕੀਆਂ ਨਿੱਕੀਆਂ ਗੱਲਾਂ ਨਾਲ਼ ਭੜਕਾਈਆਂ ਤੇ ਵਰਤੀਆਂ ਜਾਂਦੀਆਂ ਹਨ ! ਇਹ ਕਦੋਂ ਤੱਕ ਭੜਕਾਈਆਂ ਜਾਂਦੀਆਂ ਰਹਿਣਗੀਆਂ ? ਕਲਮਾਂ ਵਾਲਿਓ ,ਅਕਲਾਂ ਵਾਲ਼ਿਓ, ਸ਼ਕਲਾਂ ਵਾਲ਼ਿਓ ਕੋਈ ਜਵਾਬ ਤਾਂ ਦਿਓ ?

ਬੁੱਧ ਸਿੰਘ ਨੀਲੋਂ
94643 70823
ਸਾਂਝਾ ਕਰੋ

ਪੜ੍ਹੋ