ਪਰੌਂਠੇ ਵਾਲਾ ਪੇਪਰ/ਡਾ. ਇਕਬਾਲ ਸਿੰਘ ਸਕਰੌਦੀ

ਮੈਨੂੰ ਬਾਰ੍ਹਵਾਂ ਵਰ੍ਹਾ ਲੱਗਣ ਵਾਲਾ ਸੀ, ਜਦੋਂ ਮੇਰੇ ਸੱਤਵੀਂ ਜਮਾਤ ਦੇ ਸਾਲਾਨਾ ਇਮਤਿਹਾਨ ਆਰੰਭ ਹੋ ਰਹੇ ਸਨ। ਪਹਿਲਾ ਪੇਪਰ ਅੰਗਰੇਜ਼ੀ ਦਾ ਸੀ। ਬੀਜੀ ਨੇ ਬੜੀ ਰੀਝ ਨਾਲ ਗੁੜ ਵਾਲੇ ਮਿੱਠੇ ਚੌਲ ਬਣਾਏ। ਘਰ ਵਿੱਚ ਮੱਝਾਂ ਗਊਆਂ ਹੋਣ ਕਾਰਨ ਦਹੀਂ ਹਰ ਰੋਜ਼ ਜਮਾਇਆ ਜਾਂਦਾ ਸੀ। ਮਾਂ ਨੇ ਸ਼ਗਨ ਵਜੋਂ ਦਹੀਂ ਅਤੇ ਮਿੱਠੇ ਚੌਲਾਂ ਦਾ ਚਮਚਾ ਆਪਣੇ ਹੱਥ ਨਾਲ ਮੇਰੇ ਮੂੰਹ ਵਿੱਚ ਪਾਇਆ। ਆਸ਼ੀਰਵਾਦ ਦਿੱਤਾ। ਚੰਗਾ ਪੇਪਰ ਕਰਨ ਲਈ ਸ਼ੁਭ ਇੱਛਾਵਾਂ ਦਿੱਤੀਆਂ। ਮੈਂ ਚੌਲਾਂ ਦੀ ਭਰੀ ਪਲੇਟ ਦਹੀਂ ਨਾਲ ਖਾ ਕੇ ਸਕੂਲ ਚਲਾ ਗਿਆ। ਪੜ੍ਹਾਈ ਵਿੱਚ ਮੁੱਢ ਤੋਂ ਹੀ ਲਾਇਕ ਸੀ। ਪੇਪਰ ਬਹੁਤ ਵਧੀਆ ਹੋਇਆ। ਪੇਪਰ ਦੇ ਕੇ ਚਾਈਂ-ਚਾਈਂ ਘਰ ਆ ਗਿਆ। ਘਰ ਆ ਕੇ ਬੀਜੀ ਨੂੰ ਵਧੀਆ ਪੇਪਰ ਹੋਣ ਦਾ ਸ਼ੁਭ ਸੁਨੇਹਾ ਲਾਇਆ। ਦੁਪਹਿਰ ਦੀ ਰੋਟੀ ਸਬਜ਼ੀ ਨਾਲ ਖਾ ਕੇ ਕੁਝ ਸਮੇਂ ਲਈ ਸੌਂ ਗਿਆ। ਸ਼ਾਮ ਨੂੰ ਜਦੋਂ ਪਾਪਾ ਜੀ ਘਰ ਆਏ ਤਾਂ ਉਨ੍ਹਾਂ ਮੇਰੇ ਪੇਪਰ ਬਾਰੇ ਪੁੱਛਿਆ। ਮੈਂ ਕਿਹਾ, “ਮੈਨੂੰ ਸਾਰਾ ਪੇਪਰ ਆਉਂਦਾ ਸੀ। ਪੇਪਰ ਬਹੁਤ ਵਧੀਆ ਹੋਇਆ।

ਅਗਲੇ ਦਿਨ ਗਣਿਤ ਦਾ ਪੇਪਰ ਸੀ। ਸਮੇਂ ਸਿਰ ਸਕੂਲ ਦੀ ਵਰਦੀ ਪਹਿਨ ਕੇ ਤਿਆਰ ਹੋ ਗਿਆ। ਨਾਸ਼ਤੇ ਲਈ ਰਸੋਈ ਵਿੱਚ ਗਿਆ। ਬੀਜੀ ਨੇ ਆਲੂਆਂ ਵਾਲਾ ਪਰੌਂਠਾ, ਦਹੀਂ ਦੀ ਕੌਲੀ ਅਤੇ ਮੱਖਣੀ ਥਾਲੀ ਵਿੱਚ ਪਰੋਸ ਕੇ ਦੇ ਦਿੱਤੀ। ਮੈਂ ਬੜੀ ਰੀਝ ਨਾਲ ਪਰੌਂਠਾ ਦਹੀਂ ਮੱਖਣੀ ਖਾ ਰਿਹਾ ਸਾਂ। ਅਚਾਨਕ ਪਾਪਾ ਜੀ ਆ ਗਏ। ਉਨ੍ਹਾਂ ਮੇਰੇ ਬੀਜੀ ਨੂੰ ਪੁੱਛਿਆ, “ਅੱਜ ਮਿੱਠੇ ਚੌਲ ਕਿਉਂ ਨਹੀਂ ਬਣਾਏ?”

“ਜੀ, ਇਕਬਾਲ ਦਾ ਕੱਲ੍ਹ ਪਹਿਲਾ ਪੇਪਰ ਸੀ, ਕੱਲ੍ਹ ਬਣਾਏ ਸਨ। ਇਹ ਤਾਂ ਸ਼ਗਨ ਹੀ ਕਰਨਾ ਹੁੰਦਾ, ਸੋ ਕੱਲ੍ਹ ਕਰ ਲਿਆ ਸੀ।”

ਵਿਗਿਆਨਕ ਸੋਚ ਦੇ ਧਾਰਨੀ ਪਾਪਾ ਜੀ ਬੋਲੇ, “ਓ ਭਲੀਏ ਲੋਕੇ… ਇਹ ਗੁੜ ਵਾਲੇ ਮਿੱਠੇ ਚੌਲ ਅਤੇ ਦਹੀਂ ਤਾਂ ਇਸ ਲਈ ਬੱਚਿਆਂ ਨੂੰ ਦਿੱਤੇ ਜਾਂਦੇ ਹਨ ਤਾਂ ਜੋ ਬੱਚੇ ਨੂੰ ਪੇਪਰ ਵਿੱਚ ਸੁਸਤੀ ਨਾ ਪਵੇ, ਉਸ ਨੂੰ ਨੀਂਦ ਨਾ ਆਵੇ।” ਆਲੂ ਵਾਲਾ ਪਰੌਂਠਾ ਮੈਨੂੰ ਬੇਸ਼ੱਕ ਬਹੁਤ ਸੁਆਦੀ ਲੱਗ ਰਿਹਾ ਸੀ ਪਰ ਪਾਪਾ ਜੀ ਦੇ ਕਹੇ ਸ਼ਬਦ ‘ਗੁੜ ਵਾਲੇ ਮਿੱਠੇ ਚੌਲ ਅਤੇ ਦਹੀਂ ਤਾਂ ਇਸ ਲਈ ਬੱਚਿਆਂ ਨੂੰ ਦਿੱਤੇ ਜਾਂਦੇ ਤਾਂ ਜੋ ਬੱਚੇ ਨੂੰ ਪੇਪਰ ਵਿੱਚ ਸੁਸਤੀ ਨਾ ਪਵੇ’ ਮੇਰੇ ਦਿਲ ਵਿੱਚ ਉੱਤਰ ਗਏ। ਮੈਂ ਨਾਸ਼ਤਾ ਕਰ ਕੇ ਪੇਪਰ ਦੇਣ ਚਲਾ ਗਿਆ। ਪੇਪਰ ਵਿੱਚ ਆਏ ਗਣਿਤ ਦੇ ਸਾਰੇ ਸਵਾਲ ਮੈਨੂੰ ਆਉਂਦੇ ਸਨ। ਪੇਪਰ ਦੇ ਕੇ ਮੈਂ ਘਰ ਪੁੱਜ ਗਿਆ ਪਰ ਘਰ ਦਾ ਬੂਹਾ ਵੜਦਿਆਂ ਹੀ ਮੈਂ ਆਪਣੇ ਬੁੱਲ੍ਹ ਟੇਰ ਲਏ। ਚਿਹਰੇ ਤੋਂ ਖ਼ੁਸ਼ੀ ਇੱਕਦਮ ਲੋਪ ਹੋ ਗਈ। ਬੀਜੀ ਨੇ ਮੇਰਾ ਉੱਤਰਿਆ ਚਿਹਰਾ ਦੇਖ ਕੇ ਮੈਨੂੰ ਗੋਦੀ ਵਿੱਚ ਲੈ ਲਿਆ। ਮੱਥੇ ਨੂੰ ਹੱਥ ਲਾ ਕੇ ਟੋਹਿਆ, “ਕੀ ਹੋਇਆ? ਤੇਰਾ ਤਾਂ ਚਿਹਰਾ ਉੱਤਰਿਆ ਪਿਐ। ਤੇਰਾ ਪੇਪਰ ਠੀਕ ਨਹੀਂ ਹੋਇਆ?”

ਮੈਂ ਮਰੀਅਲ ਜਿਹੀ ਆਵਾਜ਼ ਵਿੱਚ ਕਿਹਾ, “ਬੀਜੀ, ਪੇਪਰ ਤਾਂ ਮੈਨੂੰ ਸਾਰਾ ਆਉਂਦਾ ਸੀ ਪਰ ਮੈਨੂੰ ਤਾਂ ਅੱਜ ਸੁਸਤੀ ਹੀ ਪਈ ਰਹੀ। ਇਸ ਲਈ ਪੇਪਰ ਵੀ ਅੱਜ ਠੀਕ-ਠੀਕ ਹੀ ਹੋਇਆ। “ਓਹ ਹੋ… ਤੇਰੇ ਪਾਪਾ ਤਾਂ ਸਵੇਰੇ ਹੀ ਕਹਿ ਰਹੇ ਸਨ ਕਿ ਆਟਾ ਖਾਣ ਨਾਲ ਬੱਚਿਆਂ ਨੂੰ ਸੁਸਤੀ ਪੈਂਦੀ ਹੈ। ਜਿੰਨੇ ਦਿਨ ਤੇਰੇ ਪੇਪਰ ਚੱਲਣੇ ਨੇ, ਮੈਂ ਹਰ ਰੋਜ਼ ਮਿੱਠੇ ਚੌਲ ਹੀ ਬਣਾਇਆ ਕਰਾਂਗੀ।” ਬੀਜੀ ਨੇ ਮੇਰਾ ਪੇਪਰ ਚੰਗਾ ਨਾ ਹੋਣ ਲਈ ਖ਼ੁਦ ਨੂੰ ਦੋਸ਼ੀ ਮੰਨ ਲਿਆ ਸੀ। ਬੀਜੀ ਦੇ ਮੂੰਹੋਂ ਸਾਰੇ ਪੇਪਰਾਂ ਵਿੱਚ ਗੁੜ ਵਾਲੇ ਮਿੱਠੇ ਚੌਲ ਬਣਾਉਣ ਦੀ ਗੱਲ ਸੁਣ ਕੇ ਮੇਰੇ ਮਨ ਵਿੱਚ ਆਇਆ, ਕਿਲਕਾਰੀ ਮਾਰ ਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਾਂ ਪਰ ਝੱਟ ਹੀ ਮਨ ਨੇ ਮੈਨੂੰ ਝਿੜਕਿਆ- ‘ਝੱਲਿਆ! ਕੀਤੀ ਕਰਾਈ ਸਾਰੀ ਅਦਾਕਾਰੀ ’ਤੇ ਪੋਚਾ ਫਿਰ ਜੂ’ਗਾ।’ ਮੈਂ ਬੜੀ ਮੁਸ਼ਕਿਲ ਨਾਲ ਆਪਣੀ ਖ਼ੁਸ਼ੀ ਨੂੰ ਆਪਣੇ ਅੰਦਰ ਸਮੇਟ ਸਕਿਆ।

ਸ਼ਾਮ ਨੂੰ ਪਾਪਾ ਜੀ ਘਰ ਆਏ। ਇਸ ਤੋਂ ਪਹਿਲਾਂ ਕਿ ਉਹ ਪੇਪਰ ਬਾਰੇ ਕੁਝ ਪੁੱਛਦੇ, ਬੀਜੀ ਨੇ ਆਪੇ ਗੱਲ ਛੋਹ ਲਈ। ਪਾਪਾ ਜੀ ਨੂੰ ਪਾਣੀ ਦਾ ਗਿਲਾਸ ਦਿੰਦਿਆਂ ਉਨ੍ਹਾਂ ਕਿਹਾ- “ਥੋਡੀ ਗੱਲ ਬਿਲਕੁਲ ਠੀਕ ਐ ਜੀ। ਅੱਜ ਆਲੂ ਵਾਲਾ ਪਰੌਂਠਾ ਦਹੀਂ ਮੱਖਣੀ ਖਾ ਕੇ ਮੇਰੇ ਪੁੱਤ ਨੂੰ ਪੇਪਰ ਵਿੱਚ ਸੁਸਤੀ ਪਈ ਰਹੀ। ਉਹਦਾ ਅੱਜ ਦਾ ਪੇਪਰ ਵੀ ਏਸੇ ਕਰ ਕੇ ਕੁਛ ਠੀਕ ਨਹੀਂ ਹੋਇਆ। ਬਾਕੀ ਰਹਿੰਦੇ ਸਾਰੇ ਪੇਪਰਾਂ ਵਿੱਚ ਮੈਂ ਆਪਣੇ ਪੁੱਤ ਨੂੰ ਦਹੀਂ ਚੌਲ ਹੀ ਖੁਆ ਕੇ ਭੇਜਿਆ ਕਰਾਂਗੀ।”

ਸਾਂਝਾ ਕਰੋ

ਪੜ੍ਹੋ