ਪ੍ਰਤਾਪ ਸਿੰਘ ਬਾਜਵਾ ਦੇ ਸਨਸਨੀਖੇਜ਼ ਬਿਆਨ ’ਤੇ ਬਖੇੜਾ

ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਕ ਇੰਟਰਵਿਊ ਦੌਰਾਨ ਸੂਬੇ ’ਚ 50 ਬੰਬ ਆਉਣ ਬਾਰੇ ਦਿੱਤੇ ਗਏ ਬਿਆਨ ਕਾਰਨ ਉਨ੍ਹਾਂ ’ਤੇ ਐੱਫਆਈਆਰ ਤੋਂ ਬਾਅਦ ਇਹ ਮਾਮਲਾ ਹੋਰ ਭਖ ਗਿਆ ਹੈ। ਬਾਜਵਾ ਦਾ ਇਹ ਬਿਆਨ ਉਦੋਂ ਆਇਆ ਜਦੋਂ ਸੂਬੇ ’ਚ ਲਗਾਤਾਰ ਗ੍ਰਨੇਡ ਹਮਲਿਆਂ ਕਾਰਨ ਸੁਰੱਖਿਆ ਪ੍ਰਬੰਧ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਜਲੰਧਰ ’ਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ’ਤੇ ਧਮਾਕੇ ਤੋਂ ਬਾਅਦ ‘ਆਪ’ ਸਰਕਾਰ ਲਈ ਸੁਰੱਖਿਆ ਪ੍ਰਬੰਧ ਪੁਖਤਾ ਕਰਨੇ ਚੁਣੌਤੀ ਬਣੇ ਹੋਏ ਹਨ।  ਬਾਜਵਾ ਦੇ ਬਿਆਨ ਮਗਰੋਂ ਸਰਕਾਰ ਲਗਾਤਾਰ ਉਨ੍ਹਾਂ ਕੋਲੋਂ ਸਨਸਨੀਖਜ਼ ਖ਼ੁਲਾਸੇ ਦੇ ਸਰੋਤ ਬਾਰੇ ਪੁੱਛਣ ਦਾ ਯਤਨ ਕਰ ਰਹੀ ਹੈ। ਅਧਿਕਾਰੀਆਂ ਵੱਲੋਂ ਮੋਹਾਲੀ ਦੇ ਸਾਈਬਰ ਥਾਣੇ ’ਚ ਉਨ੍ਹਾਂ ਨੂੰ ਸਵਾਲ-ਜਵਾਬ ਕੀਤੇ ਗਏ।

ਇਸ ਪੁੱਛਗਿੱਛ ਦੌਰਾਨ ਥਾਣੇ ਦੇ ਬਾਹਰ ਕਾਂਗਰਸ ਤੇ ‘ਆਪ’ ਦੇ ਵਰਕਰਾਂ ਨੇ ਇਕ-ਦੂਜੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਤੋਹਮਤਬਾਜ਼ੀ ਕੀਤੀ ਹੈ। ਕਾਂਗਰਸੀਆਂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ‘ਉਹ ਨਾ ਡਰੇ ਹਨ ਤੇ ਨਾ ਹੀ ਡਰਨਗੇ।’ ‘ਸੂਬੇ ’ਚ 50 ਬੰਬ ਆਏ, 18 ਚੱਲੇ ਤੇ 32 ਬਾਕੀ ਹਨ’ ਵਾਲੇ ਬਾਜਵਾ ਦੇ ਇਸ ਬਿਆਨ ਨੇ ਸੂਬੇ ’ਚ ਨਵਾਂ ਮੁੱਦਾ ਤਾਂ ਛੇੜਿਆ ਹੀ ਹੈ, ਇਸ ਦੇ ਨਾਲ ਹੀ ਵਿਰੋਧੀਆਂ ਨੂੰ ਜ਼ਰੂਰ ਇਕ ਮੰਚ ’ਤੇ ਇਕੱਠੇ ਕਰ ਦਿੱਤਾ ਹੈ।

ਲੁਧਿਆਣਾ ਦੀ ਜ਼ਿਮਨੀ ਚੋਣ ਵੀ ਸਿਰ ’ਤੇ ਹੈ ਤੇ ਹੁਣ ਤੱਕ ਕਾਂਗਰਸ ਦੀ ਖ਼ਾਨਾਜੰਗੀ ਵੀ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਹੁਣ ਬਾਜਵਾ ਦੇ ਸਮਰਥਨ ’ਚ ਉਨ੍ਹਾਂ ਦੀ ਪਾਰਟੀ ਦੇ ਉਹ ਆਗੂ ਵੀ ਆ ਗਏ ਹਨ ਜਿਨ੍ਹਾਂ ਦੀ ਉਨ੍ਹਾਂ ਨਾਲ ਸਿਆਸੀ ਸੁਰ ਨਹੀਂ ਮਿਲਦੀ ਸੀ। ਪਿਛਲੇ ਦਿਨੀਂ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਵੀ ਸੂਬੇ ਦੇ ਮੁੱਖ ਮੰਤਰੀ ’ਤੇ ਵੱਡਾ ਇਲਜ਼ਾਮ ਲਗਾ ਚੁੱਕੇ ਹਨ। ਬਾਜਵਾ ਦੇ ਸਿਆਸੀ ਬੰਬ ਦੇ ਮਾਅਨੇ ਕੀ ਹਨ, ਇਹ ਹਾਲੇ ਜਾਂਚ ਦਾ ਵਿਸ਼ਾ ਹੈ ਪਰ ਸੂਬੇ ਦੇ ਸੁਰੱਖਿਆ ਪ੍ਰਬੰਧਾਂ ਨੂੰ ਨਿਸ਼ਾਨੇ ’ਤੇ ਲੈਂਦਾ ਇਹ ਬਿਆਨ ਕਿਤੇ ਨਾ ਕਿਤੇ ‘ਪਹਿਲਾਂ ਤੋਲੋ ਫਿਰ ਬੋਲੋ’ ਦੀ ਕਹਾਵਤ ਨੂੰ ਦਰਕਿਨਾਰ ਕਰ ਕੇ ਦਿੱਤਾ ਗਿਆ ਜਾਪਦਾ ਹੈ। ਬਾਜਵਾ ਕਾਂਗਰਸ ਦੇ ਉਨ੍ਹਾਂ ਆਗੂਆਂ ’ਚੋਂ ਹਨ ਜਿਨ੍ਹਾਂ ਨੇ ਕਾਂਗਰਸ ਦਾ ਔਖੇ ਤੋਂ ਔਖੇ ਸਮੇਂ ਵਿਚ ਵੀ ਸਾਥ ਨਹੀਂ ਛੱਡਿਆ ਹੈ। ਵਿਧਾਨ ਸਭਾ ਵਿਚ ਵੀ ਉਨ੍ਹਾਂ ਦਾ ਸੰਵਿਧਾਨਕ ਅਹੁਦਾ ਬੇਹੱਦ ਸਤਿਕਾਰਤ ਹੈ ਤੇ ਕਈ ਵਿਰੋਧੀ ਪਾਰਟੀਆਂ ਦੇ ਲੀਡਰ ਵੀ ਉਨ੍ਹਾਂ ਦੀ ਇੱਜ਼ਤ ਕਰਦੇ ਹਨ ਪਰ ਇਸ ਤਰ੍ਹਾਂ ਦੇ ਬਿਆਨ ਆਉਣੇ ਕਿਤੇ ਨਾ ਕਿਤੇ ਗ਼ੈਰ-ਜ਼ਿੰਮੇਵਾਰਾਨਾ ਲੱਗਦੇ ਹਨ।

ਬਾਜਵਾ ਵਿਧਾਨ ਸਭਾ ਦੇ ਇਜਲਾਸ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਠੇਕੇਦਾਰ ਕਹਿ ਕੇ ਵੀ ਮੌਜੂਦਾ ਸਰਕਾਰ ਦੇ ਨਿਸ਼ਾਨੇ ’ਤੇ ਆ ਗਏ ਸਨ। ਉਸ ਵੇਲੇ ਵੀ ਕਈ ਵਿਧਾਇਕਾਂ ਨੇ ਉਨ੍ਹਾਂ ਖ਼ਿਲਾਫ਼ ਨਿੰਦਾ ਪ੍ਰਸਤਾਵ ਪਾਸ ਕਰ ਕੇ ਆਪਣੇ ਬਿਆਨ ’ਤੇ ਮਾਫ਼ੀ ਮੰਗਣ ਲਈ ਕਿਹਾ ਸੀ। ਹੁਣ ਇਹ ਨਵਾਂ ਬਖੇੜਾ ਕਾਂਗਰਸ ਪਾਰਟੀ ਲਈ ਵੀ ਸਿਰਦਰਦੀ ਬਣ ਸਕਦਾ ਹੈ। ਜੇ ਬਾਜਵਾ ਕੋਲ ਕੋਈ ਜਾਣਕਾਰੀ ਸੀ ਤਾਂ ਉਹ ਸਰਕਾਰ ਨੂੰ ਪੰਜਾਬ ਦੇ ਹਿੱਤ ਲਈ ‘ਅੰਦਰਖਾਤੇ’ ਇਸ ਤੋਂ ਜਾਣੂ ਕਰਵਾ ਸਕਦੇ ਸਨ ਪਰ ਇਸ ਤਰ੍ਹਾਂ ਦਾ ਬਿਆਨ ਦੇ ਕੇ ਭੰਬਲਭੂਸੇ ਦੀ ਸਥਿਤੀ ਪੈਦਾ ਕਰਨੀ ਵੀ ਕੋਈ ਵੱਡੀ ਸਮਝਦਾਰੀ ਨਹੀਂ ਹੈ।

ਸਾਂਝਾ ਕਰੋ

ਪੜ੍ਹੋ