ਬੁੱਧ ਬਾਣ/ਦਰਿਆ ਸਦਾ ਵਗਦੇ ਨੇ/ਬੁੱਧ ਸਿੰਘ ਨੀਲੋਂ

ਪਹਾੜਾਂ ਉਤੇ ਜਦੋਂ ਬਰਫ਼ ਪੈਂਦੀ ਹੈ, ਸੂਰਜ ਚਮਕਦਾ ਹੈ। ਬਰਫ ਬੂੰਦ ਬੂੰਦ ਪਿਘਲਦੀ ਇਕ ਬੂੰਦ ਹੁੰਦੀ ਹੈ। ਇਹ ਬੂੰਦ ਬੂੰਦ ਹੌਲੀ ਹੌਲੀ ਧਰਤੀ ਦੀ ਹਿੱਕ ਵੱਲ ਨੂੰ ਵਧਦੀ ਹੈ । ਉਹ ਕਦੇ ਕੂਲ ਬਣਦੀ, ਕੱਸੀ ਬਣਦੀ ਹੈ, ਕਦੇ ਨਦੀ ਤੇ ਕਦੀ ਦਰਿਆ। ਦਰਿਆਵਾਂ ਦਾ ਕੋਈ ਵਹਿਣ ਨਹੀਂ ਹੁੰਦਾ। ਕੋਈ ਕਿਨਾਰਾ ਨਹੀਂ ਹੁੰਦਾ। ਉਹ ਤਾਂ ਹਰ ਵੇਲੇ ਉਨ੍ਹਾਂ ਥਾਵਾਂ ਵੱਲ ਵਧਦੇ ਹਨ, ਜਿੱਥੇ ਪਾਣੀ ਦੀ ਲੋੜ ਹੁੰਦੀ ਹੈ। ਦਰਿਆਵਾਂ ਦੇ ਕਿਨਾਰੇ ਖੜੇ ਰੁੱਖ ਤੇ ਮਨੁੱਖ ਉਹਨਾਂ ਨਾਲ ਆਪਣੀਆਂ ਸਾਂਝਾਂ ਪਾਉਂਦੇ ਨੇ ਤੇ ਵਜਦ ਵਿੱਚ ਆ ਕੇ ਗੀਤ ਵੀ ਗਾਉਂਦੇ ਹਨ। ਬਹੁਤਿਆਂ ਨੂੰ ਭਰਮ ਹੈ ਕਿ ਉਹ ਦਰਿਆਵਾਂ ਦਾ ਰੁੱਖ ਮੋੜ ਸਕਦੇ ਹਨ ਪਰ ਉਹ ਦਰਿਆਵਾਂ ਨੂੰ ਨਾ ਨੱਕਾ ਮਾਰ ਸਕਦੇ ਹਨ ਤੇ ਨਾ ਹੀ ਉਹਨਾਂ ਨੂੰ ਕਿਧਰੇ ਕੈਦ ਕਰ ਸਕਦੇ ਹਨ ।

ਦਰਿਆ ਜਦੋਂ ਆਪਣੀ ਆਈ ਤੇ ਆਉਂਦੇ ਨੇ ਤਾਂ ਉਹ ਤਰਥੱਲੀ ਮਚਾ ਦਿੰਦੇ ਹਨ। ਸ਼ਬਦਾਂ ਦੇ ਇਸ ਸੰਸਾਰ ਵਿੱਚ ਉਹੀ ਜਿਉਂਦਾ ਹੈ ਜੋ ਸਮੇਂ ਦੇ ਨਾਲ ਚਲਦਾ ਹੈ । ਸਮੇਂ ਦੇ ਨਾਲ ਚੱਲਣਾ ਕਿਸੇ ਕਿਸੇ ਨੂੰ ਆਉਂਦਾ ਹੈ। ਸਮਾਂ ਕਦੇ ਰੋਕਦਾ ਨਹੀਂ, ਇਹ ਨਿਰੰਤਰ ਚਲਦਾ ਰਹਿੰਦਾ ਹੈ । ਮਨ ਅੰਦਰ ਵੀ ਖਿਆਲ ਕਦੇ ਰੁਕਦੇ ਨਹੀਂ । ਕੁਝ ਪਲ ਲਈ ਜਰੂਰ ਠਹਿਰ ਜਾਂਦੇ ਹਨ ਪਰ ਠਹਿਰਿਆ ਮਨ ਬੁੱਝ ਜਾਂਦਾ ਹੈ। ਸਮਾਂ ਨਿਰੰਤਰ ਚਲਦਾ ਹੈ, ਮਨ ਵੀ ਨਿਰੰਤਰ ਬਿਨਾਂ ਖੌਫ, ਚਿੰਤਨ ਕਰਦਾ ਰਹਿੰਦਾ ਹੈ। ਚਿੰਤਨ ਉਹੀ ਕਰਦਾ ਹੈ ਜਿਸ ਨੂੰ ਆਪਣੇ ਆਲੇ ਦੁਆਲੇ ਦੀ ਚਿੰਤਾ ਹੋਵੇ। ਹਾਲਾਤ ਇਸ ਤਰ੍ਹਾਂ ਦੇ ਬਣਦੇ ਜਾ ਰਹੇ ਹਨ ਕਿ ਅਸੀਂ ਆਪੋ ਆਪਣੇ ਕੋਲ ਦੇ ਵਿੱਚ ਸਿਮਟਦੇ ਜਾ ਰਹੇ ਹਾਂ। ਸਾਨੂੰ ਆਪਣੇ ਪੈਰਾਂ ਅਤੇ ਸਿਰ ਤੋਂ ਬਗ਼ੈਰ ਹੋਰ ਕੁੱਝ ਦਿਖਦਾ ਹੀ ਨਹੀਂ ।

ਇਸੇ ਕਰਕੇ ਆਲੇ ਦੁਆਲੇ ਵਿੱਚੋਂ ਮੋਹ ਪਿਆਰ ਖੰਭ ਲਾ ਕੇ ਉੱਡ ਗਿਆ । ਜਿਲਦਾਂ ਵਾਲੀਆਂ ਕਿਤਾਬਾਂ ਦਾ ਤੁਹਾਨੂੰ ਲੇਖਕਾਂ ਦੇ ਲਾਇਬਰੇਰੀਆਂ ਵਿੱਚ ਮਿਲ ਜਾਣਗੀਆਂ ਪਰ ਬਗੈਰ ਜਿਲਦਾਂ ਵਾਲੀਆਂ ਕਿਤਾਬਾਂ ਸਾਡੇ ਕੋਲੋਂ ਦੂਰ ਜਾ ਰਹੀਆਂ ਹਨ । ਇਹ ਬਗੈਰ ਜਿਲਦਾਂ ਵਾਲੀਆਂ ਕਿਤਾਬਾਂ ਸਾਡੇ ਉਹ ਪੁਰਖੇ ਹਨ, ਜਿਨ੍ਹਾਂ ਨੇ ਜ਼ਿੰਦਗੀ ਦੀਆਂ ਤਲਖ ਹਕੀਕਤ ਨੂੰ ਆਪਣੇ ਜੀਵਨ ਦੇ ਨੰਗੇ ਪਿੰਡੇ ਉੱਤੇ ਲਿਖਿਆ ਹੈ। ਬਜ਼ੁਰਗ ਤਾਂ ਹੁਣ ਵੀ ਹਨ ਪਰ ਉਹਨਾਂ ਵਿੱਚ ਉਹਨਾਂ ਬਜ਼ੁਰਗਾਂ ਵਰਗਾ ਨਾ ਮੋਹ ਹੈ, ਨਾ ਤਜਰਬਾ ਹੈ। ਹੁਣ ਤਾਂ ਖਾਲੀ ਭਾਂਡੇ ਹਨ ਜੋ ਖੜਕਦੇ ਵਧੇਰੇ ਹਨ ਪਰ ਵਰਤੋਂ ਵਿੱਚ ਵੀ ਨਹੀਂ ਆਉਂਦੇ ।

ਉਹਨਾਂ ਦੀ ਹਾਲਤ ਕੰਸ ਉਤੇ ਰੱਖੇ ਉਹਨਾਂ ਭਾਂਡਿਆਂ ਵਰਗੀ ਹੈ, ਜਿਨ੍ਹਾਂ ਦੀ ਕਦੇ ਵੀ ਵਰਤੋਂ ਨਹੀਂ ਹੁੰਦੀ । ਉਹ ਸਿਰਫ ਤੇ ਤਿੱਥ ਤਿਉਹਾਰ ਨੂੰ ਸਾਫ ਕਰਕੇ ਰੱਖੇ ਜਾਂਦੇ ਹਨ। ਇਹੋ ਹਾਲਤ ਸਾਡੇ ਬਜ਼ੁਰਗਾਂ ਦੀ ਬਣ ਗਈ ਹੈ। ਉਹ ਵੀ ਸੋਅਕੇਸ਼ ਵਿੱਚ ਰੱਖਣ ਵਾਲੇ ਬਨਾਵਟੀ ਗੁਲਦਸਤੇ ਬਣ ਕੇ ਰਹਿ ਗਏ ਹਨ। ਅਸੀਂ ਵਿਖਾਵੇ ਵਾਲੀ ਜ਼ਿੰਦਗੀ ਦੇ ਆਗੂ ਬਣ ਕੇ ਰਹਿ ਹਾਂ, ਇਸੇ ਕਰਕੇ ਅਸੀਂ ਦੂਸਰੇ ਨੂੰ ਆਪਣੇ ਤੋਂ ਨੀਵਾਂ ਸਮਝਦੇ। ਲਿਖਣਾ ਤੇ ਪੜ੍ਹਨਾ ਸੌਖਾ ਕੰਮ ਨਹੀਂ ਬੜਾ ਔਖਾ ਕੰਮ ਹੈ। ਬੜਾ ਕੁਝ ਤਿਆਗਣਾ ਪੈਂਦਾ ਹੈ। ਬੜਾ ਕੁਝ ਗਵਾਉਣਾ ਤੇ ਦਬਾਉਣਾ ਪੈਂਦਾ ਹੈ। ਸਾਰੇ ਲੋਕ ਲੇਖਕ ਹੁੰਦੇ, ਤਾਂ ਆਪਾਂ ਪਾਠਕ ਨਾ ਹੁੰਦੇ । ਪਾਠਕਾਂ ਤੇ ਸਰੋਤਿਆਂ ਦਾ ਹੋਣਾ ਬਹੁਤ ਜਰੂਰੀ ਹੈ। ਇਹਨਾਂ ਦੋਹਾਂ ਦੀ ਸਾਂਝ ਵੀ ਜੇਕਰ ਬਣੀ ਰਹੇ ਤਾਂ ਬਹੁਤ ਕੁੱਝ ਸੁਧਰ ਜਾਂਦਾ ਹੈ ।

ਬਹੁਤਿਆਂ ਨੂੰ ਭਰਮ ਹੈ ਕਿ ਲਿਖਣਾ ਸੌਖਾ ਕੰਮ ਹੈ ਪਰ ਉਹ ਤਾਂ ਕਿਸੇ ਨੂੰ ਆਪਣੇ ਮਨ ਦੇ ਬਲਬਲੇ ਵੀ ਨਹੀਂ ਲਿਖ ਕੇ ਦੱਸ ਸਕਦੇ । ਅਸੀਂ ਪੜ੍ਹੇ ਲਿਖੇ ਅਨਪਾੜ ਆਂ, ਸਾਡੇ ਕੋਲ ਡਿਗਰੀਆਂ ਤਾਂ ਹਨ ਪਰ ਤਜਰਬਾ ਨਹੀਂ, ਬਗੈਰ ਤਜਰਬੇ ਦੇ ਅਸੀਂ ਆਪਣੇ ਆਪ ਨੂੰ ਉਸਤਾਦ ਕਹਾਉਂਦੇ ਹਾਂ। ਉਸਤਾਦ ਬਣਨ ਲਈ ਮਾਰਾਂ ਖਾਣੀਆਂ ਪੈਂਦੀਆਂ ਹਨ। ਮਾਰ ਉਹ ਖਾਂਦਾ ਹੈ ਜਿਸਨੇ ਕੁੱਝ ਸਿੱਖਣਾ ਹੋਵੇ। ਤੁਹਾਨੂੰ ਕੋਈ ਸਿਖਾ ਨਹੀਂ ਸਕਦਾ, ਸਿਖਣਾ ਖੁਦ ਪੈਂਦਾ ਹੈ। ਗਿਆਨ ਹਾਸਲ ਕਰਨ ਲਈ ਤਿਆਗ ਜ਼ਰੂਰੀ ਹੈ। ਪਾਉਣ ਲਈ ਕੁੱਝ ਗਵਾਉਣਾ ਪੈਂਦਾ ਹੈ।

ਬੁੱਧ ਸਿੰਘ ਨੀਲੋਂ

9464370823

ਸਾਂਝਾ ਕਰੋ

ਪੜ੍ਹੋ