ਰੂਸੀ ਫ਼ੌਜ ‘ਚ ਜਬਰਨ ਨੌਕਰੀ ਕਰਨ ਵਾਲੇ ਪੰਜਾਬੀ ਨੌਜਵਾਨ ਦੀ ਹੋਈ ਘਰ ਵਾਪਸੀ

ਅੰਮ੍ਰਿਤਸਰ, 11 ਅਪ੍ਰੈਲ – ਵਿਦੇਸ਼ਾਂ ਵਿਚ ਨੌਕਰੀ ਕਰਨ ਦੀ ਇੱਛਾ ਪੰਜਾਬੀਆਂ ਲਈ ਮੌਤ ਦੀ ਸਜ਼ਾ ਬਣਦੀ ਜਾ ਰਹੀ ਹੈ। ਅਜਨਾਲਾ ਦੇ ਪਿੰਡ ਜਗਦੇਵ ਖੁਰਦ ਦੇ ਨੌਜਵਾਨ ਜਿਸ ਕੋਲ ਸੈਲਾਨੀ ਵੀਜ਼ਾ ਸੀ, ਨੂੰ ਜ਼ਬਰਦਸਤੀ ਰੂਸੀ ਫੌਜ ਵਿਚ ਭਰਤੀ ਕਰ ਕੇ ਮੌਤ ਦੇ ਮੂੰਹ ਵਿਚ ਸੁੱਟ ਦਿੱਤਾ ਗਿਆ। ਇਹ ਚੰਗੀ ਕਿਸਮਤ ਸੀ ਕਿ ਇਹ ਨੌਜਵਾਨ ਪੰਜ ਮਹੀਨੇ ਰੂਸੀ ਫੌਜ ਵਿਚ ਨੌਕਰੀ ਕਰਨ ਅਤੇ ਦੋ ਮਹੀਨੇ ਜੇਲ੍ਹ ਵਿਚ ਬਿਤਾਉਣ ਤੋਂ ਬਾਅਦ ਸੁਰੱਖਿਅਤ ਘਰ ਪਹੁੰਚ ਗਿਆ।

ਪੀੜਤ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਹੀ ਪਿੰਡ ਦੇ ਇਕ ਨੌਜਵਾਨ ਦੇ ਕਹਿਣ ਤੇ ਸੈਲਾਨੀ ਵੀਜ਼ੇ ਤੇ ਰੂਸ ਗਿਆ ਸੀ ਪਰ ਜਦੋਂ ਉਹ ‘ਤੇ ਰੂਸ ਪਹੁੰਚੇ ਤਾਂ ਉਨ੍ਹਾਂ ਨੂੰ ਸਿੱਧੇ ਫੌਜ ਦੇ ਬੇਸ ਕੈਂਪ ਵਿਚ ਭੇਜ ਦਿੱਤਾ ਗਿਆ ਜਿੱਥੇ ਉਨ੍ਹਾਂ ਨੂੰ 20 ਤੋਂ 21 ਦਿਨਾਂ ਲਈ ਸਿਖਲਾਈ ਦਿੱਤੀ ਗਈ ਤੇ ਫਿਰ ਯੂਕਰੇਨ ਵਿਚ ਫਰੰਟ ਲਾਈਨਾਂ ਵਿਚ ਭੇਜਿਆ ਗਿਆ। ਸਰਬਜੀਤ ਸਿੰਘ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਉਸ ਨੂੰ ਵੀਜ਼ਾ ਦਿਵਾਇਆ ਸੀ, ਉਸ ਨੇ ਉਸ ਨੂੰ ਕਿਹਾ ਸੀ ਕਿ ਉੱਥੇ ਜਾ ਕੇ ਸਿਰਫ ਕੋਰੀਅਰ ਦਾ ਕੰਮ ਕਰਨਾ ਪਵੇਗਾ, ਜਿਸ ਲਈ ਉਸ ਨੂੰ 80 ਤੋਂ 85 ਹਜ਼ਾਰ ਰੁਪਏ ਮਹੀਨਾਵਾਰ ਤਨਖਾਹ ਮਿਲੇਗੀ ਪਰ ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸ ਨੂੰ ਸਿੱਧਾ ਫੌਜ ਵਿਚ ਭਰਤੀ ਕਰ ਲਿਆ ਗਿਆ। ਉਸ ਨੇ ਕਿਹਾ ਕਿ ਉਸ ਨੂੰ 30-35 ਘੰਟਿਆਂ ਬਾਅਦ ਹੀ ਖਾਣ ਲਈ ਥੋੜ੍ਹਾ ਜਿਹੇ ਚੌਲ ਦਿੱਤੇ ਜਾਂਦੇ ਤੇ ਪਾਣੀ ਵੀ ਕਦੇ-ਕਦਾਈਂ ਹੀ ਦਿੱਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਉਹ ਪੰਜ ਮਹੀਨੇ ਯੂਕਰੇਨ ਵਿਰੁੱਧ ਲੜੇ ਜਿਸ ਵਿਚ ਬਹੁਤ ਸਾਰੇ ਪੰਜਾਬੀ ਅਤੇ ਹੋਰ ਨੌਜਵਾਨ ਜ਼ਖ਼ਮੀ ਹੋਏ ਅਤੇ ਕਈ ਤਾਂ ਦਮ ਤੋੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਹੈ ਕਿ ਉਹ ਜ਼ਿੰਦਾ ਅਤੇ ਤੰਦਰੁਸਤ ਹੋ ਕੇ ਘਰ ਪਰਤ ਆਏ ਹਨ। ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਗਏ ਸਨ, ਤਾਂ ਉਨ੍ਹਾਂ ਨੇ ਇਹ ਮੁੱਦਾ ਚੁੱਕਿਆ ਸੀ ਕਿ ਉਨ੍ਹਾਂ ਦੇ ਮੁਲਕ ਦੇ ਨੌਜਵਾਨਾਂ ਨੂੰ ਦੇਸ਼ ਵਾਪਸ ਭੇਜਿਆ ਜਾਣਾ ਚਾਹੀਦਾ ਹੈ ਜਿੱਥੇ ਰੂਸੀ ਸਰਕਾਰ ਨੇ ਉਨ੍ਹਾਂ ਨੂੰ ਵਾਪਸ ਭੇਜਿਆ ਸੀ।

ਸਾਂਝਾ ਕਰੋ

ਪੜ੍ਹੋ